ਨਵੀਂ ਦਿੱਲੀ, ਬਿਜਨਸ ਡੈਸਕ: ਕੇਂਦਰ ਸਰਕਾਰ ਨੇ ਲਕਸ਼ਮੀ ਵਿਲਾਸ ਬੈਂਕ 'ਤੇ ਇਕ ਮਹੀਨੇ ਦਾ ਮੋਰੇਟੋਰੀਅਮ ਲਾ ਦਿੱਤਾ ਹੈ। ਇਸ ਤੋਂ ਬਾਅਦ ਬੈਂਕ ਦੇ ਖਾਤਾਧਾਰਕ 16 ਦਸੰਬਰ 2020 ਤਕ ਆਪਣੇ ਖ਼ਾਤਿਆਂ 'ਚੋਂ 25 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਨਹੀਂ ਕਰ ਸਕਣਗੇ। ਨਿਊਜ਼ ਏਜੰਸੀ ਏਐੱਨਆਈ ਦੇ ਇਕ ਟਵੀਟ ਅਨੁਸਾਰ ਭਾਰਤੀ ਰਿਜ਼ਰਵ ਬੈਂਕ ਨੇ ਇਹ ਜਾਣਕਾਰੀ ਦਿੱਤੀ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਮੋਰੇਟੋਰੀਅਮ ਮਿਆਦ ਦੌਰਾਨ ਆਰਬੀਆਈ ਤੋਂ ਲਿਖਤੀ ਮਨਜ਼ੂਰੀ ਤੋਂ ਬਿਨਾਂ ਬੈਂਕ ਖਾਤਾਧਾਰਕ ਨੂੰ 25 ਹਜ਼ਾਰ ਰੁਪਏ ਤੋਂ ਜ਼ਿਆਦਾ ਰਕਮ ਦਾ ਭੁਗਤਾਣ ਨਹੀਂ ਕਰ ਸਕੇਗਾ।

ਕੇਂਦਰੀ ਬੈਂਕ ਨੇ ਕਿਹਾ ਹੈ ਕਿ ਇਹ ਕਦਮ ਬੇਹੱਦ ਜ਼ਰੂਰੀ ਹੋ ਗਿਆ ਸੀ ਕਿਉਂਕਿ ਬੈਂਕ ਦੇ ਫਸੇ ਹੋਏ ਕਰਜ਼ੇ 'ਚ ਲਗਾਤਾਰ ਵਾਧਾ ਹੋ ਰਿਹਾ ਸੀ ਅਤੇ ਘਾਟਾ ਬਣੇ ਰਹਿਣ ਦਾ ਡਰ ਹੈ। ਆਰਬੀਆਈ ਨੇ ਲਕਸ਼ਮੀ ਵਿਲਾਸ ਬੈਂਕ ਦੇ ਗਾਹਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਰੱਖਿਆ ਜਾਵੇਗੀ ਅਤੇ ਉਨ੍ਹਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਆਰਬੀਆਈ ਨੇ ਕੇਨਰਾ ਬੈਂਕ ਦੇ ਸਾਬਕਾ ਨਾਨ ਐਗਜ਼ੀਕਿਊਟਿਵ ਚੇਅਰਮੈਨ ਟੀ ਐੱਨ ਮਨਮੋਹਨ ਨੂੰ ਲਕਸ਼ਮੀ ਵਿਲਾਸ ਬੈਂਕ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਹੈ।

Posted By: Jagjit Singh