ਨਈ ਦੁਨੀਆ, ਨਵੀਂ ਦਿੱਲੀ : ਆਮ ਤੌਰ 'ਤੇ ATM ਤੋਂ ਜਦੋਂ 2000 ਰੁਪਏ ਦਾ ਨੋਟ ਨਿਕਲਦਾ ਹੈ ਤਾਂ ਗਾਹਕ ਦੀ ਸਭ ਤੋਂ ਵੱਡੀ ਚਿੰਤਾ ਛੁੱਟੇ ਨੋਟ ਦੀ ਹੁੰਦੀ ਹੈ। ਗਾਹਕਾਂ ਦੀ ਇਸ ਸਮੱਸਿਆ ਨੂੰ ਸਮਝਦੇ ਹੋਏ Indian Bank ਨੇ ਵੱਡਾ ਫ਼ੈਸਲਾ ਲਿਆ ਹੈ ਕਿ ਹੁਣ ਬੈਂਕ ਦੇ ਕਿਸੇ ATM ਤੋਂ 2000 ਰੁਪਏ ਦਾ ਨੋਟ ਨਹੀਂ ਨਿਕਲੇਗਾ। ਇਹ ਵਿਵਸਥਾ 1 ਮਾਰਚ ਤੋਂ ਲਾਗੂ ਹੋ ਜਾਵੇਗੀ। ਸਾਰੀਆਂ ਬ੍ਰਾਂਚਾਂ ਤਕ ਇਸ ਫ਼ੈਸਲੇ ਦੀ ਜਾਣਕਾਰੀ ਪੁੱਜਦੀ ਕਰਦੇ ਹੋਏ 17 ਫਰਵਰੀ ਨੂੰ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਹੁਣ ਬੈਂਕ ਆਪਣੇ ATM 'ਚ ਸਿਰਫ਼ 100, 200 ਤੇ 500 ਰੁਪਏ ਦੋ ਨੇਟ ਹੀ ਜਮ੍ਹਾਂ ਕਰੇਗਾ।

Indian Bank ਵੱਲੋਂ ਕਿਹਾ ਗਿਆ ਹੈ ਕਿ ATM ਤੋਂ 2000 ਰੁਪਏ ਦਾ ਨੋਟ ਮਿਲਣ ਤੋਂ ਬਾਅਦ ਗਾਹਕਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ। ਬੈਂਕ ਨੇ ਆਪਣੇ ATM 'ਚ ਬਦਲਾਅ ਕੀਤੇ ਹਨ। Indian Bank ਦੇ ATM ਤੋਂ 2000 ਰੁਪਏ ਦੇ ਨੋਟ ਦੀ ਕੈਸੇਟ ਡਿਸੇਬਲ ਕਰ ਦਿੱਤੀ ਗਈ ਹੈ, ਉੱਥੇ ਹੀ 200 ਰੁਪਏ ਦੇ ਨੋਟ ਦੀ ਕੈਸੇਟ ਵਧਾ ਦਿੱਤੀ ਗਈ ਹੈ।

ਬੈਂਕ 'ਚ ਮਿਲਦੇ ਰਹਿਣਗੇ 2000 ਰੁਪਏ ਦੇ ਨੋਟ

ਬੈਂਕ ਨੇ ਸਪੱਸ਼ਟ ਕੀਤਾ ਹੈ ਜਿਹੜੇ ਗਾਹਕਾਂ ਨੂੰ ਵੱਡੇ ਨੋਟ ਚਾਹੀਦੇ ਹਨ, ਉਨ੍ਹਾਂ ਨੂੰ ਬ੍ਰਾਂਚ ਆਉਣਾ ਪਵੇਗਾ ਯਾਨੀ ਕੈਸ਼ ਕਾਊਂਟਰ ਤੋਂ ਪੈਸਾ ਕਢਵਾਉਂਦੇ ਸਮੇਂ ਗਾਹਕਾਂ ਨੂੰ 2000 ਰੁਪਏ ਦੇ ਨੋਟ ਦਿੱਤੇ ਜਾ ਸਕਦੇ ਹਨ।

ਸਿਰਫ਼ Indian Bank ਦਾ ਫ਼ੈਸਲਾ

ਦੱਸ ਦੇਈਏ ਕਿ ਇਹ ਫ਼ੈਸਲਾ ਸਿਰਫ਼ Indian Bank ਨੇ ਲਿਆ ਹੈ। ਸਰਕਾਰ ਜਾਂ ਆਰਬੀਆਈ ਵੱਲੋਂ ਅਜਿਹਾ ਕੋਈ ਹੁਕਮ ਨਹੀਂ ਹੈ। ਨਾ ਹੀ ਕਿਸੇ ਤੇ ਸਰਕਾਰੀ ਜਾਂ ਪ੍ਰਾਈਵੇਟ ਬੈਂਕ ਨੇ ਅਜਿਹਾ ਫ਼ੈਸਲਾ ਲਿਆ ਹੈ। ਇਸ ਦੌਰਾਨ ਦੇਸ਼ ਵਿਚ ਸਾਰੇ ਬੈਂਕਾਂ ਨੂੰ ਏਟੀਐੱਮ ਸਰਵਿਸ ਮੁਹੱਈਆ ਕਰਵਾਉਣ ਵਾਲੀ ਕੰਪਨੀ ਫਾਇਨਾਂਸ਼ੀਅਲ ਸਾਫਟਵੇਅਰ ਐਂਡ ਸਿਸਟਮਜ਼ ਦੇ ਚੇਅਰਮੈਨ ਵੀ. ਬਾਲਾਸੁਬਰਾਮਣੀਅਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।

ਬੰਦ ਨਹੀਂ ਹੋਵੇਗਾ 2000 ਰੁਪਏ ਦਾ ਨੋਟ

Indian Bank ਨੇ ਗਾਹਕਾਂ ਦੀ ਸਹੂਲਤ ਲਈ ਇਹ ਫ਼ੈਸਲਾ ਲਿਆ ਹੈ ਪਰ ਇਸ ਦਾ ਅਰਥ ਇਹ ਨਾ ਕੱਢਿਆ ਜਾਵੇ ਕਿ 2000 ਰੁਪਏ ਦਾ ਨੋਟ ਬੰਦ ਹੋਣ ਜਾ ਰਿਹਾ ਹੈ। ਇਸ ਸਬੰਧ 'ਚ ਪਹਿਲਾਂ ਵੀ ਝੂਠੀਆਂ ਖ਼ਬਰਾਂ ਫੈਲੀਆਂ ਹਨ ਤੇ ਸਰਕਾਰ ਦੇ ਨਾਲ ਹੀ ਆਰਬੀਆਈ ਨੇ ਸਾਫ਼ ਕੀਤਾ ਹੈ ਕਿ ਹੁਣ ਇਸ ਨੋਟ ਨੂੰ ਬੰਦ ਕਰਨ ਦਾ ਕੋਈ ਵਿਚਾਰ ਨਹੀਂ ਹੈ।

Posted By: Seema Anand