ਮੁੰਬਈ (ਏਜੰਸੀ) : ਆਮ ਬਜਟ ਦੇ ਟੈਕਸ ਪ੍ਰਸਤਾਵਾਂ ਦੀ ਚਿੰਤਾ ਅਤੇ ਵਿਦੇਸ਼ੀ ਬਾਜ਼ਾਰਾਂ ਦੇ ਨਕਾਰਤਮਕ ਰੁਝਾਨਾਂ ਵਿਚਕਾਰ ਵਿੱਤੀ, ਵਾਹਨ ਅਤੇ ਪੈਟਰੋਲੀਅਮ ਆਇਲ ਸ਼ੇਅਰਾਂ ਦੀ ਭਾਰੀ ਵਿਕਰੀ ਨਾਲ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਅੰਕੜਾ ਸੈਂਸੈਕਸ ਵਿਚ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਬੀਐੱਸਈ ਦਾ ਸੈਂਸੈਕਸ 792.82 ਅੰਕਾਂ ਦੀ ਗਿਰਾਵਟ ਨਾਲ 38,720.57 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 252.55 ਅੰਕਾਂ ਦੀ ਗਿਰਾਵਟ ਦੇ ਨਾਲ 11,558.60 'ਤੇ ਬੰਦ ਹੋਇਆ।

ਸੈਂਸੈਕਸ ਵਿਚ ਬਜਾਜ ਫਾਇਨਾਂਸ ਵਿਚ ਸਭ ਤੋਂ ਜ਼ਿਆਦਾ 8.18 ਫ਼ੀਸਦੀ ਗਿਰਾਵਟ ਰਹੀ। ਓਐੱਨਜੀਸੀ, ਹੀਰੋ, ਮੋਟੋਕਾਰਪ ਅਤੇ ਮਾਰੂਤੀ ਸੁਜ਼ੂਕੀ ਪੰਜ ਫ਼ੀਸਦੀ ਤੋਂ ਜ਼ਿਆਦਾ ਡਿੱਗੇ। ਐੱਨਡੀਪੀਸੀ, ਲਾਸ੍ਨ ਐਂਡ ਟੂਬ੍ਰੋ ਅਤੇ ਐੱਸਬੀਆਈ ਚਾਰ ਫ਼ੀਸਦੀ ਤੋਂ ਜ਼ਿਆਦਾ ਡਿੱਗੇ। ਇੰਡਸਇੰਡ ਬੈਂਕ ਅਤੇ ਟਾਟਾ ਮੋਟਰਸ ਵਿਚ ਤਿੰਨ ਫ਼ੀਸਦੀ ਤੋਂ ਜ਼ਿਆਦਾ ਗਿਰਾਵਟ ਰਹੀ। ਦੂਜੇ ਪਾਸੇ ਸਿਰਫ਼ ਤਿੰਨ ਸ਼ੇਅਰਾਂ ਵਿਚ ਤੇਜ਼ੀ ਰਹੀ। ਯੈੱਸ ਬੈਂਕ ਵਿਚ ਸਭ ਤੋਂ ਜ਼ਿਆਦਾ 5.56 ਫ਼ੀਸਦੀ. ਐੱਚਸੀਐੱਲ ਟੈੱਕ ਵਿਚ 2.15 ਫ਼ੀਸਦੀ ਅਤੇ ਟੀਸੀਐੱਸ ਵਿਚ 0.67 ਫ਼ੀਸਦੀ ਤੇਜ਼ੀ ਰਹੀ।

ਬੀਐੱਸਈ ਦੇ ਸਾਰੇ ਸੈਕਟਰਾਂ ਵਿਚ ਗਿਰਾਵਟ ਰਹੀ। ਪੂੰਜੀਗਤ ਵਸਤੂ ਸੈਕਟਰ ਸਭ ਤੋਂ ਜ਼ਿਆਦਾ 3.78 ਫ਼ੀਸਦੀ ਡਿੱਗਿਆ। ਰਿਆਲਿਟੀ, ਬਿਜਲੀ, ਵਾਹਨ ਅਤੇ ਉਦਯੋਗਿਕ ਸੈਕਟਰਾਂ ਵਿਚ ਵੀ ਤਿੰਨ ਫ਼ੀਸਦੀ ਤੋਂ ਜ਼ਿਆਦਾ ਗਿਰਾਵਟ ਰਹੀ। ਬਾਜ਼ਾਰ ਦੇ ਮਾਹਿਰਾਂ ਮੁਤਾਬਕ ਆਮ ਬਜਟ ਵਿਚ ਸੂਚੀਬੱਧ ਕੰਪਨੀਆਂ ਵਿਚ ਆਮ ਲੋਕਾਂ ਦੀ ਸ਼ੇਅਰਧਾਰਕਾਂ ਨੂੰ 25 ਫ਼ੀਸਦੀ ਤੋਂ ਵਧਾ ਕੇ 35 ਫ਼ੀਸਦੀ ਕਰਨ, ਸ਼ੇਅਰ ਬਾਇਬੈਕ 'ਤੇ ਟੈਕਸ ਲਗਾਉਣ ਅਤੇ ਵਿਦੇਸ਼ੀ ਨਿਵੇਸ਼ਕਾਂ ਤੇ ਧਨਾਢਾਂ 'ਤੇ ਟੈਕਸ ਵਧਾਉਣ ਵਰਗੇ ਮਤਿਆਂ ਨੇ ਨਿਵੇਸ਼ਕਾਂ ਨੂੰ ਚਿੰਤਤ ਕਰ ਦਿੱਤਾ ਹੈ, ਜਿਸ ਕਾਰਨ ਉਹ ਪੂੰਜੀ ਕੱਢ ਰਹੇ ਹਨ। ਇਸ ਤੋਂ ਇਲਾਵਾ ਅਮਰੀਕਾ ਵਿਚ ਰੁਜ਼ਗਾਰ ਦੇ ਵਧੀਆ ਅੰਕੜੇ ਆਉਣ ਤੋਂ ਬਾਅਦ ਅਮਰੀਕੀ ਕੇਂਦਰੀ ਬੈਂਕ ਦੀ ਬਜਾਏ ਦਰ ਘਟਾਉਣ ਦੀ ਉਮੀਦ ਟੁੱਟਣ ਨਾਲ ਵਿਦੇਸ਼ੀ ਬਾਜ਼ਾਰਾਂ ਵਿਚ ਵੀ ਗਿਰਾਵਟ ਰਹੀ।

ਦੋ ਦਿਨਾਂ 'ਚ ਨਿਵੇਸ਼ਕਾਂ ਦੇ 5.62 ਲੱਖ ਕਰੋੜ ਰੁਪਏ ਡੁੱਬੇ

ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਬਜਟ ਪੇਸ਼ ਹੋਣ ਤੋਂ ਬਾਅਦ ਤੋਂ ਬੀਐੱਸਈ ਵਿਚ ਸੂਚੀਬੱਧ ਕੰਪਨੀਆਂ ਦੇ ਕੁਲ ਬਾਜ਼ਾਰ ਪੂੰਜੀਕਰਨ (ਐੱਮਕੈਪ) ਵਿਚ 5,61,772.64 ਕਰੋੜ ਰੁਪਏ ਦੀ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਵੀ ਸੈਂਸੈਕਸ 394.67 ਅੰਕ ਡਿੱਗਿਆ ਸੀ। ਸੋਮਵਾਰ ਨੂੰ ਬਾਜ਼ਾਰ ਵਿਚ ਦਰਜ ਕੀਤੀ ਗਈ ਗਿਰਾਵਟ ਨਾਲ ਬੀਐੱਸਈ ਦੀਆਂ ਕੰਪਨੀਆਂ ਦਾ ਐੱਮਕੈਪ ਕੁਲ 3,39, 192.97 ਕਰੋੜ ਰੁਪਏ ਡਿੱਗ ਕੇ 1,47,96, 302.89 ਕਰੋੜ ਰੁਪਏ 'ਤੇ ਆ ਗਿਆ।

ਮਾਈਂਡਟ੍ਰੀ 11.05 ਫ਼ੀਸਦੀ ਡਿੱਗਿਆ

ਨਵੀਂ ਦਿੱਲੀ : ਸਾਫਟਵੇਅਰ ਸੇਵਾ ਕੰਪਨੀ ਮਾਈਂਡਟ੍ਰੀ ਦੇ ਸ਼ੇਅਰ ਬੀਐੱਸਈ 'ਤੇ 11.05 ਫ਼ੀਸਦੀ ਡਿੱਗ ਕੇ 768.60 ਰੁਪਏ 'ਤੇ ਬੰਦ ਹੋਏ। ਕੰਪਨੀ ਦੇ ਸੰਸਥਾਪਕ ਕਿ੍ਸ਼ਨ ਕੁਮਾਰ ਨਟਰਾਜਨ, ਪਾਥ੍ਸਾਰਥੀ ਐੱਨਐੱਸ ਅਤੇ ਰੋਸਤੋਵ ਰਾਵਣਨ ਨੇ ਕੰਪਨੀ ਦੇ ਬੋਰਡ ਮੈਂਬਰ ਅਤੇ ਕਰਮਚਾਰੀ ਦੇ ਰੂਪ ਵਿਚ ਅਸਤੀਫਾ ਦੇ ਦਿੱਤਾ ਹੈ। ਕੰਪਨੀ ਦੇ ਸੰਸਥਾਪਕਾਂ ਨੇ ਐੱਲਐਂਡਟੀ ਵੱਲੋਂ ਕੰਪਨੀ ਦਾ ਧੱਕੇ ਨਾਲ ਕਬਜ਼ਾ ਕੀਤੇ ਜਾਣ ਦਾ ਵਿਰੋਧ ਕੀਤਾ ਸੀ। ਪਿਛਲੇ ਹਫ਼ਤੇ ਕੰਪਨੀ ਨੇ ਕਿਹਾ ਕਿ ਸੀ ਐੱਲਐਂਡਟੀ ਨੇ ਕੰਪਨੀ 'ਤੇ ਕਬਜ਼ਾ ਕਰ ਲਿਆ ਹੈ ਅਤੇ 60.06 ਫ਼ੀਸਦੀ ਹਿੱਸੇਦਾਰੀ ਦੇ ਨਾਲ ਉਸ ਨੂੰ ਪ੍ਰਮੋਟਰ ਦਾ ਦਰਜਾ ਦੇ ਦਿੱਤਾ ਗਿਆ ਹੈ।

ਪੰਜਾਬ ਨੈਸ਼ਨਲ ਬੈਂਕ 11 ਫ਼ੀਸਦੀ ਡਿੱਗਿਆ

ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਦੇ ਸ਼ੇਅਰ ਬੀਐੱਸਈ 'ਤੇ 10.95 ਫ਼ੀਸਦੀ ਡਿੱਗ ਕੇ 72.80 ਰੁਪਏ 'ਤੇ ਬੰਦ ਹੋਏ। ਬੈਂਕ ਵਿਚ 3,805 ਕਰੋੜ ਰੁਪਏ ਤੋਂ ਜ਼ਿਆਦਾ ਦੀ ਇਕ ਨਵੀਂ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਭੂਸ਼ਣ ਪਾਵਰ ਐਂਡ ਸਟੀਲ ਨੇ ਬੈਂਕ ਦੇ ਕਰਜ਼ੇ ਦੀ ਦੁਰਵਰਤੋਂ ਕੀਤੀ ਅਤੇ ਆਪਣੇ ਵਿੱਤੀ ਖਾਤਿਆਂ ਵਿਚ ਹੇਰਾਫੇਰੀ ਕਰ ਕੇ ਬੈਂਕਾਂ ਦੇ ਕੰਸੋਟ੍ਰੀਅਮ ਤੋਂ ਕਰਜ਼ਾ ਇਕੱਠਾ ਕੀਤਾ।