ਨਵੀਂ ਦਿੱਲੀ : ਅਨਿਲ ਅੰਬਾਨੀ ਕੰਟਰੋਲ ਰਿਲਾਇੰਸ ਗਰੁੱਪ ਨੇ ਸ਼ਨਿਚਰਵਾਰ ਨੂੰ ਕਿਹਾ ਹੈ ਕਿ ਉਹ ਸ਼ੇਅਰਧਾਰਕਾਂ ਦੇ ਹਿੱਤਾਂ ਦੀ ਰੱਖਿਆ ਲਈ ਸਾਰੇ ਯੋਗ ਕਾਨੂੰਨੀ ਕਦਮ ਚੁੱਕਣ ਜਾ ਰਿਹਾ ਹੈ। ਗਰੁੱਪ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਉਸ ਦੀਆਂ ਤਿੰਨ ਸਹਾਇਕ ਇਕਾਈਆਂ ਦੇ ਬੋਰਡ ਦੀ ਬੈਠਕ ਹੋਈ, ਜਿਸ 'ਚ ਐੱਲਐਂਡਟੀ ਫਾਈਨਾਂਸ ਤੇ ਐਡਲਵਾਈਜ਼ ਗਰੁੱਪ ਖ਼ਿਲਾਫ਼ ਕਾਨੂੰਨੀ ਕਦਮ ਚੁੱਕਣ ਦਾ ਫ਼ੈਸਲਾ ਲਿਆ ਗਿਆ। ਰਿਲਾਇੰਸ ਕੈਪੀਟਲ ਰਿਲਾਇੰਸ ਇਨਫਰਾਸਟਰੱਕਚਰ ਤੇ ਰਿਲਾਇੰਸ ਪਾਵਰ ਦੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਵੱਖ-ਵੱਖ ਜਾਣਕਾਰੀ 'ਚ ਦੱਸਿਆ ਕਿ ਸ਼ਨਿਚਰਵਾਰ ਨੂੰ ਉਨ੍ਹਾਂ ਦੇ ਨਿਰਦੇਸ਼ਕ ਬੋਰਡ ਦੀ ਬੈਠਕ ਹੋਈ, ਜਿਸ 'ਚ ਪਿਛਲੇ ਹਫ਼ਤੇ ਦੇ ਘਟਨਾਕ੍ਰਮਾਂ 'ਤੇ ਵਿਚਾਰ ਕੀਤਾ ਗਿਆ। ਰਿਲਾਇੰਸ ਕੈਪੀਟਲ ਨੇ ਕਿਹਾ ਕਿ ਪਿਛਲੇ ਹਫ਼ਤੇ ਦੇ ਘਟਨਾਕ੍ਰਮ ਨਾਲ ਕੰਪਨੀ ਦੇ ਸੱਤ ਲੱਖ ਸ਼ੇਅਰਧਾਰਕਾਂ ਨੂੰ ਨੁਕਸਾਨ ਪੁੱਜਾ ਹੈ।

ਕੀ ਹੋਇਆ ਪਿਛਲੇ ਹਫ਼ਤੇ

ਚਾਰ ਫਰਵਰੀ ਨੂੰ ਰਿਲਾਇੰਸ ਏਡੀਏਜੀ ਗਰੁੱਪ ਕੰਪਨੀਆਂ ਦੇ ਸ਼ੇਅਰਾਂ 'ਚ ਜਬਰਦਸਤ ਗਿਰਾਵਟ ਆਈ ਸੀ। ਉਸ ਮਗਰੋਂ ਕੰਪਨੀ ਦੀਆਂ ਸਹਾਇਕ ਇਕਾਈਆਂ ਦੇ ਸ਼ੇਅਰ ਲਗਾਤਾਰ ਟੁੱਟਦੇ ਚਲੇ ਗਏ। ਸ਼ਨਿਚਰਵਾਰ ਦੇ ਬਿਆਨ ਮੁਤਾਬਕ ਰਿਲਾਇੰਸ ਕੈਪੀਟਲ ਦੇ ਸੱਤ ਲੱਖ, ਰਿਲਾਇੰਸ ਪਾਵਰ ਦੇ 31.75 ਲੱਖ ਤੇ ਰਿਲਾਇੰਸ ਇਨਫਰਾਸਟਰੱਕਚਰ ਦੇ ਅੱਠ ਲੱਖ ਰਿਟੇਲ ਸ਼ੇਅਰ ਧਾਰਕਾਂ ਨੂੰ ਵੱਡਾ ਨੁਕਸਾਨ ਝੇਲਣਾ ਪਿਆ ਹੈ। ਰਿਲਾਇੰਸ ਗਰੁੱਪ ਦਾ ਕਹਿਣਾ ਹੈ ਕਿ ਗਰੁੱਪ ਦੇ 72 ਲੱਖ ਸੰਸਥਾਗਤ ਤੇ ਰਿਟੇਲ ਨਿਵੇਸ਼ਕ ਪ੍ਭਾਵਿਤ ਹੋਏ ਹਨ।

ਕਿਉਂ ਡਿੱਗੇ ਸਨ ਸ਼ੇਅਰ

ਗ਼ੈਰ ਬੈਂਕਿੰਗ ਫਾਈਨਾਂਸ ਕੰਪਨੀਆਂ (ਐੱਨਬੀਐੱਫਸੀ) ਐੱਲਐਂਡਟੀ ਫਾਈਨਾਂਸ ਤੇ ਐਡਲਵਾਈਜ਼ ਗਰੁੱਪ ਨੇ ਰਿਲਾਇੰਸ ਏਡੀਏਜੀ ਗਰੁੱਪ ਦੇ ਗਿਰਵੀ ਰੱਖੇ ਸ਼ੇਅਰ ਵੇਚ ਲਏ। ਸ਼ੁੱਕਰਵਾਰ ਨੂੰ ਰਿਲਾਇੰਸ ਗਰੁੱਪ ਨੇ ਦੋਸ਼ ਲਗਾਇਆ ਕਿ ਐੱਲਐਂਡਟੀ ਫਾਈਨਾਂਸ ਸਮੇਤ ਐਡਲਵਾਈਜ਼ ਗਰੁੱਪ ਦੀਆਂ ਕੁਝ ਇਕਾਈਆਂ ਨੇ ਚਾਰ ਤੋਂ ਸੱਤ ਫਰਵਰੀ ਵਿਚਾਲੇ ਖੁੱਲ੍ਹੇ ਬਾਜ਼ਾਰ 'ਚ ਉਸ ਦੀਆਂ ਇਕਾਈਆਂ ਦੇ ਲਗਪਗ 400 ਕਰੋੜ ਰੁਪਏ ਮੁੱਲ ਦੇ ਸ਼ੇਅਰ ਵੇਚ ਲਏ। ਰਿਲਾਇੰਸ ਗਰੁੱਪ ਨੇ ਕਿਹਾ ਕਿ ਉਸ ਦੇ ਬਾਜ਼ਾਰ ਪੂੰਜੀਕਰਨ 'ਚ ਸਿਰਫ ਚਾਰ ਦਿਨਾਂ 'ਚ 13000 ਕਰੋੜ ਰੁਪਏ ਦੀ ਗਿਰਾਵਟ ਆਈ ਹੈ। ਹਾਲਾਂਕਿ ਐੱਲਐਂਡਟੀ ਫਾਈਨਾਂਸ ਤੇ ਐਡਲਵਾਈਜ਼ ਗਰੁੱਪ ਨੇ ਕਿਹਾ ਕਿ ਮੈਚੁਰਿਟੀ ਮਿਆਦ ਪੂਰੀ ਹੋਣ ਦੇ ਬਾਵਜੂਦ ਰਿਲਾਇੰਸ ਗਰੁੱਪ ਕੰਪਨੀਆਂ ਆਪਣੇ ਗਿਰਵੀ ਰੱਖੇ ਸ਼ੇਅਰ ਦਾ ਮੁਨਾਫਾ ਲੈਣ ਦੀ ਹਾਲਤ 'ਚ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਇਹ ਸ਼ੇਅਰ ਵੇਚਣੇ ਪਏ। ਐਡਲਵਾਈਜ਼ ਗਰੁੱਪ ਦਾ ਕਹਿਣਾ ਸੀ ਕਿ ਉਹ ਗਿਰਵੀ ਰੱਖੇ ਸ਼ੇਅਰਾਂ ਦੇ ਮਾਮਲੇ 'ਚ ਗੱਲਬਾਤ ਲਈ ਰਿਲਾਇੰਸ ਏਡੀਏਜੀ ਗਰੁੱਪ ਕੋਲ ਕਈ ਵਾਰ ਗਿਆ ਸੀ, ਪਰ ਉਸ ਨੂੰ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਿਆ।