ਨਵੀਂ ਦਿੱਲੀ (ਏਜੰਸੀ) : ਚਾਲੂ ਵਿੱਤੀ ਸਾਲ ਵਿਚ ਹੁਣ ਤਕ ਛੋਟੇ ਅਤੇ ਵਿਚਕਾਰਲੇ ਪੱਧਰ ਦੇ ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ ਹੈ। ਅਪ੍ਰੈਲ ਤੋਂ ਬਾਅਦ ਤੋਂ ਬੀਐੱਸਈ ਦੇ ਸਮਾਲਕੈਪ ਅਤੇ ਮਿਡਕੈਪ ਅੰਕੜਿਆਂ ਵਿਚ 15.42 ਫ਼ੀਸਦੀ ਤਕ ਦੀ ਗਿਰਾਵਟ ਦਿਸ ਚੁੱਕੀ ਹੈ। ਬਲੂਚਿਪ ਸ਼ੇਅਰਾਂ ਦੀ ਤੁਲਨਾ ਵਿਚ ਇਨ੍ਹਾਂ ਕੰਪਨੀਆਂ ਦੇ ਸ਼ੇਅਰ ਤੇਜ਼ੀ ਨਾਲ ਡਿੱਗੇ ਹਨ। ਵਿਸ਼ਲੇਸ਼ਕਾਂ ਮੁਤਾਬਕ ਚਾਲੂ ਵਿੱਤੀ ਸਾਲ ਵਿਚ ਬੀਐੱਸਈ ਸਮਾਲ ਕੈਪ ਇੰਡਕੈਸ ਵਿਚ 2, 317.4 ਅੰਕ ਜਾਂ 15.42 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ। ਇਸ ਦੌਰਾਨ ਮਿਡਕੈਪ ਇੰਡੈਕਸ 1,985 ਅੰਕ ਜਾਂ 12.82 ਫ਼ੀਸਦੀ ਤਕ ਡਿੱਗ ਗਿਆ ਹੈ।

ਹਾਲਾਂਕਿ ਇਸ ਮਿਆਦ ਵਿਚ ਬੀਐੱਸਈ ਦੇ ਬੈਂਚਮਾਰਕ ਇੰਡੈਕਸ ਮਤਲਬ ਸੈਂਸੈਕਸ ਵਿਚ ਸਮਾਲ ਜਾਂ ਮਿਡਕੈਪ ਜਿੰਨੀ ਨਿਰਾਸ਼ਾਜਨਕ ਸਥਿਤੀ ਨਹੀਂ ਰਹੀ। ਚਾਲੂ ਵਿੱਤ ਸਾਲ ਵਿਚ ਹੁਣ ਤਕ 30 ਸ਼ੇਅਰਾਂ ਵਾਲੇ ਸੈਂਸੈਕਸ ਵਿਚ 1,527.46 ਅੰਕ ਮਤਲਬ 3.94 ਫ਼ੀਸਦੀ ਦੀ ਹੀ ਗਿਰਾਵਟ ਝਲਕੀ ਹੈ। ਪਿਛਲੀ 23 ਅਗਸਤ ਨੂੰ ਮਿਡਕੈਪ 12,914.63 ਅੰਕ ਦੇ ਹੇਠਲੇ ਪੱਧਰ 'ਤੇ ਪੁੱਜ ਗਿਆ ਜੋ 52 ਹਫ਼ਤੇ ਦੀ ਸਭ ਤੋਂ ਵੱਡੀ ਗਿਰਾਵਟ ਸੀ। ਇਸ ਦਿਨ ਸਮਾਲ ਕੈਪ 11,950.86 ਅੰਕ ਦੇ ਨਾਲ ਇਕ ਸਾਲ ਦੇ ਹੇਠਲੇ ਪੱਧਰ 'ਤੇ ਚਲਾ ਗਿਆ।

ਮਾਹਿਰਾਂ ਮੁਤਾਬਕ ਸੁਪਰ ਰਿਚ ਲੋਕਾਂ ਅਤੇ ਐੱਫਪੀਆਈ 'ਤੇ ਜ਼ਿਆਦਾ ਟੈਕਸ ਅਤੇ ਆਟੋ ਸੈਕਟਰ ਵਿਚ ਮੰਦੀ ਕਾਰਨ ਨਿਵੇਸ਼ਕਾਂ ਵਿਚ ਨਿਰਾਸ਼ਾ ਦੇਖੀ ਗਈ। ਇਸ ਤੋਂ ਇਲਾਵਾ ਗਲੋਬਲ ਪੱਧਰ ਟ੍ਰੇਡ ਵਾਰ ਵਰਗੇ ਮੁੱਦਿਆਂ ਕਾਰਨ ਵੀ ਨਿਵੇਸ਼ਕਾਂ ਦਾ ਹੌਸਲਾ ਕਮਜ਼ੋਰ ਹੋਇਆ। ਇਸ ਦੌਰਾਨ ਸਭ ਤੋਂ ਜ਼ਿਆਦਾ ਨੁਕਸਾਨ ਸਮਾਲ ਸਟਾਕਸ ਨੂੰ ਚੁੱਕਣਾ ਪਿਆ। ਜਾਣਕਾਰਾਂ ਮੁਤਾਬਕ ਸਮਾਲ ਸਟਾਕ ਵਿਚ ਜ਼ਿਆਦਾਤਰ ਘਰੇਲੂ ਨਿਵੇਸ਼ਕ ਕੀਤਾ ਜਾਂਦਾ ਹੈ। ਉਥੇ ਵਿਦੇਸ਼ੀ ਨਿਵੇਸ਼ਕ ਫਰੰਟਲਾਈਨ ਕੰਪਨੀਆਂ ਵਿਚ ਨਿਵੇਸ਼ ਨੂੰ ਪਹਿਲ ਦਿੰਦਾ ਹੈ।

ਮੁਹੱਰਮ ਦੇ ਮੌਕੇ 'ਤੇ ਬਾਜ਼ਾਰ ਬੰਦ ਰਹੇ

ਮੁੰਬਈ (ਏਜੰਸੀ) : ਮੰਗਲਵਾਰ ਨੂੰ ਮੁਹੱਰਮ ਦੇ ਮੌਕੇ 'ਤੇ ਘਰੇਲੂ ਬਾਜ਼ਾਰ ਬੰਦ ਰਹੇ। ਛੁੱਟੀ ਕਾਰਨ ਫੋਰੇਕਸ ਅਤੇ ਕਮੋਡਿਟੀ ਮਾਰਕੀਟ ਵੀ ਬੰਦ ਰਹੀ। ਮੈਟਲ ਅਤੇ ਸਰਾਫਾ ਬਾਜ਼ਾਰ ਵਿਚ ਵੀ ਕੋਈ ਕਾਰੋਬਾਰ ਨਹੀਂ ਹੋਇਆ। ਪਿਛਲੇ ਕਾਰੋਬਾਰੀ ਸੈਸ਼ਨ ਮਤਲਬ ਸੋਮਵਾਰ ਨੂੰ ਪ੍ਰਮੁੱਖ ਸ਼ੇਅਰ ਬਾਜ਼ਾਰ ਲਗਾਤਾਰ ਚੌਥੇ ਦਿਨ ਬੜ੍ਹਤ ਦੇ ਨਾਲ ਬੰਦ ਹੋਏ। ਇਸ ਦੌਰਾਨ ਐੱਨਐੱਸਈ ਦਾ 50 ਸ਼ੇਅਰਾਂ ਵਾਲਾ ਨਿਫਟੀ 11,000 ਅੰਕ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰ ਗਿਆ। ਕਾਰੋਬਾਰ ਦੇ ਆਖਰ ਵਿਚ ਨਿਫਟੀ 56.85 ਅੰਕ ਮਤਲਬ 0.52 ਅੰਕ ਉਛਲ ਕੇ 11, 003.05 ਅੰਕ 'ਤੇ ਬੰਦ ਹੋਇਆ। ਸੋਮਵਾਰ ਨੂੰ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 163.68 ਅੰਕ ਮਤਲਬ 0.44 ਫੀਸਦੀ ਮਜ਼ਬੂਤ ਹੋ ਕੇ 37,145.45 ਅੰਕ 'ਤੇ ਬੰਦ ਹੋਇਆ।