v> ਨਵੀਂ ਦਿੱਲੀ (ਏਜੰਸੀ) : ਬੈਂਕ ਆਫ ਇੰਡੀਆ (ਬੀਓਆਈ) ਨੇ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਹੋਮ ਲੋਨ 'ਤੇ ਛੋਟ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ ਬੈਂਕ ਨੇ ਲੋਨ ਪ੍ਰੋਸੈਸਿੰਗ ਫੀਸ ਵੀ ਨਹੀਂ ਲੈਣ ਦਾ ਫ਼ੈਸਲਾ ਕੀਤਾ ਹੈ। ਬੈਂਕ ਆਫ ਇੰਡੀਆ ਦੇ ਜਨਰਲ ਮੈਨੇਜਰ ਸਲਿਲ ਕੁਮਾਰ ਸਵੈਨ ਨੇ ਕਿਹਾ, 'ਬੈਂਕ ਨੇ ਪ੍ਰੋਸੈਸਿੰਗ ਫੀਸ ਦੀ ਛੋਟ ਦਿੱਤੀ ਹੈ। ਨਾਲ ਹੀ ਬੈਂਕ ਰਿਆਇਤੀ ਦਰਾਂ 'ਤੇ ਹੋਮ ਲੋਨ ਮੁਹੱਈਆ ਕਰਵਾ ਰਿਹਾ ਹੈ।'

ਉਨ੍ਹਾਂ ਕਿਹਾ ਕਿ 30 ਲੱਖ ਰੁਪਏ ਤਕ ਦੇ ਹੋਮ ਲੋਨ 'ਤੇ 8.35 ਫ਼ੀਸਦੀ ਵਿਆਜ ਲਿਆ ਜਾਵੇਗਾ। ਉੱਥੇ 30 ਲੱਖ ਰੁਪਏ ਤੋਂ ਜ਼ਿਆਦਾ ਦੇ ਲੋਨ ਨੂੰ ਰੈਪੋ ਦਰਾਂ ਨਾਲ ਜੋੜਿਆ ਜਾਵੇਗਾ। ਸਲਿਲ ਕੁਮਾਰ ਨੇ ਕਿਹਾ ਕਿ ਇਸ ਤੋਂ ਇਲਾਵਾ ਬੈਂਕ ਐਜੂਕੇਸ਼ਨ ਲੋਨ ਵੀ ਮੁਕਾਬਲੇਬਾਜ਼ ਦਰਾਂ 'ਤੇ ਮੁਹੱਈਆ ਕਰਵਾ ਰਿਹਾ ਹੈ। ਬੈਂਕ ਨੇ ਐੱਸਐੱਮਈ ਵੈਲਕਮ ਪੇਸ਼ਕਸ਼ ਵੀ ਸ਼ੁਰੂ ਕੀਤੀ ਹੈ। ਇਸ ਵਿਚ ਪੰਜ ਕਰੋੜ ਰੁਪਏ ਦਾ ਲੋਨ ਜ਼ਮਾਨਤ ਦੇ ਮੁੱਲ ਦੇ ਹਿਸਾਬ ਨਾਲ ਰਿਆਇਤੀ ਦਰਾਂ 'ਤੇ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ ਨੇ ਹੋਮ ਲੋਨ ਤੇ ਆਟੋ ਲੋਨ ਸਸਤੀਆਂ ਦਰਾਂ 'ਤੇ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਸੀ।

Posted By: Seema Anand