ਮੁੰਬਈ : ਜੈੱਟ ਏਅਰਵੇਜ਼ ਨੂੰ ਖ਼ਰੀਦਣ ਲਈ ਡਾਰਵਿਨ ਗਰੁੱਪ ਨੇ 14,000 ਕਰੋੜ ਰੁਪਏ ਦੀ ਸ਼ਰਤਾਂ ਰਹਿਤ ਬੋਲੀ ਜਮ੍ਹਾਂ ਕੀਤੀ ਹੈ। ਇਸ 'ਤੇ ਚਰਚਾ ਕਰਨ ਲਈ ਗਰੁੱਪ ਦੇ ਉੱਚ ਪ੍ਰਬੰਧਨ ਅਧਿਕਾਰੀਆਂ ਨੇ ਬੁੱਧਵਾਰ ਨੂੰ ਐੱਸਬੀਆਈ ਕੈਪੀਟਲ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਗਰੁੱਪ ਦੇ ਸੀਈਓ ਰਾਹੁਲ ਗਨਪੁਲੇ ਨੇ ਕਿਹਾ ਕਿ ਉਸ ਦੇ ਸਮੂਹ ਨੇ ਸੰਕਟਗ੍ਸਤ ਏਅਰਲਾਈਨ ਕੰਪਨੀ ਨੂੰ ਖ਼ਰੀਦਣ ਲਈ ਅੱਠ ਮਈ ਨੂੰ ਬੋਲੀ ਜਮ੍ਹਾਂ ਕੀਤੀ ਸੀ।

ਡਾਰਵਿਨ ਪਲੇਟਫਾਰਮ ਗਰੁੱਪ ਆਫ਼ ਕੰਪਨੀਜ਼ ਨੇ ਦਾਅਵਾ ਕੀਤੀ ਹੈ ਕਿ ਆਇਲ ਐਂਡ ਗੈਸ ਤੇ ਰਿਆਲਿਟੀ ਸਮੇਤ ਕਈ ਖੇਤਰਾਂ 'ਚ ਉਸ ਨੇ ਨਿਵੇਸ਼ ਕੀਤਾ ਹੈ। ਗੁਨਪੁਲੇ ਨੇ ਕਿਹਾ ਕਿ ਐੱਸਬੀਆਈ ਕੈਪਿਟਲ ਨੇ ਸਾਨੂੰ ਚਰਚਾ ਲਈ ਬੁਲਾਇਆ ਹੈ। ਅਸੀਂ ਜੈੱਟ ਏਅਰਵੇਜ਼ ਦੀਆਂ ਦੇਣਦਾਰੀਆਂ ਤੇ ਜਾਇਦਾਦਾਂ ਦੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਾਂ। ਕੰਪਨੀ ਨੇ ਬੋਲੀ ਲਗਾਉਣ ਤੋਂ ਪਹਿਲਾਂ ਸ਼ੁਰੂਆਤੀ ਜਾਂਚ ਪੜਤਾਲ ਕਰ ਲਈ ਸੀ, ਪਰ ਕਈ ਸੂਚਨਾਵਾਂ ਜਨਤਕ ਤੌਰ 'ਤੇ ਉਪਲਬਧ ਨਹੀਂ ਹੈ। ਐੱਸਬੀਆਈ ਕੈਪਿਟਲ ਤੋਂ ਬੇਨਤੀ ਕੀਤੀ ਗਈ ਹੈ ਕਿ ਉਹ ਏਅਰਲਾਈਨ ਕੰਪਨੀ ਦੀਆਂ ਦੇਣਦਾਰੀਆਂ ਬਾਰੇ ਹੋਰ ਜ਼ਿਆਦਾ ਬਿਊਰਾ ਦੇਣ।

ਐੱਸਬੀਆਈ ਦੀ ਅਗਵਾਈ ਵਾਲੇ ਸੱਤ ਕਰਜ਼ਦਾਤਾਵਾਂ ਦੇ ਸਮੂਹ ਦੀ ਜੈੱਟ ਏਅਰਵੇਜ਼ 'ਚ 51 ਫ਼ੀਸਦੀ ਹਿੱਸੇਦਾਰੀ ਹੈ ਤੇ ਉਸ ਨੇ ਏਅਰਲਾਈਨ ਕੰਪਨੀ ਦੀਆਂ 75 ਫ਼ੀਸਦੀ ਤਕ ਹਿੱਸੇਦਾਰੀ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਏਅਰਲਾਈਨ ਕੰਪਨੀ 'ਤੇ ਕਰਜ਼ਦਾਤਾਵਾਂ ਦਾ 8,000 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ। ਜੈੱਟ ਏਅਰਵੇਜ਼ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਸ ਦੇ ਚਾਰ ਟਾਪ ਅਧਿਕਾਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਵਾਲੇ ਇਨ੍ਹਾਂ ਅਧਿਕਾਰੀਆਂ 'ਚ ਸੀਈਓ ਵਿਨੇ ਦੁਬੇ, ਡਿਪਟੀ ਸੀਈਓ ਅਮਿਤ ਅਗਰਵਾਲ, ਕੰਪਨੀ ਸੈਕਟਰੀ ਤੇ ਕੰਪਲਾਇਨਜ਼ ਅਧਿਕਾਰੀ ਕੁਲਦੀਪ ਸ਼ਰਮਾ ਤੇ ਚੀਫ ਪੀਪੁਲ ਅਫ਼ਸਰ ਰਾਹੁਲ ਤਨੇਜਾ ਸ਼ਾਮਲ ਹਨ।

ਗੁਨਪੁਲੇ ਨੇ ਕਿਹਾ ਕਿ ਸ਼ਰਤਾਂ ਤਹਿਤ ਬੋਲੀ ਲਗਾਉਣ ਵਾਲੇ ਨੂੰ ਅਸਲੀ ਸੂਚਨਾ ਹਾਸਲ ਕਰਨ ਦੀ ਸਹੂਲਤ ਦਿੱਤੀ ਗਈ ਹੈ। ਇਹ ਸਹੂਲਤ ਸ਼ਰਤਾਂ ਰਹਿਤ ਬੋਲੀ ਲਗਾਉਣ ਵਾਲੇ ਨੂੰ ਨਹੀਂ ਮਿਲਦੀ ਹੈ। ਕਰਜ਼ਦਾਤਾਵਾਂ ਦੇ ਸਮੂਹ ਦੇ ਫ਼ੈਸਲੇ ਮਗਰੋਂ ਹੀ ਇਹ ਅੰਕੜੇ ਦਿੱਤੇ ਜਾ ਸਕਦੇ ਹਨ। 14,000 ਕਰੋੜ ਰੁਪਏ 'ਚ ਏਅਰਲਾਈਨ ਕੰਪਨੀ ਦੀਆਂ ਸਾਰੀਆਂ ਦੇਣਦਾਰੀਆਂ ਦੇ ਨਜਿੱਠਣ ਦੀ ਪੇਸ਼ਕਸ਼ ਕੀਤੀ ਗਈ ਹੈ।

ਇਹ ਸਿੰਗਲ ਟਾਈਮ ਸੈਟਲਮੈਂਟ ਹੋਵੇਗਾ ਤੇ ਇਸ ਮਗਰੋਂ ਜੈੱਟ ਏਅਰਵੇਜ਼ ਦੀਆਂ ਸਾਰੀਆਂ ਪੁਰਾਣੀਆਂ ਦੇਣਦਾਰੀਆਂ ਸਮਾਪਤ ਹੋ ਜਾਣਗੀਆਂ। ਕੰਪਨੀ ਇਸ ਐਕਵਾਇਰ ਲਈ ਪੂਰੀ ਰਾਸ਼ੀ ਦਾ ਇੰਤਜਾਮ ਅੰਦਰੂਨੀ ਸਰੋਤਾਂ ਤੋਂ ਕਰੇਗੀ। ਐੱਸਬੀਆਈ ਕੈਪਿਟਲ ਨੇ ਪੂੰਜੀ ਦੇ ਸਰੋਤ ਦਾ ਪੂਰਾ ਬਿਊਰਾ ਮੰਗਿਆ ਹੈ। ਕੰਪਨੀ ਇਸ ਐਕਵਾਇਰ 'ਚ ਨਾਲ ਆਉਣ ਲਈ ਏਤਿਹਾਦ ਏਅਰਵੇਜ਼ ਨਾਲ ਵੀ ਗੱਲ ਕਰ ਰਹੀ ਹੈ।

ਜੈੱਟ ਏਅਰਵੇਜ਼ ਲਈ ਸ਼ੁਰੂਆਤੀ ਬੋਲੀ ਮਿਲਣ ਮਗਰੋਂ ਪ੍ਰਰਾਈਵੇਟ ਇਕਵਿਟੀ ਕੰਪਨੀਆਂ ਇੰਡੀਗੋ ਪਾਰਟਨਰਜ਼ ਤੇ ਟੀਪੀਜੀ, ਏਤਿਹਾਦ ਏਅਰਵੇਜ਼ ਤੇ ਸਾਵਰੇਨ ਫੰਡ ਐੱਨਆਈਆਈਐੱਫ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ।