ਮੁੰਬਈ (ਏਜੰਸੀ) : ਗੱਲ ਫਰਵਰੀ 2018 ਦੀ ਹੈ ਜਦੋਂ ਆਦਿਤਿਆ ਬਿਰਲਾ ਆਇਡੀਆ ਪੇਮੈਂਟਸ ਬੈਂਕ ਨੂੰ ਪੇਮੈਂਟਸ ਬੈਂਕਿੰਗ ਸੰਚਾਲਨ ਦੀ ਇਜਾਜ਼ਤ ਭਾਰਤੀ ਰਿਜ਼ਰਵ ਬੈਂਕ (RBI) ਤੋਂ ਮਿਲੀ ਸੀ। ਹੁਣ ਇਹੀ ਬੈਂਕ ਆਪਣਾ ਕਾਰੋਬਾਰ ਸਮੇਟਣ ਦੀ ਤਿਆਰੀ ਕਰ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਕਿਹਾ ਹੈ ਕਿ ਆਦਿਤਿਆ ਬਿਰਲਾ ਆਇਡੀਆ ਪੇਮੈਂਟਸ ਬੈਂਕ ਸਵੈ-ਇੱਛਾ ਨਾਲ ਆਪਣਾ ਕਾਰੋਬਾਰ ਸਮੇਟ ਰਹੀ ਹੈ ਤੇ ਲਿਕਵਿਡੇਸ਼ਨ ਦੀ ਤਿਆਰੀ ਕਰ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਕ ਨੋਟੀਫਿਕੇਸ਼ਨ 'ਚ ਕਿਹਾ, 'ਅਸੀਂ ਸਲਾਹ ਦਿੰਦੇ ਹਾਂ ਕਿ ਆਦਿਤਿਆ ਬਿਰਲਾ ਆਇਡੀਆ ਪੇਮੈਂਟਸ ਬੈਂਕ ਲਿਮਟਿਡ ਦੇ ਸਵੈ-ਇੱਛਾ ਨਾਲ ਕਾਰੋਬਾਰ ਸਮੇਟਣ ਨੂੰ ਲੈ ਕੇ ਬੰਬੇ ਹਾਈ ਕੋਰਟ ਨੇ 18 ਸਤੰਬਰ 2019 ਨੂੰ ਇਕ ਹੁਕਮ ਪਾਸ ਕੀਤਾ ਸੀ।'

RBI ਨੇ ਕਿਹਾ ਕਿ ਬੰਬੇ ਹਾਈ ਕੋਰਟ ਨੇ ਡੇਲਾਇਟ ਟੂਸ਼ ਤੋਮਾਤਸੂ ਇੰਡੀਆ ਐੱਲਐੱਲਪੀ ਦੇ ਸੀਨੀਅਰ ਡਾਇਰੈਕਟਰ ਵਿਜੈਕੁਮਾਰ ਵੀ. ਅਈਅਰ ਨੂੰ ਇਸ ਦੇ ਲਈ ਲਿਕਵੀਡੇਟਰ ਨਿਯੁਕਤ ਕੀਤਾ ਹੈ। ਇਸ ਸਾਲ ਜੁਲਾਈ 'ਚ ਆਦਿਤਿਆ ਬਿਰਲਾ ਆਇਡੀਆ ਪੇਮੈਂਟਸ ਬੈਂਕ ਨੇ 'ਅਣਕਿਆਸੇ ਘਟਨਾਕ੍ਰਮਾਂ' ਕਾਰਨ ਆਪਣਾ ਕਾਰੋਬਾਰ ਸਮੇਟਣ ਦਾ ਐਲਾਨ ਕੀਤਾ ਸੀ। ਬੈਂਕ ਨੇ ਕਿਹਾ ਸੀ ਕਿ ਇਸ ਦਾ ਇਕੋਨਾਮਿਕ ਮਾਡਲ ਅਵਿਵਹਾਰਕ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚਾਰ ਪੇਮੈਂਟਸ ਬੈਂਕ ਪਹਿਲਾਂ ਹੀ ਆਪਣਾ ਕਾਰੋਬਾਰ ਸਮੇਟ ਚੁੱਕੇ ਹਨ। ਇਸ ਤੋਂ ਪਹਿਲਾਂ ਟੈੱਕ ਮਹਿੰਦਰਾ, ਚੋਲਾਮੰਡਲਮ ਇਨਵੈਸਟਮੈਂਟ ਐਂਡ ਫਾਈਨਾਂਸ ਕੰਪਨੀ ਤੇ ਦਿਲੀਪ ਸਾਂਘਵੀ ਦਾ ਇਕ ਕੰਸ਼ੋਰਸੀਅਮ, ਆਈਡੀਐੱਫਸੀ ਬੈਂਕ ਲਿਮਟਿਡ ਤੇ ਟੈਲੀ ਨਾਲ ਫਾਇਨਾਂਸ਼ੀਅਲ ਸਰਵਿਸਿਜ਼ ਨੇ ਪੈਮੈਂਟਸ ਬੈਂਕਿੰਗ ਦੇ ਖੇਤਰ 'ਚੋਂ ਬਾਹਰ ਹੋਣ ਦਾ ਐਲਾਨ ਕੀਤਾ ਸੀ।

ਆਦਿਤਿਆ ਬਿਰਲਾ ਆਇਡੀਆ ਪੇਮੈਂਟਸ ਬੈਂਕ ਨੇ ਆਫਿਸ਼ੀਅਲ ਵੈੱਬਸਾਈਟ www.aditybirla.bank 'ਤੇ ਆਪਣੇ ਕਾਰੋਬਾਰ ਨੂੰ ਸਮੇਟਣ ਦੀ ਜਾਣਕਾਰੀ ਦਿੱਤੀ ਸੀ। ਬੈੰਕ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਅਸੀਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਬੈਂਕ ਨੇ ਆਪਣੇ ਡਿਪਾਜ਼ਿਟ ਦੀ ਵਾਪਸੀ ਲਈ ਪੂਰੀ ਵਿਵਸਥਾ ਕੀਤੀ ਹੈ।

Posted By: Seema Anand