ਨਵੀਂ ਦਿੱਲੀ : ATM ਦਾ ਇਸਤੇਮਾਲ ਕਰਨ ਵਾਲਿਆਂ ਲਈ ਇਹ ਖ਼ਬਰ ਅਹਿਮ ਹੈ। ਜ਼ਿਆਦਾਤਰ ਬੈਂਕ ਆਪਣੇ ਗਾਹਕਾਂ ਨੂੰ 5 ਮੁਫ਼ਤ ਏਟੀਐੱਮ ਟ੍ਰਾਂਜ਼ੈਕਸ਼ਨਜ਼ ਦੀ ਸਹੂਲਤ ਦਿੰਦੇ ਹਨ। ਹਾਲਾਂਕਿ, ਇਨ੍ਹਾਂ ਪੰਜ ਟ੍ਰਾਂਜ਼ੈਕਸ਼ਨਜ਼ 'ਚ ਨਾਨ-ਕੈਸ਼ ਵਿਦਡ੍ਰਾਲ ਟ੍ਰਾਂਜ਼ੈਕਸ਼ਨ ਜਿਵੇਂ ਬੈਲੇਂਸ ਇੰਕੁਆਇਰੀ, ਚੈੱਕ ਬੁੱਕ ਲਈ ਅਰਜ਼ੀ, ਟੈਕਸ ਭੁਗਤਾਨ ਅਤੇ ਫੰਡ ਟਰਾਂਸਫਰ ਆਦਿ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਇਨ੍ਹਾਂ ਵਿਚ ਉਹ ਟ੍ਰਾਂਜ਼ੈਕਸ਼ਨਜ਼ ਦੀ ਵੀ ਗਿਣਤੀ ਨਹੀਂ ਕੀਤੀ ਜਾਵੇਗੀ ਜੋ ਫੇਲ੍ਹ ਹੋ ਗਈਆਂ ਹਨ। ਵੱਖ-ਵੱਖ ਬੈਂਕ ਆਪਣੇ ਗਾਹਕਾਂ ਨੂੰ ਪ੍ਰਤੀ ਮਹੀਨਾ ਇਕ ਮਿੱਥੀ ਗਿਣਤੀ 'ਚ ਏਟੀਐੱਮ ਤੋਂ ਫ੍ਰੀ ਲੈਣ-ਦੇਣ ਦੀ ਸਹੂਲਤ ਮੁਹੱਈਆ ਕਰਵਾਉਂਦੇ ਹਨ। ਇਸ ਤੋਂ ਬਾਅਦ ਲੈਣ-ਦੇਣ 'ਤੇ ਉਹ ਫੀਸ ਵਸੂਲਦੇ ਹਨ।

ਬੈਂਕ ਖਾਤਾਧਾਰਕਾਂ ਦੇ ਫਾਇਦੇ ਲਈ ਬੈਂਕਿੰਗ ਰੈਗੂਲੇਟਰੀ ਭਾਰਤੀ ਰਿਜ਼ਰਵ ਬੈਂਕ ਨੇ ਸਪਸ਼ਟ ਕੀਤਾ ਹੈ ਕਿ ਹਾਰਡਵੇਅਰ, ਸਾਫਟਵੇਅਰ ਜਾਂ ਕਮਿਊਨੀਕੇਸ਼ਨ 'ਚ ਅੜਿੱਕੇ ਕਾਰਨ ਜੇਕਰ ਏਟੀਐੱਮ ਦੀ ਕੋਈ ਟ੍ਰਾਂਜ਼ੈਕਸ਼ਨ ਫੇਲ੍ਹ ਹੋ ਜਾਂਦੀ ਹੈ ਤਾਂ ਉਸ ਦੀ ਗਿਣਤੀ ਨਹੀਂ ਕੀਤੀ ਜਾਵੇਗੀ।

ਰਿਜ਼ਰਵ ਬੈਂਕ ਦੇ ਸਰਕੂਲਰ ਅਨੁਸਾਰ, ਜੇਕਰ ਏਟੀਐੱਮ 'ਚ ਕੈਸ਼ ਨਹੀਂ ਹੈ ਜਿਸ ਕਾਰਨ ਟ੍ਰਾਂਜ਼ੈਕਸ਼ਨ ਨਹੀਂ ਹੋਈ ਤਾਂ ਬੈਂਕ ਜਾਂ ਏਟੀਐੱਮ ਸੇਵਾ ਪ੍ਰੋਵਾਈਡਰ ਇਸ ਨੂੰ ਵੈਲਿਡ ਏਟੀਐੱਮ ਟ੍ਰਾਂਜ਼ੈਕਸ਼ਨ ਨਹੀਂ ਮੰਨਣਗੇ। ਇਸ ਤੋਂ ਇਲਾਵਾ ਜੇਕਰ ਕੋਈ ਗਾਹਕ ਏਟੀਐੱਮ 'ਚ ਗ਼ਲਤ ਪਿਨ ਲਗਾਉਂਦਾ ਹੈ ਅਤੇ ਉਸ ਦੀ ਟ੍ਰਾਂਜ਼ੈਕਸ਼ਨ ਫੇਲ੍ਹ ਹੋ ਜਾਂਦੀ ਹੈ ਤਾਂ ਉਸ ਨੂੰ ਵੀ ਵੈਲਿਡ ਏਟੀਐੱਮ ਟ੍ਰਾਂਜ਼ੈਕਸ਼ਨ ਨਹੀਂ ਮੰਨਿਆ ਜਾਵੇਗਾ।

RBI ਨੇ ਕਿਹਾ ਹੈ ਕਿ ਇਨ੍ਹਾਂ ਫੇਲਡ ਟ੍ਰਾਂਜ਼ੈਕਸ਼ਨ ਬਦਲੇ ਬੈਂਕ ਗਾਹਕਾਂ ਤੋਂ ਚਾਰਜ ਨਹੀਂ ਵਸੂਲ ਸਕਦੇ। ਆਰਬੀਆਈ ਨੇ ਆਪਣੇ ਸਰਕੂਲਰ 'ਚ ਕਿਹਾ ਹੈ, 'ਸਾਡੇ ਨੋਟਿਸ 'ਚ ਇਹ ਗੱਲ ਆਈ ਹੈ ਕਿ ਜੋ ਟ੍ਰਾਂਜ਼ੇਕਸ਼ਨ ਤਕਨੀਕੀ ਕਾਰਨਾਂ, ਏਟੀਐੱਮ 'ਚ ਕੈਸ਼ ਨਾ ਹੋਣ ਆਦਿ ਕਾਰਨ ਫੇਲ੍ਹ ਹੋ ਜਾਂਦੀ ਹੈ, ਬੈਂਕ ਉਸ ਨੂੰ ਵੀ ਫ੍ਰੀ ਏਟੀਐੱਮ ਟ੍ਰਾਂਜ਼ੈਕਸ਼ਨ ਦੀ ਗਿਣਤੀ 'ਚ ਸ਼ਾਮਲ ਕਰ ਲੈਂਦੇ ਹਨ।'

ਰਿਜ਼ਰਵ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਨਾਨ-ਕੈਸ਼ ਵਿਦਡ੍ਰਾਲ ਟ੍ਰਾਂਜ਼ੈਕਸ਼ਨ ਜਿਵੇਂ ਬੈਲੇਂਸ ਇੰਕੁਆਇਰੀ, ਚੈੱਕਬੁੱਕ ਅਰਜ਼ੀ, ਟੈਕਸ ਦਾ ਭੁਗਤਾਨ, ਫੰਡ ਟਰਾਂਸਫਰ ਆਦਿ ਨੂੰ ਮੁਫ਼ਤ ਏਟੀਐੱਮ ਟ੍ਰਾਂਜ਼ੈਕਸ਼ਨਜ਼ ਦੀ ਗਿਣਤੀ 'ਚ ਸ਼ਾਮਲ ਨਹੀਂ ਕੀਤਾ ਜਾਵੇਗਾ।

Posted By: Seema Anand