ਨਵੀਂ ਦਿੱਲੀ : ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਪਿਛਲੇ 14 ਮਹੀਨਿਆਂ 'ਚ 35 ਹਜ਼ਾਰ ਕਰੋੜ ਰੁਪਏ ਦੇ ਕਰਜ਼ ਦਾ ਭੁਗਤਾਨ ਕੀਤਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ 'ਚ ਬਾਕੀ ਕਰਜ਼ ਦਾ ਭੁਗਤਾਨ ਵੀ ਕਰ ਦੇਣਗੇ। ਅੰਬਾਨੀ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਇਹ ਗੱਲਾਂ ਕਹੀਆਂ।

ਅੰਬਾਨੀ ਮੁਤਾਬਿਕ 35 ਹਜ਼ਾਰ ਕਰੋੜ ਰੁਪਏ 'ਚ ਜਿਨ੍ਹਾਂ ਗਰੁੱਪ ਕੰਪਨੀਆਂ ਦਾ ਕਰਜ਼ ਚੁਕਾਇਆ ਗਿਆ ਉਨ੍ਹਾਂ ਵਿਚ ਰਿਲਾਇੰਸ ਪਾਵਰ, ਰਿਲਾਇੰਸ ਇਨਫਰਾ ਅਤੇ ਰਿਲਾਇੰਸ ਕੈਪੀਟਲ ਸ਼ਾਮਲ ਹਨ। ਅੰਬਾਨੀ ਨੇ ਕਿਹਾ, 'ਰਿਲਾਇੰਸ ਗਰੁੱਪ ਨੇ ਅਪ੍ਰੈਲ 2018 ਤੋਂ ਮਈ 2019 ਤਕ 14 ਮਹੀਨਿਆਂ ਦੀ ਮਿਆਦ 'ਚ 35,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕੁੱਲ ਕਰਜ਼ ਭੁਗਤਾਨ ਕੀਤਾ ਹੈ।'

ਇਸ ਵਿਚ 25,000 ਕਰੋੜ ਰੁਪਏ ਮੂਲ ਭੁਗਤਾਨ ਅਤੇ ਲਗਪਗ 11,000 ਕਰੋੜ ਰੁਪਏ ਦਾ ਵਿਆਜ ਭੁਗਤਾਨ ਸ਼ਾਮਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਿਲਾਇੰਸ ਗਰੁੱਪ ਭਵਿੱਖ 'ਚ ਆਪਣੇ ਸਾਰੇ ਕਰਜ਼ ਦਾ ਭੁਗਤਾਨ ਕਰ ਦੇਵੇਗਾ। ਆਰਕਾਮ ਦਾ ਸ਼ੇਅਰ 2.78 ਫ਼ੀਸਦੀ ਦੀ ਗਿਰਾਵਟ ਨਾਲ 1.75 ਰੁਪਏ 'ਤੇ ਟਰੇਡ ਕਰ ਰਿਹਾ ਸੀ। ਰਿਲਾਇੰਸ ਪਾਵਰ ਦਾ ਸ਼ੇਅਰ 2.71 ਫ਼ੀਸਦੀ ਦੀ ਗਿਰਾਵਟ ਨਾਲ 5.6 ਰੁਪਏ 'ਤੇ ਟਰੇਡ ਕਰ ਰਿਹਾ ਸੀ।

ਅਨਿਲ ਅੰਬਾਨੀ ਨੇ ਕੰਪਨੀ ਦੇ ਸ਼ੇਅਰਾਂ ਸਬੰਧੀ ਚੱਲ ਰਹੀਆਂ ਅਫ਼ਵਾਹਾਂ ਬਾਰੇ ਵੀ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ 'ਚ ਰਿਲਾਇੰਸ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ਬਾਰੇ ਗ਼ੈਰ-ਕਾਨੂੰਨੀ ਅਫ਼ਵਾਹਾਂ ਨੇ ਸਾਡੇ ਸਾਰੇ ਸਟੇਕਹੋਲਡਰਜ਼ ਨੂੰ ਨੁਕਸਾਨ ਪਹੁੰਚਾਇਆ ਹੈ।

ਅੰਬਾਨੀ ਨੇ ਸਾਰੇ ਨਿਵੇਸ਼ਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਤੈਅ ਸਮੇਂ 'ਤੇ ਸਾਰੇ ਕਰਜ਼ਦਾਰਾਂ ਦਾ ਭੁਗਤਾਨ ਕਰਨ ਲਈ ਵਚਨਬੱਧ ਹਨ। ਆਪਣੇ ਸਮੂਹ ਦੀਆਂ ਕੁਝ ਸਮੱਸਿਆਵਾਂ ਲਈ ਰੈਗੂਲੇਟਰੀ ਸੰਸਥਾ ਅਤੇ ਅਦਾਲਤਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਫ਼ੈਸਲੇ ਨੂੰ ਪਾਸ ਕਰਨ ਵਿਚ ਹੋਏ ਦੇਰ ਕਾਰਨ ਸਮੂਹ ਨੂੰ 30,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹਾਸਲ ਕਰਨ ਵਿਚ ਰੁਕਾਵਟ ਦਾ ਸਾਹਮਣਾ ਕਰਨਾ ਪਿਆ।

Posted By: Seema Anand