ਜੇਐੱਨਐੱਨ, ਨਵੀਂ ਦਿੱਲੀ : ਨਿੱਜੀ ਖੇਤਰ ਦੇ Yes Bank ਲਿਮਟਿਡ ਨੇ ਮੁੰਬਈ 'ਚ ਅਨਿਲ ਧੀਰੂਭਾਈ ਅੰਬਾਨੀ ਗਰੁੱਪ (ADAG) ਦੇ ਮੁੱਖ ਦਫ਼ਤਰ, ਰਿਲਾਇੰਸ ਸੈਂਟਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਬੁੱਧਵਾਰ ਨੂੰ ਫਾਈਨਾਂਸ਼ੀਅਲ ਐਕਸਪ੍ਰੈੱਸ 'ਚ ਪ੍ਰਕਾਸ਼ਿਤ ਇਕ ਇਸ਼ਤਿਹਾਰ 'ਚ ਬੈਂਕ ਨੇ ਦੱਸਿਆ ਕਿ ਉਸ ਨੇ ਸਾਂਤਾਕਰੂਜ਼ (ਮੁੰਬਈ) 'ਚ 21,000 ਵਰਗ ਫੁੱਟ ਤੋਂ ਜ਼ਿਆਦਾ ਮੁੱਖ ਦਫ਼ਤਰ ਦੀ ਇਮਾਰਤ ਤੇ ਦੱਖਣੀ ਮੁੰਬਈ 'ਚ ਨਾਗਿਨ ਮਹਿਲ 'ਚ ਦੋ ਮੰਜ਼ਿਲਾਂ 'ਤੇ ਕਬਜ਼ਾ ਕਰ ਲਿਆ ਹੈ, ਜੋ ਉਸ ਦਾ ਹੈੱਡਕੁਆਰਟਰ ਸੀ। ਭਵਨ ਦਾ ਕਬਜ਼ਾ 22 ਜੁਲਾਈ ਨੂੰ ਸਕਿਓਰਟਾਈਜ਼ੇਸ਼ਨ ਐਂਡ ਰਿਕੰਸਟਰੱਕਸ਼ਨ ਆਫ਼ ਫਾਈਨਾਂਸ਼ੀਅਲ ਅਸਟੇਸਸ ਐਂਡ ਇਨਫੋਰਸਮੈਂਟ ਆਫ ਸਕਿਓਰਿਟੀ ਇੰਟਰੈਸਟ ਐਕਟ (SARFESI) ਤਹਿਤ ਹੋਇਆ।

ਯੈਸ ਬੈਂਕ ਨੇ ਕਬਜ਼ੇ ਦਾ ਕਦਮ ਉਦੋਂ ਚੁੱਕਿਆ ਜਦੋਂ ਅਨਿਲ ਧੀਰੂਬਾਈ ਅੰਬਾਨੀ ਗਰੁੱਪ ਬੈਂਕ ਦਾ 2,892 ਕਰੋੜ ਦਾ ਬਕਾਇਆ ਦੇਣ 'ਚ ਅਸਫਲ ਰਿਹਾ ਹੈ। ਇਸ ਸਾਲ ਮਾਰਚ 'ਚ ਅੰਬਾਨੀ ਨੇ ਈਈ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਯੈਸ ਬੈਂਕ ਲਈ ਏਡੀਏਜੀ ਦਾ ਜੋਖਮ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਤੇ ਕਾਨੂੰਨ ਤੇ ਵਿੱਤੀ ਨਿਯਮਾਂ ਦੀ ਪਾਲਣਾ 'ਚ ਹੈ। ਅਨਿਲ ਅੰਬਾਨੀ ਦੇ ਗਰੁੱਪ 'ਤੇ ਯੈਸ ਬੈਂਕ ਦਾ ਕੁੱਲ 12,000 ਕਰੋੜ ਰੁਪਏ ਬਕਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਦਾ ਨਾ ਤਾਂ ਰਾਣਾ ਕਪੂਰ, ਉਨ੍ਹਾਂ ਦੀ ਪਤਨੀ ਤੇ ਉਨ੍ਹਾਂ ਦੀਆਂ ਬੇਟੀਆਂ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਸੰਪਰਕ ਹੈ ਤੇ ਨਾ ਹੀ ਉਨ੍ਹਾਂ ਵੱਲੋਂ ਨਿਯੰਤ੍ਰਿਤ ਕਿਸੇ ਸੰਸਥਾ ਦੇ ਸੰਪਰਕ 'ਚ ਹਨ।

ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਾਣਾ ਕਪੂਰ, ਉਨ੍ਹਾਂ ਦੀਆਂ ਬੇਟੀਆਂ ਰੋਸ਼ਨੀ ਕਪੂਰ, ਰਾਧਾ ਕਪੂਰ ਤੇ ਰਾਖੀ ਕਪੂਰ ਖ਼ਿਲਾਫ਼ ਯੌਸ ਬੈਂਕ ਫਰਾਡ ਕੇਸ 'ਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਤੋਂ ਇਲਾਵਾ ਚਾਰਜਸ਼ੀਟ 'ਚ ਮਾਰਗਨ ਕ੍ਰੈਡਿਟਸ, ਯੈਸ ਕੈਪੀਟਲ ਦਾ ਵੀ ਨਾਂ ਸ਼ਾਮਿਲ ਹੈ। ਫਿਲਹਾਲ ਪ੍ਰਸ਼ਾਂਤ ਕੁਮਾਰ ਯੈਸ ਬੈਂਕ ਦੇ ਨਿਰਦੇਸ਼ਤ ਵਜੋਂ ਕੰਮਕਾਜ ਦੇਖ ਰਹੇ ਹਨ। ਗੌਰਤਲਬ ਹੈ ਕਿ ਐਬਾਨੀ 2008 'ਚ ਦੁਨੀਆ ਦੇਸ਼ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਸਨ ਪਰ ਟੈਲੀਕਾਮ, ਪਾਵਰ ਤੇ ਇੰਟਰਟੇਨਮੈਂਟ ਸੈਕਟਰ 'ਚ ਵੱਡੇ ਘਾਟੇ ਦੇ ਚੱਲਦਿਆਂ ਉਨ੍ਹਾਂ 'ਤੇ ਕਰਜ਼ ਵੱਧਦਾ ਗਿਆ।

Posted By: Harjinder Sodhi