ਹਰ ਉਹ ਕੰਮ ਜੋ ਮੁਕੰਮਲ ਤੌਰ ’ਤੇ ਪੂਰਾ ਹੋ ਜਾਂਦਾ ਹੈ, ਜੇ ਦੇਖਿਆ ਜਾਵੇ ਤਾਂ ਉਹ ਮਿਹਨਤ ਦਾ ਰਿਣੀ ਹੁੰਦਾ ਹੈ। ਮਿਹਨਤ ਤੋਂ ਮਨਫ਼ੀ ਕੰਮ ਪਹਿਲਾਂ ਤਾਂ ਸਿਰੇ ਹੀ ਨਹੀਂ ਚੜ੍ਹਦਾ ਤੇ ਜੇ ਚੜ੍ਹ ਵੀ ਜਾਵੇ ਤਾਂ ਸੰਤੁਸ਼ਟੀ ਨਹੀਂ ਦਿੰਦਾ। ਜੀਵਨ ਵਿਚਲਾ ਹਰ ਕੰਮ ਮਿਹਨਤ ਦੀ ਲੋੜ ਪ੍ਰਗਟਾਉਂਦਾ ਹੈ। ਮਿਹਨਤ ਇਕ ਅਜਿਹਾ ਸੌਦਾ ਹੈ, ਜਿਸ ਵਿਚ ਨੁਕਸਾਨ ਕੋਈ ਨਹੀਂ ਸਗੋਂ ਨਫ਼ਾ ਹੀ ਨਫ਼ਾ ਹੈ। ਮਿਹਨਤ ਤੋਂ ਬਾਅਦ ਪ੍ਰਾਪਤ ਹੋਏ ਨਤੀਜੇ ਬਹੁਤ ਵੱਡਮੁੱਲੇ ਸਬਕ ਦੇ ਕੇ ਜਾਂਦੇ ਹਨ। ਲਗਾਤਾਰ ਮਿਹਨਤ ਕਰਨ ਵਾਲਾ ਮਨੁੱਖ ਦਿ੍ਰੜ ਇਰਾਦੇ ਨਾਲ ਆਪਣੇ ਮਾਰਗ ’ਤੇ ਅੱਗੇ ਵੱਧਦਾ ਜਾਂਦਾ ਹੈ। ਉਹ ਖ਼ੁਦ ਤਾਂ ਪ੍ਰਸਿੱਧੀ ਤੇ ਬੁਲੰਦੀਆਂ ਦੇ ਨਾਲ-ਨਾਲ ਮੰਜ਼ਿਲ ਪ੍ਰਾਪਤ ਕਰਦਾ ਹੀ ਹੈ, ਨਾਲ-ਨਾਲ ਹੋਰਨਾਂ ਨੂੰ ਵੀ ਪ੍ਰੇਰਿਤ ਕਰਦਾ ਹੈ।

ਇਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਹੈ, ਇਸ ’ਚ ਕੋਈ ਸ਼ੱਕ ਨਹੀਂ ਪਰ ਲਗਨ ਨਾਲ ਟੀਚਾ ਮਿੱਥ ਕੇ ਕੀਤੀ ਮਿਹਨਤ ਹੀ ਅਸਲ ਮਾਅਨਿਆਂ ’ਚ ਮਿਹਨਤ ਅਖਵਾਉਂਦੀ ਹੈ। ਇਕ ਮਹਾਤਮਾ ਆਪਣੇ ਕੁਝ ਸਾਥੀਆਂ ਨਾਲ ਇਕ ਪਿੰਡ ਵਿੱਚੋਂ ਲੰਘ ਰਿਹਾ ਸੀ। ਉਨ੍ਹਾਂ ਪਿੰਡ ’ਚ ਅਜਿਹਾ ਖੇਤ ਦੇਖਿਆ, ਜਿਸ ’ਚ ਖੱਡੇ ਹੀ ਖੱਡੇ ਨਜ਼ਰ ਆ ਰਹੇ ਸਨ। ਜਦੋਂ ਮਹਾਤਮਾ ਨੇ ਪੁੱਛਿਆ ਕਿ ਇਸ ਖੇਤ ’ਚ ਇੰਨੇ ਖੱਡੇ ਕਿਉਂ ਹਨ ਤਾਂ ਉੱਥੋਂ ਦੇ ਕਿਸੇ ਜਾਣਕਾਰ ਨੇ ਜਵਾਬ ਦਿੱਤਾ ਕਿ ਮਹਾਤਮਾ ਜੀ ਇਸ ਪਿੰਡ ’ਚ ਇਕ ਕਿਸਾਨ ਰਹਿੰਦਾ ਹੈ, ਜਿਸ ਦਾ ਇਹ ਖੇਤ ਹੈ ਉਹ ਖੂਹ ਪੁੱਟਣਾ ਚਾਹੁੰਦਾ ਹੈ ਪਰ ਜਦੋਂ ਵੀ ਖੂਹ ਪੁੱਟਣਾ ਸ਼ੁਰੂ ਕਰਦਾ ਹੈ ਤਾਂ ਕੋਈ ਨਾ ਕੋਈ ਆ ਕੇ ਉਸ ਨੂੰ ਰੋਕ ਦਿੰਦਾ ਹੈ। ਕੋਈ ਆਖਦਾ ਹੈ ਕਿ ਅੱਜ ਦਾ ਮਹੂਰਤ ਠੀਕ ਨਹੀਂ, ਇਹ ਜਗ੍ਹਾ ਠੀਕ ਨਹੀਂ, ਇੱਥੋਂ ਪਾਣੀ ਨਹੀਂ ਨਿਕਲੇਗਾ ਜਾਂ ਤੇਰਾ ਖੂਹ ਪੁੱਟਣ ਦਾ ਤਰੀਕਾ ਗ਼ਲਤ ਹੈ। ਇਸ ਤਰ੍ਹਾਂ ਉਹ ਲੋਕਾਂ ਦੀਆਂ ਗੱਲਾਂ ਸੁਣਨ ਕਾਰਨ ਇਕ ਥਾਂ ਛੱਡ ਕੇ ਦੂਜੀ ਥਾਂ ਅਤੇ ਦੂਜੀ ਥਾਂ ਛੱਡ ਕੇ ਤੀਜੀ ਥਾਂ ’ਤੇ ਖੱਡਾ ਪੱੁਟਣਾ ਸ਼ੁਰੂ ਕਰ ਦਿੰਦਾ ਹੈ। ਮਹਾਤਮਾ ਉੱਥੋਂ ਇਹ ਕਹਿ ਕੇ ਅੱਗੇ ਚੱਲ ਪਏ ਕਿ ‘ਕਿੰਨਾ ਚੰਗਾ ਹੁੰਦਾ, ਜੇ ਉਹ ਇਕ ਥਾਂ ’ਤੇ ਹੀ ਖੱਡਾ ਪੁੱਟਦਾ ਤਾਂ ਅੱਜ ਉਸ ਨੂੰ ਪਾਣੀ ਪ੍ਰਾਪਤ ਹੋ ਜਾਣਾ ਸੀ।

ਇਹ ਦਿ੍ਰਸ਼ਟਾਂਤ ਸਾਡੇ ਜੀਵਨ ਵਿਚਲੇ ਯਥਾਰਥ ਵੱਲ ਇਸ਼ਾਰਾ ਕਰਦਾ ਹੋਇਆ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦਾ ਹੈ। ਕਈ ਵਾਰ ਅਸੀਂ ਬਹੁਤ ਮਿਹਨਤ ਕਰਦੇ ਹਾਂ ਪਰ ਸਫਲਤਾ ਪ੍ਰਾਪਤ ਨਹੀਂ ਹੁੰਦੀ। ਵਧੇਰੇ ਕਾਰਨਾਂ ਵਿੱਚੋਂ ਇਕ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਹੈ ਕਿ ਅਸੀਂ ਮਿਹਨਤ ਨੂੰ ਉਸ ਗਹਿਰਾਈ ਨਾਲ ਨਹੀਂ ਕਰਦੇ, ਜਿਸ ਗਹਿਰਾਈ ਨਾਲ ਸਾਨੂੰ ਕਰਨੀ ਚਾਹੀਦੀ ਹੈ। ਭਾਵ ਜੋ ਕੰਮ ਕਰਨ ਲਈ ਇਕ ਵਾਰ ਦਿ੍ਰੜਤਾ ਨਾਲ ਇਰਾਦਾ ਕਰ ਲਿਆ, ਉਸ ’ਤੇ ਅਟੱਲ ਹੋ ਜਾਵੋ, ਨਹੀਂ ਤਾਂ ਸਾਡੀ ਹਾਲਤ ਉਪਰੋਕਤ ਕਿਸਾਨ ਵਰਗੀ ਹੋ ਜਾਂਦੀ ਹੈ ਕਿ ਖੱਡੇ ਤਾਂ ਪੁੱਟੇ ਜਾ ਰਹੇ ਹਨ ਪਰ ਪਾਣੀ ਦੀ ਪ੍ਰਾਪਤੀ ਨਹੀਂ ਹੁੰਦੀ। ਲਗਾਤਾਰ ਕੀਤੀ ਮਿਹਨਤ ਸਾਨੂੰ ਜ਼ਰੂਰ ਸਫਲਤਾ ਦੀ ਟੀਸੀ ’ਤੇ ਪਹੁੰਚਾ ਦੇਵੇਗੀ।

- ਸੌਰਵ ਦਾਦਰੀ

Posted By: Harjinder Sodhi