ਨਵੀਂ ਦਿੱਲੀ (ਏਐੱਨਆਈ) : ਏਅਰ ਇੰਡੀਆ ਦੀ ਰਣਨੀਤਿਕ ਵਿਕਰੀ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਹੁਣ ਪਰਵਾਸੀ ਭਾਰਤੀ (ਐੱਨਆਰਆਈਜ਼) ਏਅਰਲਾਈਨਜ਼ 'ਚ ਸੌ ਫ਼ੀਸਦੀ ਹਿੱਸੇਦਾਰੀ ਹਾਸਲ ਕਰ ਸਕਦੇ ਹਨ। ਪਹਿਲਾਂ ਇਹ ਹਿੱਸੇਦਾਰੀ 49 ਫ਼ੀਸਦੀ ਸੀ।

ਜਾਵੜੇਕਰ ਨੇ ਕਿਹਾ ਕਿ ਕੈਬਿਨਟ ਨੇ ਐੱਨਆਰਆਈ ਨੂੰ ਏਅਰ ਇੰਡੀਆ 'ਚ ਸੌ ਫ਼ੀਸਦੀ ਹਿੱਸੇਦਾਰੀ ਹਾਸਲ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਐੱਨਆਰਆਈਜ਼ ਵੱਲੋਂ ਕੈਰੀਅਰ 'ਚ 100 ਫ਼ੀਸਦੀ ਨਿਵੇਸ਼ ਦੀ ਇਜਾਜ਼ਤ ਦੇਣਾ ਐੱਸਓਈਸੀ ਮਾਪਦੰਡਾਂ ਦੀ ਉਲੰਘਣਾ ਨਹੀਂ ਹੋਵੇਗਾ। ਐੱਨਆਰਆਈ ਨਿਵੇਸ਼ ਨੂੰ ਘਰੇਲੂ ਨਿਵੇਸ਼ ਮੰਨਿਆ ਜਾਵੇਗਾ। ਸਰਕਾਰ ਦੇ ਮਨਜ਼ੂਰ ਰੂਟ ਰਾਹੀਂ ਏਅਰਲਾਈਨ 'ਚ 49 ਫ਼ੀਸਦੀ ਸਿੱਧਾ ਵਿਦੇਸ਼ ਨਿਵੇਸ਼ (ਐੱਫਡੀਆਈ) ਵੀ ਕੀਤਾ ਜਾ ਸਕਦਾ ਹੈ। ਕੁਝ ਸ਼ਰਤਾਂ ਅਧੀਨ ਮੌਜੂਦ ਮਾਪਦੰਡਾਂ ਮੁਤਾਬਕ ਏਅਰਲਾਈਨ 'ਚ ਸੌ ਫ਼ੀਸਦੀ ਐੱਫਡੀਆਈ ਦੀ ਇਜਾਜ਼ਤ ਹੈ ਜਿਸ 'ਚ ਸ਼ਾਮਲ ਹੈ ਕਿ ਇਹ ਵਿਦੇਸ਼ੀ ਏਅਰਲਾਈਨਜ਼ ਲਈ ਲਾਗੂ ਨਹੀਂ ਹੋਵੇਗਾ।


ਕਾਬਿਲੇਗੌਰ ਹੈ ਕਿ ਸਰਕਾਰ ਨੇ ਜਨਵਰੀ 'ਚ ਏਅਰ ਇੰਡੀਆ 'ਚ ਸੌ ਫ਼ੀਸਦੀ ਹਿੱਸੇਦਾਰੀ ਵੇਚਣ ਬਾਰੇ ਸ਼ੁਰੂਆਤੀ ਸੂਚਨਾ ਜਾਰੀ ਕੀਤੀ ਸੀ। ਬੋਲੀ ਦਸਤਾਵੇਜ਼ਾਂ ਮੁਤਾਬਕ ਰਣਨੀਤਿਕ ਵਿਨਿਵੇਸ਼ ਤਹਿਤ ਸਰਕਾਰ ਏਅਰ ਇੰਡੀਆ ਐਕਸਪ੍ਰੈੱਸ 'ਚ ਆਪਣੀ ਸੌ ਫ਼ੀਸਦੀ ਹਿੱਸੇਦਾਰੀ ਤੇ ਜੁਆਇੰਟ ਵੈਂਚਰ ਏਆਈਐੱਸਏਟੀਐੱਸ 'ਚ 50 ਫ਼ੀਸਦੀ ਹਿੱਸੇਦਾਰੀ ਵੇਚੇਗੀ। ਏਅਰ ਇੰਡੀਆ ਲਈ ਬੋਲੀ ਲਗਾਉਣ ਦੀ ਆਖ਼ਰੀ ਮਿਤੀ 17 ਮਾਰਚ ਹੈ।

Posted By: Rajnish Kaur