ਅਜੇ ਪਾਂਡੇਯ, ਸਮਸਤੀਪੁਰ : ਕੋਰੋਨਾ ਵਾਇਰਸ ਪ੍ਰਤੀ ਬੇਹੱਦ ਚੌਕਸੀ ਤੇ ਸਾਵਧਾਨੀ ਵਰਤੀ ਜਾ ਰਹੀ ਹੈ। ਕਿਸੇ ਵੀ ਪੱਧਰ 'ਤੇ ਚੂਕ ਨਾ ਹੋਵੇ, ਇਸ ਦਾ ਧਿਆਨ ਰੱਖਿਆ ਜਾ ਰਿਹਾ ਹੈ। ਵਾਇਰਸ ਇਨਫੈਕਸ਼ਨ ਬਾਰੇ ਕਰੰਸੀ (ਨੋਟ ਤੇ ਸਿੱਕੇ) ਦੀ ਅਦਲਾ-ਬਦਲੀ 'ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਉਨ੍ਹਾਂ ਦੇ ਇਨਫੈਕਸ਼ਨ ਦੀ ਗਿ੍ਫ਼ਤ 'ਚ ਹੋਣ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਇੰਡੀਅਨ ਬੈਂਕ ਐਸੋਸੀਏਸ਼ਨ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਕਈ ਬੈਂਕਾਂ ਤੇ ਏਟੀਐੱਮ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਬੈਂਕਾਂ ਦੀਆਂ ਵੱਖ-ਵੱਖ ਬ੍ਰਾਂਚਾਂ 'ਚ ਸੈਨੇਟਾਈਜ਼ਰ ਮੁਹੱਈਆ ਕਰਵਾ ਦਿੱਤੇ ਗਏ ਹਨ। ਬੈਂਕ ਮੁਲਾਜ਼ਮਾਂ ਨੂੰ ਮੈਡੀਕੇਟਡ ਮਾਸਕ ਵੀ ਦਿੱਤੇ ਗਏ ਹਨ।

ਸਟੇਟ ਬੈਂਕ ਦੇ ਖੇਤਰੀ ਪ੍ਰਬੰਧਕ ਨਵੀਨ ਕੁਮਾਰ ਦੱਸਦੇ ਹਨ ਕਿ ਵਾਇਰਸ ਇਨਫੈਕਸ਼ਨ ਨਾਲ ਨਜਿੱਠਣ ਲਈ ਭੀੜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਉਂਕਿ ਜਿੰਨੇ ਲੋਕ ਘੱਟ ਹੋਣਗੇ, ਵਾਇਰਸ ਦਾ ਚੱਕਰ ਵੀ ਓਨਾ ਛੋਟਾ ਹੋਵੇਗਾ। ਇਸ ਲਈ ਕੁਝ ਸੇਵਾਵਾਂ ਨੂੰ ਘਟਾਇਆ ਤੇ ਕੁਝ ਨੂੰ ਮੁਲਤਵੀ ਕੀਤਾ ਗਿਆ ਹੈ। ਸਮਸਤੀਪੁਰ 'ਚ ਐੱਸਬੀਆਈ ਦੀਆਂ 35, ਵੈਸ਼ਾਲੀ 'ਚ 16 ਤੋਂ ਇਲਾਵਾ ਇਕ ਖੇਤਰੀ ਬ੍ਰਾਂਚ ਵੀ ਹੈ, ਜਿੱਥੇ ਕੋਰੋਨਾ ਵਾਇਰਸ ਨਾਲ ਨਜਿੱਠਣ ਦੀ ਪੂਰੀ ਤਿਆਰੀ ਹੈ।

ਹਰ ਕਾਊਂਟਰ 'ਤੇ ਸੈਨੇਟਾਈਜ਼ਰ : ਬੈਂਕ ਬ੍ਰਾਂਚ ਦੇ ਹਰ ਕਾਊਂਟਰ 'ਤੇ ਇਕ-ਇਕ ਸੈਨੇਟਾਈਜ਼ਰ ਰੱਖਿਆ ਗਿਆ ਹੈ। ਉੱਥੇ ਆਉਣ-ਜਾਣ ਵਾਲੇ ਗਾਹਕਾਂ ਨੂੰ ਪਹਿਲਾਂ ਗੇਟ 'ਤੇ ਸੈਨੇਟਾਈਜ਼ ਕੀਤਾ ਜਾਂਦਾ ਹੈ। ਜੇ ਉਹ ਕੈਸ਼ ਜਮ੍ਹਾ ਕਰਦੇ ਹਨ ਤਾਂ ਉਨ੍ਹਾਂ ਦੇ ਨੋਟਾਂ ਨੂੰ ਪਹਿਲਾਂ ਸੈਨੇਟਾਈਜ਼ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਕਾਊਂਟਰ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਨਿਕਾਸੀ ਕਰਨ 'ਤੇ ਵੀ ਨੋਟਾਂ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ।

70 ਫ਼ੀਸਦੀ ਘੱਟ ਹੋਏ ਗਾਹਕ : ਜਦੋਂ ਤੋਂ ਇਨਫੈਕਸ਼ਨ ਫੈਲਿਆ ਹੈ, ਬੈਂਕਾਂ 'ਚ ਗਾਹਕਾਂ ਦੀ ਗਿਣਤੀ ਘਟ ਗਈ ਹੈ। ਜਮ੍ਹਾਂ ਤੇ ਨਿਕਾਸੀ ਨੂੰ ਛੱਡ ਕੇ ਹੋਰਨਾਂ ਕੰਮਾਂ ਨੂੰ ਸੀਮਤ ਕਰਨ ਕਾਰਨ ਗਾਹਕਾਂ ਨੇ ਵੀ ਖ਼ੁਦ ਨੂੰ ਸੀਮਤ ਕਰ ਲਿਆ ਹੈ। ਇਕ ਅੰਦਾਜ਼ੇ ਮੁਤਾਬਕ ਵੱਖ-ਵੱਖ ਬੈਂਕਿੰਗ ਬ੍ਰਾਂਚਾਂ 'ਚ ਲਗਪਗ 70 ਫ਼ੀਸਦੀ ਗਾਹਕ ਘੱਟ ਹੋਏ ਹਨ। ਬਹੁਤ ਜ਼ਰੂਰੀ ਹੋਣ 'ਤੇ ਹੀ ਉਹ ਬੈਂਕ ਪਹੁੰਚ ਰਹੇ ਹਨ।