ਚੰਡੀਗਡ਼੍ਹ : 27 ਜੂਨ ਨੂੰ ਦੇਸ਼ ਭਰ ਦੇ ਸਰਕਾਰੀ ਤੇ ਨਿੱਜੀ ਖੇਤਰ ਦੇ ਬੈਂਕ ਪੂਰੀ ਤਰ੍ਹਾਂ ਬੰਦ ਰਹਿਣਗੇ। ਇਹ ਐਲਾਨ ਬੁੱਧਵਾਰ ਨੂੰ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂਐੱਫਬੀਯੂ) ਨੇ ਬੈਂਕ ਸਕੁਏਅਰ ਸੈਕਟਰ-17 ’ਚ ਧਰਨਾ ਦੇਣ ਮੌਕੇ ਕੀਤਾ। ਇਸ ਤੋਂ ਪਹਿਲਾਂ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਣ ਦੀ ਸੂਰਤ ਵਿੱਚ ਲਗਾਤਾਰ ਤਿੰਨ ਦਿਨ ਬੈਂਕ ਬੰਦ ਰਹਿਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ, ਲੋੜੀਂਦੇ ਕੰਮ ਨੂੰ ਪਹਿਲਾਂ ਹੀ ਨਿਪਟਾਉਣਾ ਸੁਵਿਧਾਜਨਕ ਹੋਵੇਗਾ.

ਇਸ ਮੌਕੇ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਕੋਲੋਂ ਵੱਖ-ਵੱਖ ਮੰਗਾਂ ਨੂੰ ਛੇਤੀ ਪੂਰਾ ਕਰਨ ਦੀ ਮੰਗ ਉਠਾਈ। ਜਾਣਕਾਰੀ ਦਿੰਦਿਆਂ ਯੂਐੱਫਬੀਯੂ ਦੇ ਕਨਵੀਨਰ ਸੰਜੈ ਕੁਮਾਰ ਨੇ ਦੱਸਿਆ ਕਿ ਸਾਡੀ ਪਹਿਲੀ ਮੰਗ 1993 ਨੂੰ ਸੋਧੀ ਹੋਈ ਪੈਨਸ਼ਨ ਨੂੰ ਛੇਤੀ ਲਾਗੂ ਕਰਨਾ ਹੈ। ਬੈਂਕ ਮੁਲਾਜ਼ਮ ਦੀ ਤਨਖ਼ਾਹ ਤੇ ਸੇਵਾਮੁਕਤ ਮੁਲਾਜ਼ਮਾਂ ਦੀ ਪੈਨਸ਼ਨ ਹਰ ਸਾਲ ਰਿਵਾਈਜ਼ ਹੋਣ ਤੋਂ ਬਾਅਦ ਇਕ ਫ਼ੀਸਦੀ ਦੀ ਦਰ ਨਾਲ ਵਧਦੀ ਹੈ ਪਰ ਪੈਨਸ਼ਨ ਨੂੰ ਰਿਵਾਈਜ਼ ਹੋਇਆਂ 30 ਸਾਲ ਦਾ ਸਮਾਂ ਪੂਰਾ ਹੋਣ ਵਾਲਾ ਹੈ, ਜਿਸ ਨਾਲ ਸੇਵਾਮੁਕਤ ਹੋਏ ਸੈਂਕਡ਼ੇ ਮੁਲਾਜ਼ਮਾਂ ਨੂੰ ਘਰ ਚਲਾਉਣ ’ਚ ਮੁਸ਼ਕਲ ਆ ਰਹੀ ਹੈ। ਸਾਲ 2000 ਤੱਕ ਸੇਵਾਮੁਕਤ ਹੋਏ ਮੁਲਾਜ਼ਮਾਂ ਦੀ ਮਹੀਨਾਵਰੀ ਪੈਨਸ਼ਨ 20,000 ਰੁਪਏ ਹੈ, ਜਿਸ ਨਾਲ ਦੋ ਤੋਂ ਤਿੰਨ ਜਣਿਆਂ ਦਾ ਪਰਿਵਾਰ ਚਲਾਉਣਾ ਸੰਭਵ ਨਹੀਂ ਹੈ।

ਯੂਐੱਫਬੀਯੂ ਦੇ ਆਲ ਇੰਡੀਆ ਕਨਵੀਨਰ ਸੰਜੀਵ ਬੰਦਲੀਸ਼ ਨੇ ਕਿਹਾ ਕਿ ਹਰ ਸਰਕਾਰੀ ਤੇ ਨਿੱਜੀ ਖੇਤਰ ਦੇ ਬੈਂਕ ਮੁਲਾਜ਼ਮਾਂ ਨੂੰ ਹਫ਼ਤੇ ’ਚ ਪੰਜ ਦਿਨ ਕੰਮ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਜ਼ਿਆਦਾਤਰ ਬੈਂਕ ਸ਼ਨਿਚਰਵਾਰ ਨੂੰ ਵੀ ਖੁੱਲ੍ਹਦੇ ਹਨ, ਜੋ ਕਿਰਤ ਮੰਤਰਾਲੇ ਦੇ ਨਿਯਮਾਂ ਦੀ ਉਲੰਘਣਾ ਹੈ। ਕੇਂਦਰ ਸਰਕਾਰ ਨੂੰ ਛੇਤੀ ਤੋਂ ਛੇਤੀ ਪੰਜ ਦਿਨ ਕੰਮ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ। ਸਰਕਾਰ ਤੋਂ ਮੰਗਾਂ ਨੂੰ ਲੈ ਕੇ ਵਾਰ-ਵਾਰ ਗੱਲਬਾਤ ਕਰਨ ਦਾ ਸਮਾਂ ਮੰਗਿਆ ਜਾ ਰਿਹਾ ਹੈ ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਛੇਤੀ ਮੰਗਾਂ ’ਤੇ ਕੋਈ ਫ਼ੈਸਲਾ ਨਾ ਲਿਆ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਜਿਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ।

Posted By: Tejinder Thind