ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਸਰਕਾਰ ਦੇਸ਼ ਦੀ ਗ਼ੈਰ-ਗ਼ਰੀਬ ਆਬਾਦੀ ਨੂੰ ਵੀ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦਾ ਲਾਭ ਦੇਣ ਲਈ ਇਸ ਹਰਮਨਪਿਆਰੀ ਸਿਹਤ ਬੀਮਾ ਯੋਜਨਾ ਦਾ ਵਿਸਥਾਰ ਕਰੇਗੀ। ਨਾਲ ਹੀ ਸਰਕਾਰ ਆਪਣੀਆਂ ਵੱਖ-ਵੱਖ ਬੀਮਾ ਯੋਜਨਾਵਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਦੇ ਅੰਦਰ ਲਿਆਵੇਗੀ। ਇਸ ਨਾਲ ਦੇਸ਼ ਦਾ ਗ਼ਰੀਬ ਤਬਕਾ ਹੀ ਨਹੀਂ, ਬਲਕਿ ਹੋਰ ਲੋਕ ਵੀ ਸਸਤੀ ਸਿਹਤ ਬੀਮਾ ਯੋਜਨਾ ਦਾ ਲਾਭ ਲੈ ਸਕਣਗੇ। NHA ਨੇ ਇਸ ਦੇ ਪਾਇਲਟ ਪ੍ਰੋਜੈਕਟ ਲਈ ਇਜਾਜ਼ਤ ਦੇ ਦਿੱਤੀ ਹੈ।

ਕੇਂਦਰ ਸਰਕਾਰ ਮੌਜੂਦਾ ਸਮੇਂ ਆਪਣੀ ਇਸ ਫਲੈਗਸ਼ਿਪ ਯੋਜਨਾ ਤਹਿਤ ਲਗਪਗ 10.74 ਕਰੋੜ ਗ਼ਰੀਬ ਤੇ ਲੋੜਵੰਦ ਪਰਿਵਾਰਾਂ (ਕਰੀਬ 53 ਕਰੋੜ ਲਾਭਪਾਤਰੀਆਂ) ਨੂੰ ਹਰ ਸਾਲ ਪ੍ਰਤੀ ਪਰਿਵਾਰ 5 ਲੱਖ ਰੁਪਏ ਤਕ ਦਾ ਕੈਸ਼ਲੈੱਸ ਸਿਹਤ ਬੀਮਾ ਕਵਰ ਮੁਹੱਈਆ ਕਰਵਾ ਰਹੀ ਹੈ। ਲਾਈਵ ਮਿੰਟ ਦੀ ਇਕ ਰਿਪੋਰਟ ਅਨੁਸਾਰ, ਇਸ ਯੋਜਨਾ ਨੂੰ ਲਾਗੂ ਕਰਨ ਲਈ ਸੰਸਥਾ, ਕੌਮੀ ਸਿਹਤ ਅਥਾਰਟੀ (NHA) ਦੇ ਪ੍ਰਬੰਧਕ ਕਮੇਟੀ ਨੇ ਵੀਰਵਾਰ ਨੂੰ ਗ਼ੈਰ-ਸੰਗਠਿਤ ਖੇਤਰ ਦੇ ਮਜ਼ਦੂਰਾਂ, ਸਵੈ-ਰੁਜ਼ਗਾਰ ਵਾਲਿਆਂ, ਪੇਸ਼ੇਵਰਾਂ ਤੇ ਸੂਖਮ-ਲਘੂ ਤੇ ਮੱਧਮ ਉਦਯੋਗਾਂ ਦੇ ਮੁਲਾਜ਼ਮਾਂ ਜਿਵੇਂ ਦੇਸ਼ ਦੇ ਵੱਖ-ਵੱਖ ਵਰਗਾਂ ਦੇ ਮੱਧ ਵਰਗ ਜਾਂ ਗ਼ੈਰ-ਗ਼ਰੀਬ ਆਬਾਦੀ ਨੂੰ ਕਵਰ ਕਰਨ ਵਾਲਿਆਂ ਲਈ ਪਾਇਲਟ ਪੱਧਰ 'ਤੇ ਬੀਮਾ ਦੀ ਸ਼ੁਰੂਆਤ ਕਰਨ ਦੀ ਇਜਾਜ਼ਤ ਦਿੱਤੀ ਹੈ। ਪਾਇਲਟ ਪ੍ਰੋਜੈਕਟ ਤੋਂ ਇਹ ਪਤਾ ਚੱਲੇਗਾ ਕਿ ਇਸ ਯੋਜਨਾ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਲਈ ਕਿਹੜੇ-ਕਿਹੜੇ ਕਦਮ ਉਠਾਉਣੇ ਪੈਣਗੇ।

ਰਿਪੋਰਟ ਅਨੁਸਾਰ ਰਾਸ਼ਟਰੀ ਸਿਹਤ ਅਥਾਰਟੀ ਦੀ ਪ੍ਰਬੰਧਕ ਕਮੇਟੀ ਨੇ ਕੇਂਦਰੀ ਮੰਤਰਾਲਿਆ ਦੀ ਮੌਜੂਦਾ ਸਿਹਤ ਯੋਜਨਾ ਨਾਲ ਏਕੀਕ੍ਰਿਤ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰ ਕੀਤਾ ਹੈ। ਕਾਬਿਲੇਗ਼ੌਰ ਹੈ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਹਰਸ਼ਵਰਧਨ ਨੇ ਹਾਲ ਹੀ 'ਚ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਸੰਚਾਲਨ ਦੀ ਸਮੀਖਿਆ ਕਰਨ ਦੇ ਉਦੇਸ਼ ਨਾਲ ਬੈਠਕ ਦੀ ਨੁਮਾਇੰਦਗੀ ਕੀਤੀ ਸੀ। ਇਸ ਬੈਠਕ ਦੌਰਾਨ ਚਰਚਾ ਦਾ ਮੁੱਖ ਮੁੱਦਾ ਆਯੁਸ਼ਮਾਨ ਭਾਰਤ ਯੋਜਨਾ 'ਤੇ ਕੋਰੋਨਾ ਵਾਇਰਸ ਦਾ ਅਸਰ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰੈਲ 2018 ਨੂੰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੀ ਜੈਅੰਤੀ ਵਾਲੇ ਦਿਨ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਤੋਂ ਆਯੁਸ਼ਮਾਨ ਭਾਰਤ ਯੋਜਨਾ ਨੂੰ ਲਾਂਚ ਕੀਤਾ ਸੀ। ਇਸ ਯੋਜਨਾ ਦਾ ਫਾਇਦਾ ਪੂਰੇ ਦੇਸ਼ ਵਿਚ ਕਿਤੇ ਵੀ ਪੈਨਲ 'ਚ ਸ਼ਾਮਲ ਨਿੱਜੀ ਜਾਂ ਸਰਕਾਰੀ ਹਸਪਤਾਲਾਂ 'ਚ ਲਿਆ ਜਾ ਸਕਦਾ ਹੈ।

Posted By: Seema Anand