ATM Withdrawl Limit : ਜਿਹਡ਼ੇ ਲੋਕ ਏਟੀਐੱਮ ਦੀ ਜ਼ਿਆਦਾ ਵਰਤੋਂ ਕਰਦੇ ਹਨ, ਇਹ ਖ਼ਬਰ ਉਨ੍ਹਾਂ ਲਈ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ 5,000 ਤੋਂ ਜ਼ਿਆਦਾ ਦੀ ਰਕਮ ਕਢਵਾਉਣ 'ਤੇ ਚਾਰਜ ਦੇਣਾ ਪਵੇ। ਰਿਜ਼ਰਵ ਬੈਂਕ ਆਫ ਇੰਡੀਆ ਯਾਨੀ RBI ਇਸ 'ਤੇ ਵਿਚਾਰ ਕਰ ਰਿਹਾ ਹੈ। ਮੀਡੀਆ ਰਿਪੋਰਟਸ ਮੁਤਾਬਿਕ, ਇਹ ਪੰਜ ਮੁਫ਼ਤ ਟ੍ਰਾਂਜ਼ੈਕਸ਼ਨਜ਼ 'ਚ ਸ਼ਾਮਲ ਨਹੀਂ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਏਟੀਐੱਮ ਤੋਂ ਇਕ ਵਾਰ 5,000 ਰੁਪਏ ਦੀ ਨਿਕਾਸੀ 'ਤੇ ਬੈਂਕ ਗਾਹਕ ਤੋਂ 24 ਰੁਪਏ ਫੀਸ ਵਸੂਲ ਸਕਦਾ ਹੈ। ਮੌਜੂਦਾ ਵਿਵਸਥਾ ਤਹਿਤ ਫਿਲਹਾਲ ਪੰਜ ਟ੍ਰਾਂਜ਼ੈਕਸ਼ਨਜ਼ ਮੁਫ਼ਤ ਹਨ। ਇਸ ਤੋਂ ਬਾਅਦ 20 ਰੁਪਏ ਪ੍ਰਤੀ ਟ੍ਰਾਂਜ਼ੈਕਸ਼ਨ ਲਗਦੇ ਹਨ।

ਖ਼ਬਰ ਇਹ ਹੈ ਕਿ ਆਰਬੀਆਈ ਨੇ ਏਟੀਐੱਮ ਫੀਸ 'ਤੇ ਮੁਡ਼ ਵਿਚਾਰ ਲਈ ਇਕ ਕਮੇਟੀ ਗਠਿਤ ਕੀਤੀ ਸੀ। ਇਸ ਕਮੇਟੀ ਨੇ ਹੀ ਸਿਫ਼ਾਰਸ਼ ਕੀਤੀ ਹੈ ਕਿ ਜੇਕਰ ਕੋਈ ਗਾਹਕ ਏਟੀਐੱਮ ਤੋਂ ਇਕ ਵਾਰੀ 'ਚ ਪੰਜ ਹਜ਼ਾਰ ਰੁਪਏ ਤੋਂ ਜ਼ਿਆਦਾ ਕਢਵਾਉਂਦਾ ਹੈ ਤਾਂ ਉਸ ਤੋਂ ਚਾਰਜ ਵਸੂਲਿਆ ਜਾਵੇ। ਕਵਾਇਦ ਇਹੀ ਹੈ ਕਿ ਲੋਕ ਆਪਣਾ ਵੱਧ ਤੋਂ ਵੱਧ ਲੈਣ-ਦੇਣ ਆਨਲਾਈਨ ਕਰਨ। ਜੇਕਰ ਕਮੇਟੀ ਦੀਆਂ ਸਿਫ਼ਾਰਸ਼ਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਕਰੀਬ 8 ਸਾਲ ਬਾਅਦ ਏਟੀਐੱਮ ਨਾਲ ਜੁਡ਼ੇ ਨਿਯਮਾਂ 'ਚ ਇਹ ਅਹਿਮ ਬਦਲਾਅ ਹੋਵੇਗਾ। ਜਾਣਕਾਰੀ ਮੁਤਾਬਿਕ, ਆਰਬੀਆਈ ਚਾਹੁੰਦਾ ਹੈ ਕਿ ਵੱਡੇ ਸ਼ਹਿਰਾਂ 'ਚ ਏਟੀਐੱਮ ਦਾ ਰੁਝਾਨ ਘਟਾਇਆ ਜਾਵੇ। ਲੋਕ ਸਿਰਫ਼ ਪੈਸਾ ਜਮ੍ਹਾਂ ਕਰਨ ਲਈ ਏਟੀਐੱਮ ਦਾ ਇਸਤੇਮਾਲ ਕਰਨ, ਉੱਥੇ ਹੀ ਛੋਟੇ ਸ਼ਹਿਰਾਂ 'ਚ ਏਟੀਐੱਮ ਵਧਾਏ ਜਾਣਗੇ। ਇਹ ਛੋਟੇ ਸ਼ਹਿਰ ਉਹ ਹੋਣਗੇ ਜਿੱਥੇ ਆਬਾਦੀ 10 ਲੱਖ ਤੋਂ ਘੱਟ ਹੈ।

ਛੋਟੇ ਸ਼ਹਿਰਾਂ ਤੇ ਪਿੰਡਾਂ 'ਤੇ ਫੋਕਸ ਰੱਖਦੇ ਹੋਏ ਹੀ ਕਮੇਟੀ ਨੇ ਛੋਟੇ ਟ੍ਰਾਂਜ਼ੈਕਸ਼ਨ ਮੁਫ਼ਤ ਰੱਖੇ ਹਨ। ਨਿਯਮਾਂ ਮੁਤਾਬਿਕ, ਇਨ੍ਹਾਂ ਸ਼ਹਿਰਾਂ ਤੇ ਪਿੰਡਾਂ 'ਚ ਗਾਹਕ ਨੂੰ ਏਟੀਐੱਮ ਤੋਂ 6 ਵਾਰ ਰਕਮ ਕਢਵਾਉਣ ਦੀ ਛੋਟ ਹੋਵੇਗੀ। ਫਿਲਹਾਲ ਇਹ ਸਹੂਲਤ ਪੰਜ ਵਾਰ ਹੀ ਉਪਲਬਧ ਹੈ।

ਪਿੰਡ ਵਿਚ ਸਰਕਾਰੀ ਰਾਸ਼ਨ ਦੀ ਦੁਕਾਨ 'ਚ ਲੱਗੇਗਾ ATM

ਇਸੇ ਮਹੀਨੇ ਆਈ ਇਕ ਰਿਪੋਰਟ ਤੋਂ ਸਾਫ਼ ਹੈ ਕਿ ਆਰਬੀਆਈ ਦਾ ਪੂਰਾ ਧਿਆ ਹੁਣ ਗ੍ਰਾਮੀਣ ਖੇਤਰਾਂ 'ਤੇ ਹੈ। ਰਿਪੋਰਟ ਮੁਤਾਬਿਕ ਸਰਕਾਰੀ ਤੇ ਪ੍ਰਾਈਵੇਟ ਬੈਂਕ ਹੁਣ ਦਿਹਾਤੀ ਇਲਾਕਿਆਂ 'ਚ ਬੈਂਕਿੰਗ ਸਹੂਲਤਾਂ ਵਧਾਉਣ 'ਤੇ ਵਿਚਾਰ ਕਰ ਰਹੇ ਹਨ। ਦਿਹਾਤੀ ਲੋਕਾਂ ਨੂੰ ਹੁਣ 10,000 ਰੁਪਏ ਤਕ ਦੇ ਲੈਣ-ਦੇਣ ਲਈ ਬੈਂਕ ਤਕ ਜਾਣ ਦੀ ਜ਼ਰੂਰਤ ਨਹੀਂ ਪਵੇਗੀ, ਉਨ੍ਹਾਂ ਲਈ ਇਸ ਦੀ ਵਿਵਸਥਾ ਪਿੰਡ ਦੇ ਪੀਡੀਐੱਸ ਰਾਸ਼ਨ ਕੇਂਦਰਾਂ (PDS Ration Shops) 'ਤੇ ਹੀ ਉਪਲਬਧ ਕਰਵਾਈ ਜਾ ਰਹੀ ਹੈ। ਸਰਕਾਰ ਰਾਸ਼ਨ ਦੀ ਦੁਕਾਨ 'ਤੇ ਲੱਗੀ ਈ-ਪਾਸ ਮਸ਼ੀਨ 'ਚ ਮਿੰਨੀ ATM ਦੀ ਵਿਵਸਥਾ ਕਰਨ ਜਾ ਰਹੀ ਹੈ।

Posted By: Seema Anand