ਮੁੰਬਈ (ਪੀਟੀਆਈ) : ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫਪੀਆਈ) ਨੂੰ ਟੈਕਸ 'ਤੇ ਰਾਹਤ ਨਾ ਮਿਲਣ ਨਾਲ ਸ਼ੇਅਰ ਬਾਜ਼ਾਰਾਂ 'ਚ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਜਾਰੀ ਰਹੀ। ਬੀਐੱਸਈ ਦਾ ਸੈਂਸੈਕਸ 560.45 ਅੰਕਾਂ ਦੀ ਗਿਰਾਵਟ ਨਾਲ 38,337.01 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 177.65 ਅੰਕਾਂ ਦੀ ਗਿਰਾਵਟ ਨਾਲ 11,419.25 'ਤੇ ਬੰਦ ਹੋਇਆ। ਇਸ ਸਾਲ ਸੈਂਸੈਕਸ 'ਚ ਇਹ ਦੂਜੀ ਸਭ ਤੋਂ ਵੱਡੀ ਗਿਰਾਵਟ ਹੈ। ਬਜਟ ਪੇਸ਼ ਹੋਣ ਤੋਂ ਬਾਅਦ 8 ਜੁਲਾਈ ਨੂੰ ਸੈਂਸੈਕਸ 'ਚ 792.82 ਅੰਕਾਂ ਦੀ ਗਿਰਾਵਟ ਰਹੀ ਸੀ। ਹਫ਼ਤੇ ਭਰ ਦੇ ਕਾਰੋਬਾਰ 'ਚ ਸੈਂਸੈਕਸ ਕੁਲ 399.22 ਅੰਕ ਅਤੇ ਨਿਫਟੀ ਕੁਲ 133.25 ਅੰਕ ਡਿੱਗੇ। ਸੈਂਸੈਕਸ 'ਚ ਮਹਿੰਦਰਾ ਐਂਡ ਮਹਿੰਦਰਾ 'ਚ ਸਭ ਤੋਂ ਜ਼ਿਆਦਾ 4.36 ਫ਼ੀਸਦੀ ਦੀ ਗਿਰਾਵਟ ਰਹੀ।