ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ, ਖ਼ਾਸ ਕਰਕੇ ਕਿਸਾਨਾਂ ਨੂੰ ਅਨੇਕਾਂ ਵਾਰ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਦੀ ਆਮਦਨ ਦੇ ਨਵੇਂ ਜ਼ਰੀਏ ਵਿਕਸਤ ਹੋ ਸਕਣ ਤੇ ਉਹ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ 'ਚੋਂ ਬਾਹਰ ਨਿਕਲ ਸਕਣ।

ਆਖ਼ਰ ਕਿਉਂ ਨਹੀਂ ਸਹਾਇਕ ਧੰਦੇ ਕਾਮਯਾਬ ਹੋ ਰਹੇ? ਕੀ ਕਾਰਨ ਹੈ ਕਿ ਇਨ੍ਹਾਂ ਧੰਦਿਆਂ ਵਿਚ ਮੁਨਾਫ਼ਾ ਨਹੀਂ ਹੋ ਰਿਹਾ ਤੇ ਲੋਕ ਇਹ ਧੰਦੇ ਨਹੀਂ ਅਪਣਾ ਰਹੇ

ਭੇਡਾਂ-ਬੱਕਰੀਆਂ ਪਾਲਣ ਦਾ ਕੰਮ

ਪੰਜਾਬ ਅੰਦਰ ਭੇਡ-ਬੱਕਰੀਆਂ ਪਾਲਣ ਦੇ ਕਾਰੋਬਾਰ ਲਈ ਤੁਹਾਨੂੰ ਘੱਟੋ ਘੱਟ 50 ਤੋਂ 100 ਦੇ ਦਰਮਿਆਨ ਜਾਨਵਰ ਚਾਹੀਦੇ ਹਨ। ਇੰਨੇ ਜਾਨਵਰ ਹੋਣ 'ਤੇ ਹੀ ਇਸ ਧੰਦੇ ਤੋਂ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਪੰਜਾਬ ਅੰਦਰ ਜ਼ਿਆਦਾਤਰ ਗ਼ਰੀਬ ਵਰਗ ਹੀ ਭੇਡਾਂ ਬੱਕਰੀਆਂ ਪਾਲਣ ਤੇ ਚਾਰਨ ਦਾ ਕੰਮ ਕਰਦਾ ਹੈ। ਪੰਜਾਬ ਦੇ ਕਿਸਾਨ ਵਰਗ ਨੇ ਅਜੇ ਇਹ ਕੰਮ ਅਪਣਾਇਆ ਹੀ ਨਹੀਂ। ਇਸ ਤੋਂ ਇਲਾਵਾ ਪੰਜਾਬ ਅੰਦਰ ਕਿਤੇ ਵੀ ਚਾਰਗਾਹਾਂ ਨਹੀਂ ਹਨ। ਭੇਡਾਂ-ਬੱਕਰੀਆਂ ਚਾਰਨ ਲਈ ਕਿਤੇ ਕੋਈ ਜਗ੍ਹਾ ਨਹੀਂ।

ਰਾਜਸਥਾਨ ਵਰਗੇ ਸੂਬਿਆਂ 'ਚ ਭੇਡਾਂ-ਬੱਕਰੀਆਂ ਚਾਰਨ ਲਈ ਬਹੁਤ ਸਾਰੀਆਂ ਚਰਾਂਦਾਂ ਹਨ। ਪੰਜਾਬ ਦਾ ਲਗਪਗ ਸਾਰਾ ਰਕਬਾ ਉਪਜਾਊ ਹੋਣ ਕਾਰਨ ਕਾਸ਼ਤ ਜਾਂ ਖੇਤੀ ਦੇ ਅਧੀਨ ਹੈ ਇਸ ਲਈ ਪਸ਼ੂਆਂ ਨੂੰ ਚਰਾਉਣ ਲਈ ਜਗ੍ਹਾ ਨਹੀਂ ਹੈ। ਜਿਸ ਕਰਕੇ ਲੋਕ ਭੇਡਾਂ-ਬੱਕਰੀਆਂ ਦੇ ਕੰਮ ਤੋਂ ਕਤਰਾ ਰਹੇ ਹਨ। ਇਸ ਤੋਂ ਇਲਾਵਾ ਪੇਂਡੂ ਖੇਤਰਾਂ ਵਿਚ ਡਾਕਟਰੀ ਸਹੂਲਤਾਂ ਦੀ ਅਜੇ ਵੀ ਕਾਫ਼ੀ ਘਾਟ ਹੈ। ਝੁੰਡਾਂ 'ਚ ਰਹਿਣ ਵਾਲੇ ਇਨ੍ਹਾਂ ਪਸ਼ੂਆਂ ਨੂੰ ਕਈ ਵਾਰ ਜਦ ਕੋਈ ਬਿਮਾਰੀ ਪੈਂਦੀ ਹੈ ਤਾਂ ਸੈਂਕੜੇ ਦੀ ਗਿਣਤੀ 'ਚ ਭੇਡਾਂ-ਬੱਕਰੀਆਂ ਮਰਨ ਨਾਲ ਪਸ਼ੂ ਪਾਲਕਾਂ ਨੂੰ ਬਾਰੀ ਨੁਕਸਾਨ ਹੁੰਦਾ ਹੈ। ਅਜਿਹੀ ਕੁਦਰਤੀ ਆਫ਼ਤ ਦੂਸਰੇ ਕਈ ਪਸ਼ੂ ਪਾਲਕਾਂ ਦਾ ਮਨੋਬਲ ਤੋੜ ਦਿੰਦੀ ਹੈ ਤੇ ਉਹ ਇਸ ਸਹਾਇਕ ਧੰਦੇ ਤੋਂ ਤੌਬਾ ਕਰ ਲੈਂਦੇ ਹਨ।

ਮੱਛੀ ਪਾਲਣ

ਮੱਛੀ ਪਾਲਣ ਦਾ ਧੰਦਾ ਜ਼ਿਆਦਾਤਰ ਕਿਸਾਨ ਹੀ ਕਰ ਸਕਦੇ ਹਨ ਕਿਉਂਕਿ ਇਸ ਲਈ ਘੱਟੋ ਘੱਟ ਤਿੰਨ ਤੋਂ ਚਾਰ ਏਕੜ ਜ਼ਮੀਨ ਦੀ ਲੋੜ ਤਲਾਅ ਬਣਾਉਣ ਲਈ ਚਾਹੀਦੀ ਹੈ। ਇਸ ਲਈ ਛੋਟੇ ਕਿਸਾਨ ਰਕਬੇ ਦੇ ਸੁੰਗੜਨ ਤੇ ਧੰਦਾ ਸ਼ੁਰੂ ਕਰਨ ਲਈ ਲੋੜੀਂਦੀਆਂ ਲਾਗਤ ਕੀਮਤਾਂ ਨੂੰ ਵੇਖਦੇ ਹੋਏ ਇਸ ਧੰਦੇ ਨੂੰ ਅਪਨਾਉਣ ਤੋਂ ਸੰਕੋਚ ਕਰਦੇ ਹਨ। ਪੰਜਾਬ ਅੰਦਰ ਮੱਛੀ ਦੀ ਜ਼ਿਆਦਾ ਖਪਤ ਨਾ ਹੋਣ ਕਾਰਨ ਵੀ ਮੱਛੀ ਪਾਲਣ ਦਾ ਧੰਦਾ ਲਾਹੇਵੰਦ ਸਿੱਧ ਨਹੀਂ ਹੋ ਸਕਿਆ। ਪੰਜਾਬ ਸਰਕਾਰ

ਵੱਲੋਂ ਕਿਸਾਨਾਂ ਲਈ ਇਸ ਕਿੱਤੇ ਦੀ ਸਿਖਲਾਈ ਦੇ ਖ਼ਾਸ ਪ੍ਰਬੰਧ ਨਾ ਕੀਤੇ ਜਾਣ ਤੋਂ ਇਲਵਾ ਮੰਡੀਕਰਨ ਦੇ ਢੁੱਕਵੇਂ ਪ੍ਰਬੰਧਾਂ ਦੀ ਘਾਟ ਹੋਣ ਕਾਰਨ ਵੀ ਇਹ ਕਿੱਤਾ ਹੌਲੀ-ਹੌਲੀ ਫੇਲ੍ਹ ਹੋ ਗਿਆ।

ਮੁਰਗੀ ਪਾਲਣ

ਮੁਰਗੀ ਪਾਲਣ ਦਾ ਧੰਦਾ ਪੰਜਾਬ ਅੰਦਰ ਕਾਫ਼ੀ ਵਧੀਆ ਚੱਲ ਰਿਹਾ ਹੈ ਪਰ ਇਸ ਉੱਪਰ ਵੀ ਕੁਝ ਕੁ ਲੋਕਾਂ ਦਾ ਹੀ ਕਬਜ਼ਾ ਹੈ। ਕੁਝ ਦਹਾਕੇ ਪਹਿਲਾਂ ਪੰਜਾਬ ਵਿਚ ਪਿੰਡ ਪੱਧਰ 'ਤੇ ਛੋਟੇ ਵਪਾਰੀਆਂ ਤੇ ਕਿਸਾਨਾਂ ਵੱਲੋਂ ਮੁਰਗੀ ਫਾਰਮ ਚਲਾਏ ਗਏ ਸਨ ਉਹ ਕਾਮਯਾਬ ਨਹੀਂ ਹੋ

ਸਕੇ ਕਿਉਂਕਿ ਉਨ੍ਹਾਂ ਨੂੰ ਇਸ ਬਾਰੇ ਤਕਨੀਕੀ ਜਾਣਕਾਰੀ ਬਹੁਤ ਘੱਟ ਸੀ। ਮੁਰਗੀਆਂ ਦੀ ਜਾਂਚ ਸਬੰਧੀ ਜਾਣਕਾਰੀ ਦੀ ਘਾਟ ਤੇ ਮੁਰਗੀਆਂ ਵਿਚ ਬਰਡ ਫਲੂ ਫੈਲਣ ਨਾਲ ਜਦੋਂ ਵੱਡੀ ਗਿਣਤੀ 'ਚ ਮੁਰਗੀਆਂ ਮਰ ਜਾਂਦੀਆਂ ਹਨ ਤਾਂ ਹੋਣ ਵਾਲਾ ਵੱਡਾ ਵਿੱਤੀ ਨੁਕਸਾਨ ਮੁਰਗੀ ਪਾਲਕਾਂ ਦਾ ਮਨੋਬਲ ਡੇਗ ਦਿੰਦਾ ਹੈ ਅਤੇ ਉਹ ਮੁਰਗੀ ਪਾਲਣ ਦਾ ਧੰਦਾ ਛੱਡਣ ਲਈ ਮਜਬੂਰ ਹੋ ਜਾਂਦੇ ਹਨ।

ਸ਼ਹਿਦ ਦੀਆਂ ਮੱਖੀਆਂ ਪਾਲਣਾ

ਪੰਜਾਬ ਦੇ ਨੌਜਵਾਨਾਂ ਨੇ ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਧੰਦੇ ਨੂੰ ਜ਼ੋਰ ਸ਼ੋਰ ਨਾਲ ਅਪਣਾਇਆ ਸੀ। ਸ਼ੁਰੂ ਵਿਚ ਤਾਂ ਇਹ ਵਧੀਆ ਮੁਨਾਫ਼ੇ ਵਾਲਾ ਲੱਗ ਰਿਹਾ ਸੀ ਪਰ ਪੰਜਾਬ ਅੰਦਰ ਜ਼ਿਆਦਾਤਰ ਫੁੱਲਾਂ ਦੀ ਖੇਤੀ ਨਾ ਹੋਣ ਕਾਰਨ ਮੱਖੀਆਂ ਦਾ ਸ਼ਹਿਦ ਇਕੱਠਾ ਕਰਨਾ ਸੌਖਾ ਕਾਰਜ ਨਹੀਂ ਹੈ। ਇਸ ਤੋਂ ਇਲਾਵਾ ਫਲੋਰੇ ਦੀ ਘਾਟ ਕਾਰਨ ਮੱਖੀਆਂ ਦੇ ਬਕਸਿਆਂ ਨੂੰ ਇਕ ਤੋਂ ਦੂਜੇ ਥਾਂ ਲੈ ਕੇ ਜਾਣ ਨਾਲ ਲਾਗਤ ਵਧ ਜਾਂਦੀ ਹੈ ਤੇ ਮੁਨਾਫ਼ੇ 'ਚ ਗਿਰਾਵਟ ਆ ਜਾਂਦੀ ਹੈ। ਪੰਜਾਬ ਦੇ ਲੋਕ ਵੀ ਸ਼ਹਿਦ ਦੇ ਖ਼ੁਰਾਕੀ ਗੁਣਾਂ ਤੋਂ ਜ਼ਿਆਦਾਤਰ ਅਨਜਾਣ ਹਨ। ਸ਼ਹਿਦ ਉਨ੍ਹਾਂ ਦੀ ਰੋਜ਼ਾਨਾ ਖ਼ੁਰਾਕ ਦਾ ਹਿੱਸਾ ਨਾ ਹੋਣ ਕਾਰਨ ਸ਼ਹਿਦ ਦੀ ਮੰਗ ਜ਼ਿਆਦਾ ਹੈ। ਇਹੀ ਇਸ ਦੇ ਵਪਾਰੀਕਰਨ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਹੈ। ਦਵਾਈਆਂ ਵਾਲੀਆਂ ਜੋ ਕੰਪਨੀਆਂ ਸ਼ਹਿਦ ਖ਼ਰੀਦਦੀਆਂ ਵੀ ਹਨ, ਉਹ ਉਤਪਾਦਕ ਨੂੰ ਕੌਡੀਆਂ ਦੇ ਭਾਅ ਅਦਾ ਕਰਦੀਆਂ ਹਨ। ਜ਼ਿਆਦਾਤਰ ਮੱਖੀ ਪਾਲਕਾਂ ਨੂੰ ਸੜਕਾਂ ਕਿਨਾਰੇ ਬੈਠ ਕੇ ਸ਼ਹਿਦ ਵੇਖਦੇ ਆਮ ਵੇਖਿਆ ਜਾ ਸਕਦਾ ਹੈ। ਸਰਕਾਰ ਸ਼ਹਿਦ ਮੱਖੀ ਪਾਲਕਾਂ ਨੂੰ ਸਿਖਲਾਈ ਤੇ ਹੋਰ ਸਹੂਲਤਾਂ ਦੇਵੇ ਤਾਂ ਖ਼ਤਮ ਹੋਣ ਕੰਢੇ ਪਹੁੰਚ ਚੁੱਕੇ ਇਸ ਧੰਦੇ 'ਚ ਮੁੜ ਜਾਨ ਪੈ ਸਕਦੀ ਹੈ।

ਸੂਰ ਪਾਲਣਾ

ਸੂਰ ਪਾਲਣ ਦਾ ਧੰਦਾ ਜ਼ਿਆਦਾਤਰ ਸ਼ਹਿਰਾਂ ਤਕ ਹੀ ਸੀਮਤ ਹੈ। ਪਿੰਡਾਂ ਦੇ ਲੋਕ ਸੂਰ ਪਾਲਣ ਦੇ ਕੰਮ ਵਿਚ ਨਹੀਂ ਹਨ। ਕੁਝ ਪਿੰਡਾਂ ਵਿਚ ਹੀ ਇੱਕਾ ਦੁੱਕਾ ਲੋਕ ਛੋਟੇ ਪੱਧਰ 'ਤੇ ਸੂਰ ਪਾਲਣ ਦਾ ਕੰਮ ਕਰਦੇ ਹਨ। ਸ਼ਹਿਰਾਂ ਅੰਦਰ ਵੀ ਸੂਰ ਫਾਰਮ ਬਹੁਤ ਵੱਡੇ ਨਹੀਂ ਹਨ। ਉਹ ਵੀ ਆਪਣੇ ਘਰਾਂ ਵਿਚ ਹੀ 5 ਤੋਂ 10 ਤਕ ਸੂਰ ਪਾਲਦੇ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਬਹੁਤ ਘੱਟ ਲੋਕ ਸੂਰ ਦਾ ਮਾਸ ਖਾਣਾ ਪਸੰਦ ਕਰਦੇ ਹਨ। ਜਿਸ ਕਾਰਨ ਇਸ ਦੀ ਮਾਰਕੀਟਿੰਗ ਕਾਫ਼ੀ ਘੱਟ ਹੈ। ਜਾਗਰੂਕਤਾ ਦੀ ਘਾਟ ਕਾਰਨ ਵੀ ਲੋਕ ਇਸ ਧੰਦੇ ਨੂੰ ਨਹੀਂ ਅਜਮਾ ਰਹੇ। ਜੇ ਸਰਕਾਰ ਵੱਡੇ ਪੱਧਰ 'ਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰ ਸਕੇ ਤਾਂ ਸੂਰ ਪਾਲਣ ਦਾ ਧੰਦਾ ਵਧੀਆ ਮੁਨਾਫ਼ੇ ਵਾਲਾ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਨੂੰ ਪਾਲਣ ਲਈ ਬਹੁਤੀ ਜ਼ਮੀਨ ਦੀ ਜ਼ਰੂਰਤ ਵੀ ਨਹੀਂ ਪੈਂਦੀ 8-10 ਜਾਨਵਰ ਪਾਲਣ ਤੋਂ ਇਸ ਕੰਮ ਦੀ ਆਸਾਨੀ ਨਾਲ ਸ਼ੁਰੂਆਤ ਕੀਤੀ ਜਾ ਸਕਦੀ ਹੈ।

ਸਰਕਾਰੀ ਉਪਰਾਲਿਆਂ ਦੀ ਲੋੜ


ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਹਾਇਕ ਧੰਦੇ ਅਪਨਾਉਣ ਵਾਲੇ ਕਿਸਾਨਾਂ ਜਾਂ ਬੇਰੁਜ਼ਗਾਰ ਨੌਜਵਾਨਾਂ ਲਈ ਤਕਨੀਕੀ ਸਿਖਲਾਈ, ਸਸਤੇ ਕਰਜ਼ੇ, ਸਬਸਿਡੀ ਆਦਿ ਦੇ ਪ੍ਰਬੰਧ ਕਰੇ। ਕਰਜ਼ੇ ਦੀਆਂ ਸ਼ਰਤਾਂ 'ਚ ਨਰਮੀ ਕੀਤੀ ਜਾਵੇ ਤੇ ਘੱਟ ਦਰਾਂ 'ਤੇ ਬੈਂਕ ਜਾਂ ਸੁਸਾਇਟੀਆਂ ਤੋਂ ਕਰਜ਼ ਦੁਆਉਣ ਦੇ ਪ੍ਰਬੰਧ ਕੀਤੇ ਜਾਣ। ਪਸ਼ੂਆਂ ਜਾਂ ਜਾਨਵਰਾਂ ਦੀ ਕਿਸੇ ਬਿਮਾਰੀ ਜਾਂ ਕੁਦਰਤੀ ਆਫ਼ਤ ਕਾਰਨ ਵੱਡੇ ਪੱਧਰ 'ਤੇ ਨੁਕਸਾਨ ਹੋਣ ਦੀ ਸੂਰਤ 'ਚ ਨੁਕਸਾਨ ਦੀ ਪੂਰਤੀ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ। ਨੁਕਸਾਨ ਦੀ ਪੂਰਤੀ ਲਈ ਸਬੰਧਤ ਧੰਦਿਆਂ ਦੇ ਬੀਮੇ ਦਾ ਪ੍ਰਬੰਧ ਕੀਤਾ ਜਾਵੇ। ਪਸ਼ੂ ਪਾਲਣ ਵਿਭਾਗ, ਮੱਛੀ ਪਾਲਣ ਵਿਭਾਗ, ਖੇਤੀਬਾੜੀ ਵਿਭਾਗ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਦੀ ਸਹਾਇਕ ਧੰਦੇ ਅਪਨਾਉਣ ਵਾਲੇ ਕਿਸਾਨਾਂ ਜਾਂ ਨੌਜਵਾਨਾਂ ਦੇ ਫਾਰਮਾਂ 'ਤੇ ਮਹੀਨੇ ਵਿਚ ਘੱਟੋ ਘੱਟ ਇਕ ਵਾਰ ਨਜ਼ਰਸਾਨੀ ਨੂੰ ਯਕੀਨੀ ਬਣਾਇਆ ਜਾਵੇ।

- ਬੀਰਬਲ ਧਾਲੀਵਾਲ ਮਾਨਸਾ

98155-34979

Posted By: Harjinder Sodhi