ਨਵੀਂ ਦਿੱਲੀ (ਏਜੰਸੀ) : ਪਿਛਲੇ ਹਫ਼ਤੇ ਸ਼ੇਅਰ ਬਾਜ਼ਾਰ ਦੀਆਂ ਸਭ ਤੋਂ ਵੰਡੀਆਂ ਕੰਪਨੀਆਂ ਵਿਚੋਂ ਸੱਤ ਨੇ ਆਪਣੇ ਬਾਜ਼ਾਰ ਪੂੰਜੀਕਰਨ ਵਿਚ 76,998.4 ਕਰੋੜ ਰੁਪਏ ਦਾ ਵਾਧਾ ਕੀਤਾ। ਇਸ ਵਿਚ ਟੀਸੀਐੱਸ ਦੇ ਬਾਜ਼ਾਰ ਮੁੱਲਾਂਕਣ ਵਿਚ ਸਭ ਤੋਂ ਜ਼ਿਆਦਾ ਵਾਧਾ ਹੋਇਆ। ਇਸ ਤੋਂ ਇਲਾਵਾ ਰਿਲਾਇੰਸ ਇੰਡਸਟਰੀਜ਼ (ਆਰਆਈਐੱਲ), ਐੱਚਯੂਐੱਲ, ਐੱਚਡੀਐੱਫਸੀ, ਆਈਟੀਸੀ, ਆਈਸੀਆਈਸੀਆਈ ਬੈਂਕ ਅਤੇ ਐੱਸਬੀਆਈ ਨੇ ਵੀ ਆਪਣੇ ਬਾਜ਼ਾਰ ਮੁੱਲਾਂਕਣ ਵਿਚ ਵਾਧਾ ਕੀਤਾ। ਜਦਕਿ ਐੱਚਡੀਐੱਫਸੀ ਬੈਂਕ, ਕੋਟਕ ਮਹਿੰਦਰਾ ਬੈਂਕ ਅਤੇ ਇਨਫੋਸਿਸ ਨੂੰ ਨੁਕਸਾਨ ਝੱਲਣਾ ਪਿਆ।

ਪਿਛਲੇ ਹਫ਼ਤੇ ਦੇ ਕਾਰੋਬਾਰ ਵਿਚ ਟੀਸੀਐੱਸ ਦਾ ਬਾਜ਼ਾਰ ਪੂੰਜੀਕਰਨ 25,403.64 ਕਰੋੜ ਰੁਪਏ ਵਧ ਕੇ 7,97,400.51 ਕਰੋੜ ਰੁਪਏ 'ਤੇ ਜਾ ਪੁੱਜਿਆ। ਇਸ ਤੋਂ ਇਲਾਵਾ ਆਰਆਈਐੱਲ ਦਾ ਬਾਜ਼ਾਰ ਪੂੰਜੀਕਰਨ 9,762.29 ਕਰੋੜ ਦੇ ਵਾਧੇ ਨਾਲ 9,06,941.76 ਕਰੋੜ ਹੋ ਗਿਆ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਦੀ ਇਸ ਕੰਪਨੀ ਨੇ ਸਭ ਤੋਂ ਵੱਡੀ ਕੰਪਨੀ ਦਾ ਦਰਜਾ ਬਰਕਰਾਰ ਰੱਖਿਅਆ ਹੈ। ਐੱਸਬੀਆਈ ਦੇ ਬਾਜ਼ਾਰ ਪੂੰਜੀਕਰਨ ਵਿਚ 10,664.91 ਕਰੋੜ ਰੁਪਏ ਦਾ ਵਾਧਾ ਹੋਇਆ। ਇਸ ਦੇ ਨਾਲ ਹੀ ਇਸ ਦਾ ਬਾਜ਼ਾਰ ਮੁੱਲਾਂਕਣ 2,51,317.06 ਕਰੋੜ ਰੁਪਏ ਦੇ ਪੱਧਰ 'ਤੇ ਪੁੁੱਜ ਗਿਆ।

ਪਿਛਲੇ ਹਫ਼ਤੇ ਸਭ ਤੋਂ ਜ਼ਿਆਦਾ ਨੁਕਸਾਨ ਆਈਟੀ ਕੰਪਨੀ ਇਨਫੋਸਿਸ ਨੂੰ ਚੁੱਕਣਾ ਪਿਆ। ਕੰਪਨੀ ਦੇ ਆਲਾ ਅਧਿਕਾਰੀਆਂ 'ਤੇ ਦੋਸ਼ ਲੱਗਣ ਤੋਂ ਬਾਅਦ ਇਸ ਦੇ ਸ਼ੇਅਰਾਂ ਵਿਚ 17 ਫ਼ੀਸਦੀ ਤਕ ਦੀ ਗਿਰਾਵਟ ਦੇਖੀ ਗਈ। ਇਸ ਕਾਰਨ ਕੰਪਨੀ ਦਾ ਪੂੰਜੀਕਰਨ 55,921.25 ਕਰੋੜ ਰੁਪਏ ਘਟ ਕੇ 2,73,830.43 ਕਰੋੜ ਰੁਪਏ ਰਹਿ ਗਿਆ। ਪਿਛਲੇ ਹਫ਼ਤੇ ਦੌਰਾਨ ਬੀਐੱਸਈ ਦੇ ਸੈਂਸੈਕਸ ਵਿਚ 240.32 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ।