ਮੁੰਬਈ (ਪੀਟੀਆਈ) : ਰੈਪੋ ਰੇਟ ਵਿਚ ਕਟੌਤੀ ਨਾ ਹੋਣ ਤੋਂ ਨਿਰਾਸ਼ ਸ਼ੇਅਰ ਬਾਜ਼ਾਰਾਂ 'ਤੇ ਹਫ਼ਤੇ ਦੇ ਆਖਰੀ ਕਾਰੋਬਾਰੀ ਸੈਸ਼ਨ ਵਿਚ ਸ਼ੁੱਕਰਵਾਰ ਨੂੰ ਮਾਯੂਸੀ ਹਾਵੀ ਰਹੀ। ਦਿਨ ਦੇ ਕਾਰੋਬਾਰ ਵਿਚ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ 50 ਸ਼ੇਅਰਾਂ ਵਾਲਾ ਮੁੱਖ ਸੂਚਕ ਅੰਕ ਨਿਫਟੀ 12 ਹਜ਼ਾਰ ਦੇ ਮਨੋਵਿਗਿਆਨਕ ਪੱਧਰ 'ਤੇ ਹੇਠਾਂ ਆ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲੇ ਮੁੱਖ ਸੂਚਕ ਅੰਕ ਸੈਂਸੈਕਸ ਵੀ 334.44 ਅੰਕਾਂ ਦੀ ਗਿਰਾਵਟ ਦਾ ਸ਼ਿਕਾਰ ਹੋਇਆ। ਕਾਰੋਬਾਰ ਦੇ ਅਖੀਰ ਵਿਚ ਸੈਂਸੈਕਸ 40,445.15 ਅੰਕ 'ਤੇ ਬੰਦ ਹੋਇਆ। ਨਿਫਟੀ 96.90 ਅੰਕ ਯਾਨੀ 0.81 ਫ਼ੀਸਦੀ ਟੁੱਟ ਕੇ 11,921.50 'ਤੇ ਸਥਿਤ ਹੋਇਆ।

ਸੈਂਸੈਕਸ ਪੈਕ ਵਿਚ ਸ਼ੁੱਕਰਵਾਰ ਨੂੰ ਸਭ ਤੋਂ ਜ਼ਿਆਦਾ ਦਬਾਅ ਨਿੱਜੀ ਖੇਤਰ ਦੇ ਕਰਜ਼ਦਾਤਾ ਯੈੱਸ ਬੈਂਕ ਦੇ ਸ਼ੇਅਰਾਂ 'ਤੇ ਦਿਸਿਆ। ਇਸ ਬੈਂਕ ਦੇ ਸ਼ੇਅਰ ਬੀਐੱਸਈ 'ਤੇ 9.82 ਫ਼ੀਸਦੀ ਯਾਨੀ 6.10 ਰੁਪਏ ਡਿੱਗ ਕੇ 56 ਰੁਪਏ ਦੇ ਪੱਧਰ 'ਤੇ ਰਹਿ ਗਏ। ਵੀਰਵਾਰ ਨੂੰ ਮੋਹਰੀ ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਸ ਸਰਵਿਸ ਨੇ ਬੈਂਕ ਦਾ ਆਊਟਲੁੁਕ ਘਟਾ ਕੇ 'ਨਕਾਰਾਤਮਕ' ਕਰ ਦਿੱਤਾ ਸੀ। ਰੇਟਿੰਗ 'ਤੇ ਇਸ ਦਬਾਅ ਕਾਰਨ ਸ਼ੁੱਕਰਵਾਰ ਨੂੰ ਬੈਂਕ ਦੇ ਸ਼ੇਅਰ ਕਾਫ਼ੀ ਡਿੱਗ ਗਏ।

ਸੈਂਸੈਕਸ ਵਿਚ ਸ਼ੁੱਕਰਵਾਰ ਨੂੰ ਐੱਸਬੀਆਈ, ਇੰਡਸਇੰਡ ਬੈਂਕ, ਟਾਟਾ ਮੋਟਰਜ਼, ਮਹਿੰਦਰਾ ਐਂਡ ਮਹਿੰਦਰਾ ਅਤੇ ਐੱਚਡੀਐੱਫਸੀ ਦੇ ਸ਼ੇਅਰ ਵੀ ਕਾਫ਼ੀ ਟੁੱਟ ਗਏ। ਦੂਜੇ ਪਾਸੇ ਕੋਟਕ ਬੈਂਕ, ਟਾਟਾ ਸਟੀਲ, ਆਰਆਈਐੱਲ, ਏਸ਼ੀਅਨ ਪੇਂਟਸ, ਟੀਸੀਐੱਸ, ਇੰਫੋਸਿਸ ਅਤੇ ਐੱਚਡੀਐੱਫਸੀ ਬੈਂਕ ਦੇ ਸ਼ੇਅਰਾਂ ਵਿਚ ਸੁਧਾਰ ਦੇਖਿਆ ਗਿਆ।

ਸ਼ੁੱਕਰਵਾਰ ਨੂੰ ਸਰਾਫ਼ਾ ਬਾਜ਼ਾਰ ਵਿਚ ਸੋਨਾ 26 ਰੁਪਏ ਡਿੱਗ ਕੇ 38,895 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਸਥਿਰ ਹੋਇਆ। ਹਾਲਾਂਕਿ ਚਾਂਦੀ ਵਿਚ ਥੋੜ੍ਹਾ ਜਿਹਾ ਸੁਧਾਰ ਦੇਖਿਆ ਗਿਆ ਅਤੇ ਇਹ ਕਾਰੋਬਾਰ ਦੇ ਅਖੀਰ ਵਿਚ 52 ਰੁਪਏ ਚੜ੍ਹ ਕੇ 45,547 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਤੇ ਸਥਿਰ ਹੋਈ।