ਸਾਨ ਫਰਾਂਸਿਸਕੋ (ਏਐੱਫਪੀ) : ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜ਼ੋਸ ਨੇ ਲਾਸ ਏਂਜਲਸ 'ਚ 1,176 ਕਰੋੜ ਰੁਪਏ (16.5 ਕਰੋੜ ਡਾਲਰ) ਤੋਂ ਜ਼ਿਆਦਾ ਕੀਮਤ ਵਾਲਾ ਆਲੀਸ਼ਾਨ ਬੰਗਲਾ ਖ਼ਰੀਦਿਆ ਹੈ।

ਵਾਲ ਸਟਰੀਟ ਜਰਨਲ ਵਿਚ ਬੁੱਧਵਾਰ ਨੂੰ ਪ੍ਰਕਾਸ਼ਿਤ ਖ਼ਬਰ ਮੁਤਾਬਕ ਇਹ ਖੇਤਰ ਵਿਚ ਕਿਸੇ ਰਿਹਾਇਸ਼ੀ ਜਾਇਦਾਦ ਦੀ ਕੀਮਤ ਦਾ ਨਵਾਂ ਰਿਕਾਰਡ ਹੈ।

ਬੇਜ਼ੋਸ ਨੇ ਵਾਰਨਰ ਅਸਟੇਟ ਨਾਂ ਦੇ ਇਸ ਬੰਗਲੇ ਨੂੰ ਮੀਡੀਆ ਮੁਗ਼ਲ ਡੇਵਿਡ ਗੈਫੇਨ ਤੋਂ ਖ਼ਰੀਦਿਆ ਹੈ। ਇਸ ਤੋਂ ਪਹਿਲਾਂ ਸਾਲ 2019 ਵਿਚ ਮੀਡੀਆ ਮੁਗ਼ਲ ਕਹੇ ਜਾਣ ਵਾਲੇ ਰੂਪਰਟ ਮਰਡੋਕ ਦੇ ਬੇਟੇ ਲਾਸ਼ਨ ਮਰਡੋਕ ਨੇ ਬੇਲ-ਏਅਰ ਅਸਟੇਟ ਨੂੰ ਕਰੀਬ 15 ਕਰੋੜ ਡਾਲਰ ਵਿਚ ਖ਼ਰੀਦਿਆ ਸੀ। ਬੇਵਰਲੀ ਹਿਲਬਿਲੀਜ਼ ਨਾਂ ਦੇ ਇਸ ਬੰਗਲੇ ਨੂੰ ਸਾਲ 1960 ਦੇ ਆਸਪਾਸ ਟੀਵੀ ਸ਼ੋਅ ਵਿਚ ਦਿਖਾਇਆ ਗਿਆ ਸੀ।

ਨੌਂ ਏਕੜ 'ਚ ਫੈਲਿਆ ਹੈ ਵਾਰਨਰ ਅਸਟੇਟ

ਬੇਵਰਲੀ ਹਿਲਜ਼ ਸਥਿਤ ਵਾਰਨਰ ਅਸਟੇਟ ਬੰਗਲਾ ਨੌਂ ਏਕੜ (3.6 ਹੈਕਟੇਅਰ) ਵਿਚ ਫੈਲਿਆ ਹੈ। ਜਾਰਜੀਅਨ ਸਟਾਈਲ 'ਚ ਬਣੇ ਇਸ ਕੰਪਲੈਕਸ ਵਿਚ ਗੈਸਟ ਹਾਊਸ ਤੋਂ ਇਲਾਵਾ ਟੈਨਿਸ ਕੋਰਟ ਅਤੇ ਨੌਂ ਹੋਲ ਵਾਲੇ ਗੋਲਫ ਕੋਰਸ ਵੀ ਹਨ। ਇਸ ਬੰਗਲੇ ਦਾ ਨਿਰਮਾਣ ਮੂਲ ਰੂਪ ਨਾਲ ਸਾਲ 1930 ਦੇ ਆਸਪਾਸ ਜੈਕ ਵਾਰਨਰ ਨੇ ਕਰਵਾਇਆ ਸੀ। ਉਹ ਵਾਰਨਰ ਬ੍ਦਰਜ਼ ਦੇ ਪ੍ਰਰੈਜ਼ੀਡੈਂਟ ਵੀ ਰਹੇ।

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮੰਨੇ ਜਾਂਦੇ ਹਨ ਬੇਜ਼ੋਸ

ਬੇਜ਼ੋਸ ਦੀ ਕੁਲ ਜਾਇਦਾਦ 110 ਬਿਲੀਅਨ ਡਾਲਰ (ਕਰੀਬ 7,841 ਅਰਬ ਰੁਪਏ) ਦੀ ਮਿੱਥੀ ਗਈ ਹੈ। ਉਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮੰਨੇ ਜਾਂਦੇ ਹਨ। ਇਨ੍ਹਾਂ ਦੀ ਡਿਜੀਟਲ ਸਹਿਯੋਗੀ ਅਲੈਕਸਾ ਹਜ਼ਾਰਾਂ ਉਤਪਾਦਾਂ ਨਾਲ ਜੁੜੀ ਹੈ ਅਤੇ ਇਹ ਸਭ ਤੋਂ ਵੱਡੀ ਵੀਡੀਓ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਵਿਚੋਂ ਇਕ ਹੈ। ਬੇਜ਼ੋਸ ਅਮਰੀਕਾ ਦੇ ਚਰਚਿਤ ਅਖ਼ਬਾਰ 'ਵਾਸ਼ਿੰਗਟਨ ਪੋਸਟ' ਦਾ ਮਾਲਕ ਵੀ ਹੈ।