ਨਵੀਂ ਦਿੱਲੀ : ਭਾਰਤੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਆਖ਼ਰਕਾਰ ਪਹਿਲੀ ਅਜਿਹੀ ਕੰਪਨੀ ਬਣ ਗਈ ਹੈ ਜਿਸ ਨੇ ਉੱਤਰੀ ਧਰੂਵ ਦੇ ਉੱਪਰੋਂ ਪਹਿਲੀ ਕਮਰਸ਼ੀਅਲ ਉਡਾਨ ਭਰੀ ਹੈ। ਆਜ਼ਾਦੀ ਦਿਹਾੜੇ ਮੌਕੇ ਏਅਰ ਇੰਡੀਆ ਦੇ Boeing 777 ਜਹਾਜ਼ ਨੇ ਉੱਤਰੀ ਧਰੂਵ ਦੇ ਉੱਪਰੋਂ ਪਹਿਲੀ ਉਡਾਨ ਭਰੀ ਅਤੇ ਦਿੱਲੀ ਤੋਂ ਸਾਨ ਫਰਾਂਸਿਸਕੋ ਦਾ ਸਫ਼ਰ ਪੂਰਾ ਕੀਤਾ।

ਚੁਣੌਤੀਆਂ ਨਾਲ ਭਰੇ ਇਸ ਰਸਤੇ ਜਾਣ ਵਾਲੀ ਏਅਰ ਇੰਡੀਆ ਪਹਿਲੀ ਏਵੀਏਸ਼ਨ ਕੰਪਨੀ ਬਣ ਗਈ ਹੈ। ਇਸ ਜਹਾਜ਼ ਨੂੰ ਇਸ ਰਸਤਿਓਂ ਸਾਨ ਫਰਾਂਸਿਸਕੋ ਪਹੁੰਚਣ 'ਚ 13 ਘੰਟੇ ਲੱਗਣਗੇ ਕਿਉਂਕਿ ਇਸ ਰਸਤੇ ਦੀ ਦੂਰੀ 8 ਹਜ਼ਾਰ ਕਿੱਲੋਮੀਟਰ ਹੈ। ਉੱਥੇ ਹੁਣ ਤਕ ਫ਼ਿਲਹਾਲ ਜਿਸ ਰਸਤੇ ਜਹਾਜ਼ ਸਾਨ ਫਰਾਂਸਿਸਕੋ ਜਾਂਦੇ ਰਹੇ ਹਨ, ਉਸ ਦੀ ਦੂਰੀ 12 ਹਜ਼ਾਰ ਕਿਲੋਮੀਟਰ ਹੈ ਅਤੇ ਉਸ ਨੂੰ ਤੈਅ ਕਰਨ 'ਚ 14.5 ਘੰਟੇ ਦਾ ਸਮਾਂ ਲਗਦਾ ਹੈ।

ਭਾਰਤੀ ਹਵਾਬਾਜ਼ੀ ਖੇਤਰ ਲਈ ਇਹ ਇਤਿਹਾਸਕ ਉਪਲੱਬਧੀ ਹੈ। ਇਸ ਰੂਟ ਤੋਂ ਸਾਨ ਫਰਾਂਸਿਸਕੋ ਪਹੁੰਚਣ ਲਈ ਏਅਰ ਇੰਡੀਆ ਦੇ ਜਹਾਜ਼ ਨੇ ਦਿੱਲੀ ਤੋਂ ਉਡਾਨ ਭਰਨ ਤੋਂ ਬਾਅਦ ਕਿਰਗਿਸਤਾਨ, ਕਜ਼ਾਕਿਸਤਾਨ, ਰੂਸ ਹੋ ਕੇ ਅਟਲਾਂਟਿਕ ਮਹਾਸਾਗਰ ਨੂੰ ਪਾਰ ਕਰਕੇ ਕੈਨੇਡਾ ਹੁੰਦੇ ਹੋਏ ਅਮਰੀਕਾ 'ਚ ਪ੍ਰਵੇਸ਼ ਕੀਤਾ। ਆਮ ਰਸਤਾ ਦਿੱਲੀ ਤੋਂ ਬੰਗਲਾਦੇਸ਼, ਮਿਆਂਮਾਰ, ਚੀਨ ਅਤੇ ਜਾਪਾਨ ਹੋ ਕੇ ਜਾਂਦਾ ਹੈ ਅਤੇ ਜਹਾਜ਼ ਨੂੰ ਪ੍ਰਸ਼ਾਂਤ ਮਹਾਸਾਗਰ ਪਾਰ ਕਰਨ ਤੋਂ ਬਾਅਦ ਅਮਰੀਕਾ 'ਚ ਪ੍ਰਵੇਸ਼ ਮਿਲਦਾ ਹੈ।

Posted By: Seema Anand