Atal Beemit Vyakti Kalyan Yojana: ਕੇਂਦਰ ਸਰਕਾਰ ਕੋਰੋਨਾ ਲਾਕਡਾਊਨ ਦੌਰਾਨ ਨੌਕਰੀ ਗਵਾਉਣ ਵਾਲੇ ਮੁਲਾਜ਼ਮਾਂ ਲਈ ਇਕ ਸਕੀਮ ਲੈ ਕੇ ਆ ਰਹੀ ਹੈ। ਅਟਲ ਬੀਮਾ ਵਿਅਕਤੀ ਕਲਿਆਣ ਯੋਜਨਾ ਤਹਿਤ ਈਐਸਆਈਸੀ ਨਾਲ ਰਜਿਸਟਰਡ ਮੁਲਾਜ਼ਮਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ। ਲਾਕਡਾਊਨ ਦੌਰਾਨ ਜੇ ਅਜਿਹੇ ਰਜਿਸਰਡ ਮੁਲਾਜ਼ਮਾਂ ਦੀ ਨੌਕਰੀ ਚਲੀ ਗਈ ਸੀ ਤਾਂ ਉਹ ਬੇਰੁਜ਼ਗਾਰੀ ਰਾਹਤ ਦੇ ਰੂਪ ਵਿਚ ਤਿੰਨ ਮਹੀਨੇ ਤਕ ਆਪਣੀ ਤਨਖਾਹ ਦੀ 50 ਫੀਸਦ ਰਾਸ਼ੀ ਦਾ ਦਾਅਵਾ ਕਰ ਸਕਦੇ ਹਨ।

ਇਸ ਸਕੀਮ ਦਾ ਫਾਇਦਾ ਉਨ੍ਹਾਂ ਮੁਲਾਜ਼ਮਾਂ ਨੂੰ ਵੀ ਮਿਲੇਗਾ ਜਿਨ੍ਹਾਂ ਨੂੰ ਬਾਅਦ ਵਿਚ ਨੌਕਰੀ ਮਿਲ ਗਈ ਹੈ। ਈਐਸਆਈਸੀ ਨੇ ਇਸ ਲਈ 44000 ਕਰੋੜ ਰੁਪਏ ਦਾ ਪ੍ਰਾਵਾਧਾਨ ਕੀਤਾ ਹੈ ਅਤੇ ਇਸ ਦਾ ਨੋਟੀਫਿਕੇਸ਼ਨ ਅੱਜ ਜਾਰੀ ਹੋਵੇਗਾ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਲੇਬਰ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਜੇ ਤਕ ਇਸ ਯੋਜਨਾ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਪਰ ਨੇਡ਼ਲੇ ਭਵਿੱਖ ਵਿਚ ਇਸ ਵਿਚ ਤੇਜ਼ੀ ਆਉਣ ਦੀ ਸੰਭਾਵਨਾ ਹੈ।

ਲੇਬਰ ਮੰਤਰਾਲਾ ਦੇ ਸੂਤਰਾਂ ਮੁਤਾਬਕ ਇਸ ਯੋਜਨਾ ਤਹਿਤ ਰੋਜ਼ਾਨਾ 400 ਕਲੇਮ ਆ ਰਹੇ ਹਨ। ਈਐਸਆਈਸੀ ਅਤੇ ਲੇਬਰ ਮੰਤਰਾਲਾ ਨੇ ਪਿਛਲੇ ਮਹੀਨੇ ਇਸ ਦਾ ਦਾਇਰਾ ਵਧਾਉਣ ਦਾ ਫੈਸਲਾ ਕਰਦੇ ਹੋਏ ਬੇਰੁਜ਼ਗਾਰੀ ਰਾਹਤ ਨੂੰ 25 ਫੀਸਦ ਤੋਂ ਵਧਾ ਕੇ 50 ਫੀਸਦ ਕਰ ਦਿੱਤਾ ਸੀ। ਕੋਰੋਨਾ ਮਹਾਮਾਰੀ ਕਾਲ ਦੌਰਾਨ ਨੌਕਰੀ ਗਵਾਉਣ ਵਾਲੇ ਬੀਮਾ ਹੋਲਡਰ ਮੁਲਾਜ਼ਮਾਂ ਨੂੰ ਰਾਹਤ ਦਿੰਦੇ ਹੋਏ ਸ਼ਰਤਾਂ ਵਿਚ ਵੀ ਛੋਟ ਦਿੱਤੀ ਸੀ।

Posted By: Tejinder Thind