ਨਵੀਂ ਦਿੱਲੀ : ਆਟੋਮੋਬਾਈਲ ਡੀਲਰਾਂ ਦੇ ਸੰਗਠਨ ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (ਐੱਫਏਡੀਏ) ਨੇ ਬੁੱਧਵਾਰ ਨੂੰ ਕਿਹਾ ਕਿ ਫਰਵਰੀ 'ਚ ਯਾਤਰੀ ਵਾਹਨਾਂ (ਪੀਵੀ) ਦੀ ਰਿਟੇਲ ਵਿਕਰੀ ਪਿਛਲੇ ਸਾਲ ਦੀ ਬਰਾਬਰ ਮਿਆਦ ਦੇ ਮੁਕਾਬਲੇ 8.25 ਫ਼ੀਸਦੀ ਘੱਟ ਕੇ 2,15,276 ਯੂਨਿਟ ਰਹਿ ਗਈ। ਸੰਗਠਨ ਨੇ ਕਿਹਾ ਕਿ ਗਾਹਕ ਵੱਲੋਂ ਖ਼ਰੀਦਦਾਰੀ ਘਟਾਏ ਜਾਣ ਦੇ ਕਾਰਨ ਵਿਕਰੀ 'ਚ ਗਿਰਾਵਟ ਦਰਜ ਕੀਤੀ ਗਈ। ਫਰਵਰੀ 2018 'ਚ ਯਾਤਰੀ ਵਾਹਨਾਂ ਦੀ ਰਿਟੇਲ ਵਿਕਰੀ 2,34,632 ਯੂਨਿਟ ਰਹੀ ਸੀ।

ਐੱਫਏਡੀਏ ਮੁਤਾਬਕ ਸਮੀਖਿਆ ਅਧੀਨ ਮਹੀਨੇ 'ਚ ਦੋਪਹੀਆ ਵਾਹਨਾਂ ਦੀ ਰਿਟੇਲ ਵਿਕਰੀ 7.97 ਫ਼ੀਸਦੀ ਘੱਟ ਕੇ 11,25,405 ਯੂਨਿਟ ਰਹੀ। ਫਰਵਰੀ 2018 'ਚ 12,22,883 ਦੋਪਹੀਆ ਵਾਹਨ ਵਿਕੇ ਸਨ। ਐੱਫਏਡੀਏ ਦੇ ਪ੍ਰੈਜ਼ੀਡੈਂਟ ਆਸ਼ੀਸ਼ ਹਰਸ਼ਰਾਜ ਕਾਲੇ ਨੇ ਇਕ ਬਿਆਨ 'ਚ ਕਿਹਾ ਕਿ ਯਾਤਰੀ ਵਾਹਨਾਂ ਦੀ ਵਿਕਰੀ 'ਚ ਜਨਵਰੀ 'ਚ ਤੇਜ਼ੀ ਦੇ ਇਕ ਮਹੀਨੇ ਬਾਅਦ ਸਨਅਤ 'ਚ ਫਿਰ ਤੋਂ ਸੁਸਤੀ ਛਾ ਗਈ ਹੈ। ਵਾਹਨਾਂ ਦੀ ਰਿਟੇਲ ਵਿਕਰੀ ਦੇ ਲਿਹਾਜ਼ ਨਾਲ ਫਰਵਰੀ ਚਾਲੂ ਵਿੱਤੀ ਸਾਲ ਦੇ ਸਭ ਤੋਂ ਸੁਸਤ ਮਹੀਨੇ 'ਚੋਂ ਇਕ ਰਿਹਾ ਹੈ। ਜਨਵਰੀ 'ਚ ਵੀ ਵਾਹਨਾਂ ਦੀ ਰਿਟੇਲ ਵਿਕਰੀ 'ਚ ਤੇਜ਼ੀ ਇਸ ਲਈ ਆਈ ਕਿਉਂਕਿ ਹਰ ਸਾਲ ਦੇ ਅੰਤ 'ਚ ਵੀ ਵਾਹਨਾਂ ਦੀ ਰਿਟੇਲ ਵਿਕਰੀ 'ਚ ਤੇਜ਼ੀ ਇਸ ਲਈ ਆਈ ਕਿਉਂਕਿ ਹਰ ਸਾਲ ਦੇ ਅੰਤ 'ਚ ਸਟਾਕ ਖਾਲੀ ਕਰਨ ਦੀ ਪ੍ਕਿਰਿਆ ਥੋੜ੍ਹੀ ਲੰਬੀ ਖਿੱਚ ਗਈ ਅਤੇ ਉਸ ਮਹੀਨੇ ਕੁਝ ਨਵੇਂ ਵਾਹਨ ਲਾਂਚ ਕੀਤੇ ਗਏ ਜਿਸ ਨਾਲ ਵੀ ਵਿਕਰੀ 'ਚ ਕੁਝ ਬੜ੍ਹਤ ਮਿਲੀ ਸੀ।

ਉਨ੍ਹਾਂ ਕਿਹਾ ਕਿ ਵਾਹਨਾਂ ਦੀ ਘਰੇਲੂ ਵਿਕਰੀ 'ਚ ਛੇ ਮਹੀਨੇ ਤੋਂ ਸੁਸਤੀ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਕੁਝ ਮਹੀਨੇ 'ਚ ਵੀ ਵਿਕਰੀ 'ਚ ਉਛਾਲ ਆਉਣ ਦੀ ਕੋਈ ਸੰਭਾਵਨਾ ਨਹੀਂ ਦਿਖ ਰਹੀ ਹੈ। ਵਿਕਰੀ 'ਚ ਸੁਸਤੀ ਦੀ ਸ਼ੁਰੂਆਤ ਸਤੰਬਰ ਤੋਂ ਹੋਈ, ਜਦੋਂ ਬੀਮਾ ਖ਼ਰਚ 'ਚ ਭਾਰੀ ਵਾਧਾ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ ਕਈ ਹੋਰ ਨਕਾਰਾਤਮਕ ਕਾਰਨ ਸਾਹਮਣੇ ਆਏ। ਇਸ ਕਾਰਨ ਲੋਕ ਵਾਹਨ ਖ਼ਰੀਦਦਾਰੀ ਦਾ ਫ਼ੈਸਲਾ ਟਾਲਦੇ ਰਹੇ ਅਤੇ ਕੰਜ਼ਿਊਮਰ ਮਾਹੌਲ ਵੀ ਇਸ ਦੌਰਾਨ ਕਮਜ਼ੋਰ ਹੋਇਆ।

ਉਨ੍ਹਾਂ ਕਿਹਾ ਕਿ ਦੇਸ਼ ਭਰ 'ਚ ਆਟੋ ਡੀਲਰਾਂ ਕੋਲ ਹਰ ਸ਼੍ਰੇਣੀ 'ਚ ਵਾਹਨਾਂ ਦਾ ਸਟਾਕ ਕਾਫ਼ੀ ਵੱਧ ਗਿਆ ਹੈ। ਪਿਛਲੇ ਦੋ ਮਹੀਨੇ 'ਚ ਯਾਤਰੀ ਅਤੇ ਵਣਜ ਵਾਹਨਾਂ ਦੇ ਸਟਾਕ ਵਿਚ ਕੁਝ ਕਮੀ ਆਈ ਸੀ ਪਰ ਹੁਣ ਇਨ੍ਹਾਂ ਦੋਨੋਂ ਸ਼੍ਰੇਣੀਆਂ 'ਚ ਫਿਰ ਤੋਂ ਸਟਾਕ ਦਾ ਪੱਧਰ ਨਵੰਬਰ 2018 ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਫਰਵਰੀ ਮਹੀਨੇ 'ਚ ਵਾਹਨਾਂ ਦੀ ਕੁਲ ਰਿਟੇਲ ਵਿਕਰੀ ਸਾਲ-ਦਰ-ਸਾਲ ਆਧਾਰ 'ਤੇ 8.06 ਫ਼ੀਸਦੀ ਘੱਟ ਕੇ 14,52,078 ਯੂਨਿਟ ਰਹਿ ਗਈ ਜੋ ਫਰਵਰੀ 2018 'ਚ 15,79,349 ਯੂਨਿਟ ਸੀ।