ਨਵੀਂ ਦਿੱਲੀ : ਦੇਸ਼ ਦੇ ਤੀਸਰੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ ਐਕਸਿਸ ਬੈਂਕ ਨੇ ਆਪਣੀ ਲਾਗਤ ਆਧਾਰਤ ਉਧਾਰ ਦਰਾਂ (MCLR) 'ਚ ਕਟੌਤੀ ਕੀਤੀ ਹੈ। ਬੈਂਕ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਬੈਂਕ ਨੇ ਆਪਣੇ ਇਕ ਸਾਲ ਦੀ ਐੱਮਸੀਐੱਲਆਰ 8.65 ਤੋਂ 8.55 ਫ਼ੀਸਦੀ ਕਰ ਦਿੱਤੀ ਹੈ ਜੋ 17 ਅਗਸਤ 2019 ਤੋਂ ਪ੍ਰਭਾਵੀ ਹੋਵੇਗੀ। ਭਾਰਤੀ ਰਿਜ਼ਰਵ ਬੈਂਕ (RBI) ਵਲੋਂ ਕੈਲੰਡਰ ਸਾਲ ਲਈ ਆਪਣੀ ਮੌਦਰਿਕ ਨੀਤੀ ਸਮੀਖਿਆ 'ਚ ਰੈਪੋ ਦਰਾਂ 'ਚ 35 ਆਧਾਰ ਅੰਕਾਂ ਦੀ ਕਟੌਤੀ ਮਗਰੋਂ ਐਕਸਿਸ ਬੈਂਕ ਵੀ ਉਨ੍ਹਾਂ ਬੈਂਕਾਂ ਦੀ ਲਿਸਟ 'ਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਆਪਣੀਆਂ ਕਰਜ਼ ਦਰਾਂ 'ਚ ਕਟੌਤੀ ਕੀਤੀ ਹੈ।

RBI ਨੇ ਇਸ ਸਾਲ ਰੈਪੋ ਦਰਾਂ 'ਚ ਚਾਰ ਵਾਰ ਕਟੌਤੀ ਕੀਤੀ ਹੈ ਜੋ ਕੁੱਲ 110 ਬੀਪੀਐੱਸ ਤਕ ਹੈ। ਬੈਂਕ ਸਾਲ ਦੌਰਾਨ ਵਿਆਜ ਦਰਾਂ 'ਚ ਕਟੌਤੀ ਕਰਦੇ ਰਹੇ ਹਨ। ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਰਾਂ, ਭਾਰਤੀ ਸਟੇਟ ਬੈਂਕ (SBI) ਨੇ ਪਹਿਲੀ ਵਾਰ MCLR 'ਚ 15 ਬੀਪੀਐੱਸ ਦੀ ਕਟੌਤੀ ਦਾ ਐਲਾਨ ਕੀਤਾ ਸੀ। ਆਰਬੀਆਈ ਦੇ 7 ਅਗਸਤ ਨੂੰ ਨੀਤੀਗਤ ਐਲਾਨ ਦੇ ਕੁਝ ਹੀ ਘੰਟਿਆਂ ਅੰਦਰ ਆਈਡੀਬੀਆਈ ਬੈਂਕ ਅਤੇ ਓਰੀਐਂਟਲ ਬੈਂਕ ਆਫ ਕਾਮਰਸ ਨੇ 5-10 ਬੇਸਿਸ ਪੁਆਇੰਟ ਤਕ ਆਪਣੀਆਂ ਦਰਾਂ ਘਟਾ ਦਿੱਤੀਆਂ। 5 ਅਗਸਤ ਨੂੰ ਇਲਾਹਾਬਾਦ ਬੈਂਕ ਤੇ ਕੇਨਰਾ ਬੈਂਕ ਨੇ ਵੀ ਆਪਣੀ ਐੱਮਸੀਐੱਲਆਰ 'ਚ ਕਟੌਤੀ ਕੀਤੀ ਸੀ। ਸੈਂਟਰਲ ਬੈਂਕ ਆਫ ਇੰਡੀਆ ਨੇ ਵੀ ਪਿਛਲੇ ਹਫ਼ਤੇ ਆਪਣੀਆਂ ਕਰਜ਼ ਦਰਾਂ 'ਚ ਕਟੌਤੀ ਦਾ ਐਲਾਨ ਕੀਤਾ ਸੀ।

Posted By: Seema Anand