ਕਣਕ ਹਾੜੀ ਦੀ ਮੁੱਖ ਫ਼ਸਲ ਹੈ। ਦੂਜੀਆਂ ਫ਼ਸਲਾਂ ਦੇ ਮੁਕਾਬਲੇ ਕਣਕ ਹੇਠ ਵਧੇਰੇ ਰਕਬਾ ਹੈ। ਅਸਲ 'ਚ ਕਣਕ ਪੰਜਾਬ ਦੀ ਆਰਥਿਕਤਾ ਦਾ ਧੁਰਾ ਹੈ। ਹਾੜੀ ਵਿਚ ਕਾਸ਼ਤ ਅਧੀਨ ਕੁੱਲ ਰਕਬੇ ਵਿਚੋਂ 80 ਫ਼ੀਸਦੀ ਰਕਬੇ 'ਚ ਕਣਕ ਦੀ ਖੇਤੀ ਕੀਤੀ ਜਾਂਦੀ ਹੈ। ਪੰਜਾਬ ਵਿਚ ਕਰੀਬ 35 ਲੱਖ ਹੈਕਟੇਅਰ ਰਕਬੇ 'ਚ ਕਣਕ ਦੀ ਖੇਤੀ ਕੀਤੀ ਜਾਂਦੀ ਹੈ ਤੇ ਕਰੀਬ 180 ਲੱਖ ਟਨ ਉਪਜ ਪ੍ਰਾਪਤ ਹੁੰਦੀ ਹੈ। ਵੱਧ ਝਾੜ ਦੇਣ ਵਾਲੀਆਂ ਕਣਕ ਦੀਆਂ ਮਧਰੀਆਂ ਕਿਸਮਾਂ ਤੇ ਸਿੰਜਾਈ ਸਹੂਲਤਾਂ 'ਚ ਵਾਧੇ ਕਾਰਨ ਕਣਕ ਪੰਜਾਬੀਆਂ ਦਾ ਮੁੱਖ ਭੋਜਨ ਹੈ। ਕਣਕ ਉਤਪਾਦਨ ਵਿਚ ਪੰਜਾਬ ਕੇਂਦਰੀ ਅੰਨ ਭੰਡਾਰ 'ਚ 60 ਫ਼ੀਸਦੀ ਹਿੱਸਾ ਪਾਉਂਦਾ ਰਿਹਾ ਹੈ। ਜਦੋਂ ਪੰਜਾਬ ਵਿਚ ਸਿੰਜਾਈ ਸਹੂਲਤਾਂ ਘੱਟ ਸਨ, ਉਦੋਂ ਕਣਕ ਦੀ ਖੇਤੀ ਬਹੁਤ ਘੱਟ ਹੁੰਦੀ ਸੀ। ਬਰਾਨੀ ਖੇਤੀ ਵਿਚ ਛੋਲੇ, ਜੌਂ, ਸਰ੍ਹੋਂ ਆਦਿ ਦੀ ਬਿਜਾਈ ਕੀਤੀ ਜਾਂਦੀ ਸੀ। ਇਸ ਕਰਕੇ ਗ਼ਰੀਬ ਲੋਕਾਂ ਨੂੰ ਨਿਰੋਲ ਕਣਕ ਦੀ ਰੋਟੀ ਨਸੀਬ ਨਹੀਂ ਸੀ ਹੁੰਦੀ। ਕਣਕ ਵਿਚ ਛੋਲੇ ਰਲਾ ਕੇ ਰੋਟੀ ਬਣਾਈ ਜਾਂਦੀ ਸੀ ਜਾਂ ਫਿਰ ਮੱਕੀ ਦੀ ਰੋਟੀ ਖਾਧੀ ਜਾਂਦੀ ਸੀ। ਗ਼ਰੀਬ ਲੋਕ ਜਦੋਂ ਕਣਕ ਦੇ ਸੋਨ ਸੁਨਹਿਰੇ ਖੇਤਾਂ ਨੂੰ ਵੇਖਦੇ ਸਨ ਤਾਂ ਉਨ੍ਹਾਂ ਦੇ ਮੂੰਹੋਂ ਸਹਿ-ਸੁਭਾਅ ਇਹ ਸ਼ਬਦ ਨਿਕਲਦੇ ਸਨ - ''ਬਲੀਏ ਕਣਕ ਦੀਏ ਤੈਨੂੰ ਖਾਣਗੇ ਨਸੀਬਾਂ ਵਾਲੇ।'' ਪੰਜਾਬ ਦੇ ਕਿਸਾਨਾਂ ਦੀ ਮਿਹਨਤ ਤੇ ਵਿਗਿਆਨੀਆਂ ਦੁਆਰਾ ਤਿਆਰ ਕੀਤੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਰੰਗ ਲਿਆਈਆਂ। ਦੇਸ਼ 'ਚ ਕਣਕ ਦੇ ਅੰਬਾਰ ਲੱਗ ਗਏ। ਦੇਸ਼ ਵਿਚੋਂ ਭੁੱਖਮਰੀ ਹੀ ਦੂਰ ਨਹੀਂ ਹੋਈ ਸਗੋਂ ਦੇਸ਼ ਕਣਕ ਨੂੰ ਵਿਦੇਸ਼ਾਂ 'ਚ ਵੇਚਣ ਦੇ ਸਮਰੱਥ ਹੋਇਆ।

ਉੱਨਤ ਕਿਸਮਾਂ

ਝੋਨੇ ਤੋਂ ਜਿਹੜੇ ਖੇਤ ਵਿਹਲੇ ਹੋਣ, ਉੱਥੇ ਕਣਕ ਦੀ ਬਿਜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜੇ ਖੇਤ ਵਿਚ ਪੂਰਾ ਵੱਤਰ ਹੈ ਤੇ ਨਦੀਨਾਂ ਦੀ ਸਮੱਸਿਆ ਨਹੀਂ ਹੈ ਤਾਂ ਕਣਕ ਦੀ ਬਿਜਾਈ ਬਿਨਾਂ ਵਹਾਈ ਜ਼ੀਰੋ ਟਿਲ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਪੰਜਾਬ ਵਿਚ ਕਾਸ਼ਤ ਲਈ ਪੀਬੀਡਬਲਿਊ-725, ਪੀਬੀਡਬਲਿਊ-677, ਐੱਚਡੀ-3086, ਡਬਲਿਊਐੱਚ-1105, ਐੱਚਡੀ-2967, ਪੀਬੀਡਬਲਿਊ-621, ਉੱਨਤ ਪੀਬੀਡਬਲਿਊ-550 ਤੇ ਉੱਨਤ ਪੀਬੀਡਬਲਿਊ-343 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਇਨ੍ਹਾਂ ਕਿਸਮਾਂ ਦਾ ਝਾੜ 23 ਕੁਇੰਟਲ ਪ੍ਰਤੀ ਏਕੜ ਹੈ। ਜ਼ਿੰਕ ਦੀ ਵਧੇਰੇ ਮਾਤਰਾ ਵਾਲੀ ਕਿਸਮ ਪੀਬੀਡਬਲਿਊ-1 ਜ਼ਿੰਕ ਦੀ ਸਿਫਾਰਸ਼ ਕੀਤੀ ਗਈ ਹੈ। ਡਬਲਿਊਐੱਚਡੀ-943, ਪੀਬੀਡਬਲਿਊ-291 ਵਡਾਣਕ ਕਿਸਮਾਂ ਹਨ। ਟੀਐੱਲ-2908 ਟ੍ਰੀਟੀਕੇਲ ਕਣਕ ਦੀ ਕਿਸਮ ਹੈ।।ਮੌਸਮੀ ਤਬਦੀਲੀਆਂ ਨੂੰ ਵੇਖਦਿਆਂ ਸਾਰੇ ਰਕਬੇ ਵਿਚ ਇਕ ਹੀ ਕਿਸਮ ਨਾ ਬੀਜੀ ਜਾਵੇ ਸਗੋਂ ਦੋ ਜਾਂ ਤਿੰਨ ਕਿਸਮਾਂ ਦੀ ਬਿਜਾਈ ਕਰੋ।

ਬੀਜ ਦੀ ਮਾਤਰਾ

ਝੋਨੇ ਦੀ ਵਾਢੀ ਪਿੱਛੋਂ ਪਰਾਲੀ ਨੂੰ ਅੱਗ ਲਗਾਉਣਾ ਕਾਨੂੰਨੀ ਜ਼ੁਰਮ ਹੈ। ਇਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਤੇ ਧਰਤੀ ਦੀ ਸਿਹਤ ਵੀ ਖ਼ਰਾਬ ਹੁੰਦੀ ਹੈ। ਜੇ ਝੋਨੇ ਦੀ ਵਾਢੀ ਕੰੰਬਾਈਨ ਨਾਲ ਕੀਤੀ ਹੈ ਅਤੇ ਖੇਤ ਵਿਚ ਠੀਕ ਨਮੀ ਹੈ ਤਾਂ ਹੈਪੀ ਸੀਡਰ ਨਾਲ ਕਣਕ ਦੀ ਸਿਧੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਖੇਤ 'ਚ ਖੜ੍ਹੀ ਪਰਾਲੀ ਨੂੰ ਪਰਾਲੀ ਕਟਣ ਵਾਲੀ ਮਸ਼ੀਨ ਨਾਲ ਕੱਟ ਕੇ ਖੇਤ 'ਚ ਖਿਲਾਰਿਆ ਜਾ ਸਕਦਾ ਹੈ।ਤੇ ਮੁੜ ਖੇਤ ਦੀ ਵਹਾਈ ਕਰ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਕ ਏਕੜ ਦੀ ਬਿਜਾਈ ਲਈ 40 ਕਿੱਲੋ ਬੀਜ ਕਾਫ਼ੀ ਹੈ। ਜੇ ਉੱਨਤ ਪੀਬੀਡਬਲਿਊ-550 ਕਿਸਮ ਦੀ ਬਿਜਾਈ ਕਰਨੀ ਹੈ ਤਾਂ 45 ਕਿੱਲੋ ਬੀਜ ਵਰਤੋ। ਬੀਜ ਰੋਗ ਰਹਿਤ, ਸਾਫ਼-ਸੁਥਰਾ ਤੇ ਨਰੋਆ ਹੋਵੇ,।ਸਿਆਣੇ ਆਖਦੇ ਹਨ - ''ਮੋਟੇ ਦਾਣੇ ਤੇ ਸਾਬਤ ਨੱਕੇ,

ਨਾਲੀ ਰਾਹ ਜੇ ਚੰਗੀ ਪੱਕੇ।''

ਬਿਜਾਈ ਦੇ ਢੰਗ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਣਕ ਲਈ ਜੈਵਿਕ ਖਾਦ ਤਿਆਰ ਕੀਤੀ ਗਈ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ ਇਸ ਦਾ ਟੀਕਾ ਲਗਾ ਕੇ ਸੋਧਣ ਨਾਲ ਝਾੜ 'ਚ ਵਾਧਾ ਹੁੰਦਾ ਹੈ ਤੇ ਧਰਤੀ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ। ਬਿਜਾਈ ਸਮੇਂ ਕਤਾਰਾਂ ਵਿਚ 20 ਸੈਂਟੀਮੀਟਰ ਫ਼ਾਸਲਾ ਰੱਖੋ। ਦੋਪਾਸੀ ਬਿਜਾਈ ਕਰਨ ਨਾਲ ਝਾੜ 'ਚ ਹੋਰ ਵਾਧਾ ਹੁੰਦਾ ਹੈ। ਜੇ ਬਿਜਾਈ ਵੱਟਾਂ 'ਤੇ ਕੀਤੀ ਜਾਵੇ ਤਾਂ ਇਸ ਨਾਲ ਪਾਣੀ ਤੇ ਖਾਦਾਂ ਦੀ ਬੱਚਤ ਹੁੰਦੀ ਹੈ।

ਖਾਦਾਂ

ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ 'ਤੇ ਕਰੋ। ਆਮ ਕਰਕੇ ਦਰਮਿਆਨੀਆਂ ਜ਼ਮੀਨਾਂ ਲਈ 110 ਕਿੱਲੋ ਯੂਰੀਆ, 155 ਕਿੱਲੋ ਸੁਪਰਫਾਸਫੇਟ ਤੇ 20 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੀ ਸਿਫਾਰਸ਼ ਕੀਤੀ ਗਈ ਹੈ। ਜੇ ਝੋਨੇ ਦੀ ਫੱਕ ਜਾਂ ਗੰਨੇ ਦੇ ਛਿਲਕੇ ਦੀ ਰਾਖ ਮਿਲ ਸਕੇ ਤਾਂ ਇਹ ਚਾਰ ਟਨ ਪ੍ਰਤੀ ਏਕੜ ਪਾ ਦੇਵੋ।।ਇਸ ਨਾਲ ਸੁਪਰਫਾਸਫੇਟ ਅੱਧੀ ਪਾਉਣੀ ਪਵੇਗੀ। ਇਹ ਧਰਤੀ ਦੀ ਸਿਹਤ ਵੀ ਠੀਕ ਕਰਦੀ ਹੈ।।ਅੱਧਾ ਯੂਰੀਆ, ਸਾਰੀ ਫਾਸਫੋਰਸ ਤੇ ਪੋਟਾਸ਼ ਬਿਜਾਈ ਸਮੇਂ ਪਾਈ ਜਾਵੇ,।ਬਾਕੀ ਦਾ ਯੂਰੀਆ ਪਹਿਲੇ ਪਾਣੀ ਨਾਲ ਪਾਉਣਾ ਚਾਹੀਦਾ ਹੈ। ਜੇਕਰ ਬਿਜਾਈ ਹੈਪੀ ਸੀਡਰ ਨਾਲ ਕੀਤੀ ਹੈ ਤਾਂ 44 ਕਿੱਲੋ ਯੂਰੀਆ ਪਹਿਲੇ ਪਾਣੀ ਨਾਲ ਤੇ ਇੰਨਾ ਹੀ ਯੂਰੀਆ ਦੂਜੇ ਪਾਣੀ ਨਾਲ ਪਾਉਣਾ ਚਾਹੀਦਾ ਹੈ। ਨਦੀਨਾਂ ਦੀ ਰੋਕਥਾਮ ਲਈ ਪਹਿਲਾ ਪਾਣੀ ਦੇਣ ਤੋਂ ਪਹਿਲਾਂ ਇਕ ਗੋਡੀ ਕਰੋ।।ਜੇਕਰ ਗੋਡੀ ਨਾ ਕੀਤੀ ਜਾ ਸਕਦੀ ਹੋਵੇ ਤਾਂ ਨਦੀਨਾਂ ਅਨੁਸਾਰ ਢੁੱਕਵੇਂ ਨਦੀਨ ਨਾਸ਼ਕਾਂ ਦੀ ਮਾਹਿਰਾਂ ਦੀਆਂ ਹਦਾਇਤਾਂ ਅਨੁਸਾਰ ਵਰਤੋਂ ਕਰੋ।

ਪਿਛੇਤੀ ਬਿਜਾਈ

ਜੇਕਰ ਬਿਜਾਈ ਪਿਛੇਤੀ ਹੋ ਜਾਵੇ ਤਾਂ ਪਿਛੇਤੀਆਂ ਕਿਸਮਾਂ ਦੀ ਹੀ ਕਾਸ਼ਤ ਕਰੋ।।ਪਿਛੇਤੀ ਬਿਜਾਈ ਲਈ ਪੀਬੀਡਬਲਿਊ-658 ਤੇ ਪੀਬੀਡਬਲਿਊ-590 ਕਿਸਮਾਂ ਬੀਜੋ। ਇਸ ਵਾਰ ਪਿਛੇਤੀ ਬਿਜਾਈ ਲਈ ਨਵੀਂ ਕਿਸਮ ਪੀਬੀਡਬਲਿਊ-752 ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦਾ ਝਾੜ 19 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ। ਬਿਜਾਈ ਸਮੇਂ ਖੇਤ 'ਚ ਪੂਰੀ ਨਮੀ ਹੋਣੀ ਚਾਹੀਦੀ ਹੈ।ਕਣਕ 'ਤੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ ਪਰ ਖੇਤਾਂ ਦਾ ਨਰੀਖਣ ਜ਼ਰੂਰ ਕਰਦੇ ਰਹੋ। ਜੇ ਕੀੜਿਆਂ ਜਾ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਮਾਹਿਰਾਂ ਦੀ ਸਲਾਹ ਅਨੁਸਾਰ ਇਨ੍ਹਾਂ ਦੀ ਰੋਕਥਾਮ ਕਰੋ।

- ਡਾ. ਰਣਜੀਤ ਸਿੰਘ

94170-87328

Posted By: Harjinder Sodhi