ਚੇਨਈ, ਆਈਏਐੱਨਐੱਸ : ਸਰਕਾਰੀ ਬੈਂਕਾਂ ਦੇ ਨਿੱਜੀਕਰਨ ਖ਼ਿਲਾਫ਼ ਬੈਂਕ ਕਰਮੀਆਂ ਦੀ ਦੋ ਦਿਨ ਦੀ ਦੇਸ਼ ਵਿਆਪੀ ਹੜਤਾਲ ਸੋਮਵਾਰ ਤੋਂ ਸ਼ੁਰੂ ਹੋ ਗਈ। ਪ੍ਰਮੁੱਖ ਯੂਨੀਅਨਾਂ ਦੇ ਆਗੂਆਂ ਨੇ ਇਸ ਹੜਤਾਲ ਦੇ ਪੂਰੀ ਤਰ੍ਹਾਂ ਸਫ਼ਲ ਰਹਿਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 16,500 ਕਰੋੜ ਰੁਪਏ ਮੁੱਲ ਦੇ ਦੋ ਕਰੋੜ ਚੈੱਕ/ਇੰਸਟਰੂਮੈਂਟਸ ਦਾ ਕਲੀਅਰੈਂਸ ਪ੍ਰਭਾਵਿਤ ਹੋਇਆ ਹੈ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (AIBEA) ਦੇ ਜਨਰਲ ਸਕੱਤਰ ਸੀ.ਐੱਚ. ਵੇਂਕਟਾਚਾਲਮ ਨੇ ਕਿਹਾ, 'ਕਰੀਬ 16,500 ਕਰੋੜ ਮੁੱਲ ਦਾ ਔਸਤਨ ਦੋ ਕਰੋੜ ਚੈੱਕ ਦਾ ਕਲੀਅਰੈਂਸ ਰੁਕ ਗਿਆ ਹੈ। ਸਰਕਾਰੀ ਟ੍ਰੈਜ਼ਰੀ ਨਾਲ ਜੁੜਿਆ ਕੰਮਕਾਜ ਤੇ ਆਮ ਬੈਂਕਿੰਗ ਲੈਣ-ਦੇਣ ਵੀ ਪ੍ਰਭਾਵਿਤ ਹੋਇਆ ਹੈ।'

ਵੇਂਕਟਾਚਾਲਮ ਦੇ ਮੁਤਾਬਿਕ ਕਰੀਬ 10 ਲੱਖ ਬੈਂਕ ਮੁਲਾਜ਼ਮਾਂ ਨੇ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੇ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਸੋਮਵਾਰ ਨੂੰ ਕੰਮ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ IDBI Bank ਤੋਂ ਇਲਾਨਾ ਦੋ ਹੋਰ ਬੈਂਕਾਂ ਦੇ ਨਿੱਜੀਕਰਨ ਦਾ ਫ਼ੈਸਲਾ ਕੀਤਾ ਹੈ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ (UFBU) ਨੇ ਇਸ ਦੇ ਖ਼ਿਲਾਫ਼ ਹੜਤਾਲ ਦਾ ਸੱਦਾ ਕੀਤਾ ਹੈ।

AIBEA ਦੇ ਜਨਰਲ ਸਕੱਤਰ ਨੇ ਕਿਹਾ, 'ਵੱਖ-ਵੱਖ ਸੂਬਿਆਂ ਤੋਂ ਸਾਨੂੰ ਜਿਹੜੀਆਂ ਰਿਪੋਰਟਸ ਮਿਲ ਰਹੀਆਂ ਹਨ, ਉਨ੍ਹਾਂ ਦੇ ਮੁਤਾਬਿਕ ਸਾਰੇ ਕੇਂਦਰਾਂ 'ਚ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।'

ਉਨ੍ਹਾਂ ਕਿਹਾ ਕਿ ਜ਼ਿਆਦਾਤਰ ਬ੍ਰਾਂਚਾਂ ਨਹੀਂ ਖੁੱਲ੍ਹੀਆਂ ਤੇ ਬੈਂਕ ਬੰਦ ਹੋਣ ਕਾਰਨ ਨਵੇਂ ਚੈੱਕ ਸਵੀਕਾਰ ਨਹੀਂ ਕੀਤੇ ਗਏ।

ਵੇਂਕਟਾਚਾਲਮ ਨੇ ਕਿਹਾ ਕਿ ਬੈਂਕ ਨਿੱਜੀ ਹੱਥਾਂ ਵਿਚ ਨਾ ਜਾਣ, ਇਹ ਯਕੀਨੀ ਬਣਾਉਣ ਲਈ ਮੰਗਲਵਾਰ ਬੈਂਕਾਂ ਦੀ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਬੈਂਕ ਸੰਚਾਲਨ ਲਾਭ ਪ੍ਰਾਪਤ ਕਰ ਰਹੇ ਹਨ ਪਰ ਕਾਰਪੋਰੇਟ ਲੈਣਦੇਰਾਂ ਦੇ ਕਰਜ਼ ਨਾ ਚੁਕਾਉਣ ਦੀ ਵਜ੍ਹਾ ਨਾਲ ਕੀਤੇ ਜਾਣ ਵਾਲੀ ਪ੍ਰੋਵਿਜ਼ਨਿੰਗ ਤਹਿਤ ਸ਼ੁੱਧ ਆਧਾਰ 'ਤੇ ਘਾਟੇ 'ਚ ਚੱਲਦੇ ਜਾ ਰਹੇ ਹਨ।

ਬੈਂਕਿੰਗ ਸੈਕਟਰ ਦੇ ਨੌਂ ਯੂਨੀਅਨਾਂ ਦੇ ਅੰਬ੍ਰੇਲਾ ਬਾਡੀ UFBU ਨੇ ਦੋ ਦਿਨਾਂ ਦੀ ਇਸ ਹੜਤਾਲ ਦਾ ਸੱਦਾ ਦਿੱਤਾ ਹੈ।

Posted By: Seema Anand