ਨਵੀਂ ਦਿੱਲੀ (ਏਐੱਨਆਈ) : ਭਾਰਤੀ ਸਾਫਟਵੇਅਰ ਉਦਯੋਗ ਦੇ ਪਿਤਾਮਾ ਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਪਹਿਲੇ ਸੀਈਓ ਫਕੀਰ ਚੰਦ ਕੋਹਲੀ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ 96 ਸਾਲਾਂ ਦੇ ਸਨ। ਟੀਸੀਐੱਸ ਨੇ ਇਸ ਦੀ ਪੁਸ਼ਟੀ ਕੀਤੀ ਹੈ। 2002 'ਚ ਉਨ੍ਹਾਂ ਨੂੰ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਪੁਰਸਕਾਰ ਭਾਰਤੀ ਸਾਫਟਵੇਅਰ ਉਦਯੋਗ 'ਚ ਉਨ੍ਹਾਂ ਦੇ ਯੋਗਦਾਨ ਲਈ ਦਿੱਤਾ ਗਿਆ ਸੀ। ਉਨ੍ਹਾਂ ਨੇ 100 ਬਿਲੀਅਨ ਡਾਲਰ ਦੇ ਆਈਟੀ ਉਦਯੋਗ ਦੇ ਨਿਰਮਾਣ 'ਚ ਮਦਦ ਕੀਤੀ।

ਉਨ੍ਹਾਂ ਦਾ ਜਨਮ ਪਿਸ਼ਾਵਰ 'ਚ 19 ਮਾਰਚ 1924 ਨੂੰ ਹੋਇਆ ਸੀ। ਉਨ੍ਹਾਂ ਨੇ ਲਾਹੌਰ ਦੇ ਸਰਕਾਰੀ ਕਾਲਜ ਫਾਰ ਮੈੱਨ ਤੋਂ ਬੀਏ ਤੇ ਬੀਐੱਸਸੀ ਕੀਤੀ। ਬਾਅਦ 'ਚ ਉਹ ਕੈਨੇਡਾ ਦੇ ਕੁਈਨ ਯੂਨੀਵਰਸਿਟੀ ਗਏ ਤੇ 1948 'ਚ ਇਲੈਕਟ੍ਰੀਕਲ ਇੰਜੀਨੀਅਰਿੰਗ 'ਚ ਬੀਐੱਸਸੀ (ਆਨਰਜ਼) ਪੂਰਾ ਕੀਤਾ।