ਮੁੰਬਈ (ਪੀਟੀਆਈ) : ਰਿਲਾਇੰਸ ਇੰਡਸਟ੍ਰੀਜ਼, ਲਾਰਸਨ ਐਂਡ ਟੁਬਰੋ ਤੇ ਬਜਾਜ ਫਾਈਨਾਂਸ 'ਚ ਖ਼ਰੀਦਦਾਰੀ ਵਧਣ ਨਾਲ ਬੀਐੱਸਈ ਦੇ ਸੈਂਸੇਕਸ 'ਚ ਦੋ ਦਿਨਾਂ ਤੋਂ ਜਾਰੀ ਗਿਰਾਵਟ 'ਤੇ ਮੰਗਲਵਾਰ ਨੂੰ ਬ੍ਰੇਕ ਲੱਗ ਗਈ ਤੇ 30 ਸ਼ੇਅਰਾਂ ਵਾਲੇ ਸੂਚਕਅੰਕ 'ਚ ਮਾਮੂਲੀ ਤੇਜ਼ੀ ਦਰਜ ਕੀਤੀ ਗਈ। ਸੈਂਸੇਕਸ 10.25 ਅੰਕਾਂ ਦੀ ਤੇਜ਼ੀ ਨਾਲ 38,730.82 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ ਹਾਲਾਂਕਿ 2.70 ਅੰਕਾਂ ਦੀ ਗਿਰਾਵਟ ਨਾਲ 11,555.90 'ਤੇ ਬੰਦ ਹੋਇਆ।

ਸੈਂਸੇਕਸ 'ਚ ਬਜਾਜ ਫਾਈਨਾਂਸ 'ਚ ਸਭ ਤੋਂ ਵੱਧ 5.52 ਫ਼ੀਸਦੀ ਤੇਜ਼ੀ ਰਹੀ। ਸਨ ਫਾਰਮਾ 'ਚ 5.28 ਫ਼ੀਸਦੀ, ਹੀਰੋ ਮੋਟੋਕਾਰਪ 'ਚ 3.14 ਫ਼ੀਸਦੀ, ਲਾਸਰਨ ਐਂਡ ਟੁਬਰੋ ਤੇ ਰਿਲਾਇੰਸ ਇੰਡਸਟ੍ਰੀਜ਼ 'ਚ ਦੋ ਫ਼ੀਸਦੀ ਤੋਂ ਵੱਧ ਤੇ ਭਾਰਤੀ ਏਅਰਟੈੱਲ, ਪਾਵਰ ਗਿ੍ਡ, ਇੰਡਸਇੰਡ ਬੈਂਕ ਤੇ ਐੱਸਬੀਆਈ 'ਚ ਇਕ ਫ਼ੀਸਦੀ ਤੋਂ ਜ਼ਿਆਦਾ ਤੇਜ਼ੀ ਰਹੀ। ਦੂਜੇ ਪਾਸੇ ਟੀਸੀਐੱਸ ਦਾ ਤਿਮਾਹੀ ਨਤੀਜਾ ਜਾਰੀ ਹੋਣ ਤੋਂ ਪਹਿਲਾਂ ਉਸ ਦੇ ਸ਼ੇਅਰਾਂ 'ਚ ਸਭ ਤੋਂ ਵੱਧ 2.05 ਫ਼ੀਸਦੀ ਗਿਰਾਵਟ ਰਹੀ। ਯਸ ਬੈਂਕ, ਐੱਚਸੀਐੱਲ ਟੈੱਕ, ਆਈਟੀਸੀ, ਏਸ਼ੀਅਨ ਪੇਂਟਸ, ਮਾਰੂਤੀ ਸਜ਼ੂਕੀ, ਐੱਚਡੀਐੱਫਸੀ, ਐੱਚਡੀਐੱਫਸੀ ਬੈਂਕ ਤੇ ਕੋਟਕ ਮਹਿੰਦਰਾ ਬੈਂਕ 'ਚ ਇਕ ਫ਼ੀਸਦੀ ਤੋਂ ਜ਼ਿਆਦਾ ਗਿਰਾਵਟ ਰਹੀ। ਬੀਐੱਸਈ 'ਤੇ ਟਾਈਟਨ ਕੰਪਨੀ ਲਿਮਟਿਡ ਦੇ ਸ਼ੇਅਰਾਂ 'ਚ 12.26 ਫ਼ੀਸਦੀ ਗਿਰਾਵਟ ਰਹੀ। ਕੰਪਨੀ ਨੇ ਕਿਹਾ ਕਿ ਜੂਨ 'ਚ ਸੋਨੇ ਦੀ ਕੀਮਤ 'ਚ ਭਾਰੀ ਉਛਾਲ ਨਾਲ ਉਸ ਨੂੰ ਮੰਗ 'ਚ ਕਮੀ ਦਾ ਸਾਹਮਣਾ ਕਰਨਾ ਪਿਆ ਹੈ। ਸੈਕਟਰਾਂ ਦੇ ਲਿਹਾਜ਼ ਨਾਲ ਬੀਐੱਸਈ ਦੇ ਰਿਅਲਟੀ ਸੈਕਟਰ 'ਚ ਸਭ ਤੋਂ ਵੱਧ 2.81 ਫ਼ੀਸਦੀ ਤੇਜ਼ੀ ਰਹੀ। ਦੂਜੇ ਪਾਸੇ ਕੰਜ਼ਿਊਮਰ ਡਿਊਰੇਬਲਸ 'ਚ ਸਭ ਤੋਂ ਵੱਧ 6.76 ਫ਼ੀਸਦੀ ਗਿਰਾਵਟ ਰਹੀ। ਬੀਐੱਸਈ ਦੇ ਮਿਡਕੈਪ ਸੂਚਕਅੰਕ 'ਚ 0.63 ਫ਼ੀਸਦੀ ਤੇ ਸਮਾਲਕੈਪ 'ਚ 0.05 ਫ਼ੀਸਦੀ ਤੇਜ਼ੀ ਰਹੀ।

ਜਿਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਰਿਸਰਚ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਅਰਥਚਾਰੇ 'ਚ ਅਸਲ ਵਿਕਾਸ ਦੀ ਕਮੀ ਤੇ ਸ਼ੇਅਰਾਂ ਦੇ ਭਾਅ ਉੱਚ ਪੱਧਰ 'ਤੇ ਹੋਣ ਕਾਰਨ ਬਾਜ਼ਾਰ 'ਚ ਦਬਾਅ ਨਜ਼ਰ ਆ ਰਿਹਾ ਹੈ। ਏਸ਼ੀਆ ਦੇ ਹੋਰਨਾਂ ਪ੍ਰਮੁੱਖ ਬਾਜ਼ਾਰਾਂ 'ਚ ਸ਼ੰਘਾਈ ਕੰਪੋਜ਼ਿਟ ਇੰਡੈਕਸ, ਹੈਂਗਸੇਂਗ ਤੇ ਕੋਸਪੀ 'ਚ ਗਿਰਾਵਟ ਦਰਜ ਕੀਤੀ ਗਈ, ਜਦਕਿ ਨਿੱਕੇਈ 'ਚ ਤੇਜ਼ੀ ਰਹੀ। ਯੂਰਪੀ ਬਾਜ਼ਾਰਾਂ 'ਚ ਵੀ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਦਾ ਮਾਹੌਲ ਵੇਖਿਆ ਗਿਆ।