ਫਲਾਂ ਦੇ ਬਾਦਸ਼ਾਹ ਅੰਬ ਨੂੰ ਇਸ ਦੇ ਸੁਆਦਤੇ ਪੌਸ਼ਟਿਕ ਗੁਣਾਂ ਕਰਕੇ ਕੌਮੀ ਫਲ ਦੀ ਪਦਵੀ ਪ੍ਰਾਪਤ ਹੈ। ਇਹ ਇਕੋ ਇਕ ਅਜਿਹਾ ਫਲ ਹੈ ਜਿਸ ਨੂੰ ਫਲ ਦੇ ਵਾਧੇ ਦੇ ਸਾਰੇ ਪੜਾਵਾਂ 'ਤੇ ਖਾਧਾ ਜਾਂਦਾ ਹੈ, ਭਾਵ ਕੱਚੇ ਫਲ ਤੋਂ ਖਟਮਿਠੀ ਚਟਨੀ, ਆਚਾਰ, ਮਲੋਂਜੀ, ਅੰਬਚੂਰ, ਅੰਬਪਾਪੜ ਆਦਿ ਤਿਆਰ ਕੀਤੇ ਜਾਂਦੇ ਹਨ ਜਦਕਿ ਪੱਕੇ ਫਲ ਨੂੰ ਜੂਸ, ਮੁਰਬੇ ਤੇ ਸ਼ਰਬਤ ਦੇ ਰੂਪ 'ਚ ਵਰਤਿਆ ਜਾਂਦਾ ਹੈ। ਇਸ ਦੀਆਂ ਗਿਟਕਾਂ ਨੂੰ ਸਟਾਰਚ ਤੇ ਛਿੱਲੜ ਨੂੰ ਪੈਕਟਿਨ ਤੇ ਐਨਾਕਾਰਡਿਕ ਏਸਿਡ ਦੇ ਸਰੋਤ ਵਜੋਂ ਵਰਤਿਆ ਜਾਂਦਾ ਹੈ।

ਪੰਜਾਬੀ ਵਿਚ ਵਪਾਰਕ ਤੌਰ 'ਤੇ ਅੰਬਾਂ ਦੀ ਕਾਸ਼ਤ ਨੀਮ ਪਹਾੜੀ ਜ਼ਿਲ੍ਹਿਆਂ ਰੋਪੜ, ਹੁਸ਼ਿਆਰਪੁਰ, ਨਵਾਂ ਸ਼ਹਿਰ, ਗੁਰਦਾਸਪੁਰ, ਪਠਾਨਕੋਟ, ਫ਼ਤਹਿਗੜ੍ਹ ਸਾਹਿਬ ਤੇ ਚੰਡੀਗੜ੍ਹ ਵਿਚ ਕੀਤੀ ਜਾਂਦੀ ਹੈ। ਇਸ ਦੀ ਕਾਸ਼ਤ ਕੇਂਦਰੀ ਜ਼ਿਲ੍ਹਿਆਂ ਤੇ ਕੰਢੀ ਦੇ ਇਲਾਕੇ ਵਿਚ ਵੀ ਕੀਤੀ ਜਾਂਦੀ ਹੈ। ਪੰਜਾਬ ਵਿਚ ਫਲਾਂ ਦੀ ਕਾਸ਼ਤ ਅਧੀਨ ਕੁਲ ਰਕਬੇ ਤੇ ਪੈਦਾਵਾਰ ਦੇ ਹਿਸਾਬ ਨਾਲ ਅੰਬਾਂ ਦੀ ਖੇਤੀ ਦਾ ਨਿੰਬੂ ਜਾਤੀ ਤੇ ਅਮਰੂਦ ਤੋਂ ਬਾਅਦ ਤੀਸਰਾ ਨੰਬਰ ਹੈ।

ਅੰਬਾਂ ਦੀ ਸੰਭਾਲ ਦਾ ਇਤਿਹਾਸਕ ਉਪਰਾਲਾ

ਕੰਢੀ ਤੇ ਨੀਮ ਪਹਾੜੀ ਇਲਾਕੇ ਦੇ ਦੇਸੀ ਅੰਬਾਂ ਵਿਚ ਫਲ ਦੇ ਆਕਾਰ, ਸ਼ਕਲ, ਰੰਗ, ਜੂਸ ਦੀ ਮਾਤਰਾ, ਸਵਾਦ, ਰੇਸ਼ੇ, ਗੁੱਦੇ ਤੇ ਗਿਟਕ ਦੇ ਅਨੁਪਾਤ ਆਦਿ ਗੁਣਾਂ 'ਚ ਕਾਫ਼ੀ ਵਭਿੰਨਤਾ ਪਾਈ ਜਾਂਦੀ ਹੈ। 1970 ਦੇ ਦਹਾਕੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵੀਸੀ ਡਾ. ਮਹਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਦੇਸੀ ਅੰਬਾਂ ਦੀ ਇਸ ਕੁਦਰਤੀ ਭਿੰਨਤਾ ਨੂੰ ਵਰਤੋਂ 'ਚ ਲਿਆਉਣ ਦੇ ਯਤਨ ਕੀਤੇ ਗਏ। ਦੇਸੀ ਚੂਪਣ ਵਾਲੇ ਅੰਬਾਂ ਦੇ ਆਧਾਰ ਨੂੰ ਵਿਸ਼ਾਲ ਕਰਨ ਦੇ ਯਤਨ ਕੀਤੇ ਗਏ। ਫਲ ਦੀ ਲੰਬੂਤਰੀ ਸ਼ਕਲ, ਪੀਡੀ ਛਿੱਲੜ, ਰਸਦਾਰ ਗੁੱਦਾ, ਛੋਟੀ ਗਿਟਕ, ਘੱਟ ਰੇਸ਼ਿਆਂ ਤੇ ਛਿਲ ਉੱਪਰ ਹਲਕੀ ਲਾਲ ਭਾਅ ਵਾਲੇ 60 ਤੋਂ ਵੱਧ ਦੇਸੀ ਅੰਬਾਂ ਦੀਆਂ ਕਿਸਮਾਂ ਵੱਖ-ਵੱਖ ਸਰੋਤਾਂ ਤੋਂ ਲਿਆ ਕੇ ਪੀਏਯੂ ਫਲ ਖੋਜ ਕੇਂਦਰ ਗੰਗੀਆ (ਦਸੂਹਾ) ਜਿਲ੍ਹਾ ਹੁਸ਼ਿਆਰਪੁਰ ਵਿਖੇਂ ਮੁਲਾਂਕਣ, ਸੰਭਾਲ ਤੇ ਦੇਖ-ਭਾਲ ਲਈ ਲਗਾਈਆਂ ਗਈਆਂ।

ਦੇਸੀ ਅੰਬਾਂ ਦੀਆਂ ਦਿਲਚਸਪ ਕਿਸਮਾਂ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਪੰਜਾਬ ਬਾਇਓ-ਡਾਈਵਰਸਿਟੀ ਬੋਰਡ ਚੰਡੀਗੜ ਵੱਲੋਂ ਲੁਪਤ ਹੋ ਰਹੀਆਂ ਦੇਸੀ ਅੰਬਾਂ ਦੀਆਂ ਕਿਸਮਾਂ ਦੀ ਵਿਭਿੰਨਤਾ ਤੇ ਸਾਂਭ ਸੰਭਾਲ ਲਈ ਪੰਜਾਬ ਜੇ ਕੰਢੀ ਅਤੇ ਨੀਮ ਪਹਾੜੀ ਇਕਾਲੇ ਵਿਚ ਸਰਵੇਖਣ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਅੰਬਾਂ ਦੇ ਬਾਹਰੀ ਤੇ ਰਸਾਇਣਕ ਗੁਣਾਂ ਨੂੰ ਉਨ੍ਹਾਂ ਦੇ ਦੇਸੀ ਨਾਵਾਂ ਨਾਲ ਸਾਂਝਾ ਕੀਤਾ ਗਿਆ ਹੈ। ਅੰਬਾਂ ਦੀਆਂ ਕੁਝ ਦਿਲਚਸਪ ਕਿਸਮਾਂ ਨੂੰ ਉਨ੍ਹਾਂ ਦੇ ਦੇਸੀ ਨਾਵਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਕਿ ਆਂਡਾ ਦੁਸਹਿਰੀ (ਸੁਗੰਧ ਤੇ ਸਵਾਦ ਮਸ਼ਹੂਰ ਦੁਸਹਿਰੀ ਕਿਸਮ ਵਰਗਾ ਪਰ ਆਕਾਰ ਆਂਡੇ ਵਰਗਾ), ਲੱਡੂ ਅੰਬ, ਗੋਲਾ ਘਾਸੀਪੁਰ, ਬੇਰ ਅੰਬ (ਆਕਾਰ ਕਰਕੇ। ਇਸੇ ਤਰ੍ਹਾਂ ਪੰਜਾਬ ਵਿਚ ਲੰਬੂਤਰੇ ਆਕਾਰ ਦੇ ਅੰਬਾਂ ਨੂੰ ਛਲੀ ਦਾ ਨਾਂ ਦਿੱਤਾ ਗਿਆ (ਆਕਾਰ ਛਲੀ ਨਾਲ ਮਿਲਦਾ ਹੋਣ ਕਾਰਨ), ਪੀਲੇ ਰੰਗ ਤੇ ਮੋਢਿਆਂ 'ਤੇ

ਲਾਲ ਭਾਅ ਮਾਰਨ ਵਾਲੇ ਅੰਬਾਂ ਦੀਆਂ ਕਿਸਮਾਂ (ਇਨਾਮੀ ਛਲੀ, ਸੰਧੂਰੀ, ਘਾਸੀਪੁਰ ਦੀ ਛਲੀ, ਲੱਡੂ ਅੰਬ, ਮਹੰਤਾਂ ਦੀ ਲਾਲਟੈਨ, ਸੰਧੂਰੀ ਚੋਸਾ)।

ਚੁਣੀਆਂ ਹੋਈਆਂ ਕੁਝ ਹੋਰ ਕਿਸਮਾਂ ਵਿਚ ਫਲ ਦਾ ਰੰਗ ਪੀਲੇ ਤੋਂ ਹਲਕਾ ਪੀਲਾ, ਗੂੜ੍ਹਾ ਪੀਲਾ, ਹਰਾ, ਪਾਲਕ ਰੰਗਾ, ਗੂੜ੍ਹਾ ਹਰਾ ਹੈ। ਪੂਰੀ ਤਰ੍ਹਾਂ ਰੰਗਦਾਰ ਕਿਸਮਾਂ, ਜਿਵੇਂ ਕਿ ਆੜੂ ਅੰਬ ਅਤੇ ਪੈਂਸਿਲ ਅੰਬ ਨੂੰ ਪੰਜਾਬ ਸਮੇਤ ਪੂਰੇ ਭਾਰਤ ਵਿਚ ਕਾਫੀ ਤਰਜੀਹ ਦਿਤੀ ਜਾਂਦੀ ਹੈ। ਇਨ੍ਹਾਂ ਕਿਸਮਾਂ ਨੂੰ ਪਤਲਾ ਤੇ ਜ਼ਿਆਦਾ ਜੂਸ, ਨਰਮ ਗੁੱਦਾ, ਖੁਰਦਰੇ ਰੇਸ਼ੇ ਕਾਰਨ ਚੂਪਣ ਵਾਲੇ ਅੰਬਾਂ ਦੇ ਤੌਰ ਤੇ ਕਾਫ਼ੀ ਉੱਚੇ ਭਾਅ 'ਤੇ ਵੇਚਿਆ ਜਾਂਦਾ ਹੈ। ਪੰਜਾਬ ਸਰਕਾਰ ਤੇ ਪੰਜਾਬ ਬਾਇਓ-ਡਾਈਵਰਸਿਟੀ ਬੋਰਡ ਦੇ ਉਪਰਾਲੇ ਨਾਲ ਪਿੰਡ ਬੱਸੀ ਉਮਰ ਖ਼ਾਨ, ਹਰਿਆਣਾ (ਹੁਸ਼ਿਆਰਪੁਰ) ਵਿਖੇ ਸਥਾਪਤ 150 ਸਾਲ ਪੁਰਾਣੇ ਦੇਸੀ ਅੰਬਾਂ ਦੇ ਬਾਗ਼ ਨੂੰ 'ਮੈਂਗੋ ਹੈਰੀਟੇਜ਼ ਸਾਈਟ' ਐਲਾਨਿਆ ਗਿਆ ਹੈ ਤਾਂ ਜੋ ਇਹ ਦੁਰਲੱਭ ਤੇ ਅਲੋਪ ਹੋ ਰਹੀਆਂ ਕਿਸਮਾਂ ਨੂੰ ਸਾਂਭਿਆ ਜਾ ਸਕੇ।

ਘੱਟ ਤਵੱਜੋ ਵਾਲੇ ਕੁਝ ਅੰਬ

ਇਸ ਤੋਂ ਇਲਾਵਾ ਅੰਬਾਂ ਦੀਆਂ ਕੁਝ ਅਜਿਹੀਆਂ ਕਿਸਮਾਂ ਵੀ ਹਨ ਜੋ ਸਵਾਦ, ਆਕਾਰ ਜਾਂ ਰਸ ਦੇ ਸਵਾਦ ਕਾਰਨ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ ਪਰ ਇਨ੍ਹਾਂ ਦੀ ਪੁਰਾਤਨਤਾ ਤੇ ਇਤਿਹਾਸਕ ਮਹੱਤਤਾ ਜਿਉਂ ਦੀ ਤਿਉਂ ਬਰਕਰਾਰ ਹੈ।

ਸਰੂ : ਛੋਟਾ ਫਲ, ਜਲਦੀ ਖ਼ਰਾਬ ਹੋ ਜਾਂਦਾ ਹੈ।

ਹਰੜ : ਛੋਟਾ ਅਤੇ ਹਰੜ ਦੇ ਫਲ ਵਰਗਾ।

ਦੋਹਕਾ : ਛੋਟਾ ਅਤੇ ਸਵਾਦ ਤਾਰਪੀਨ ਵਰਗਾ।

ਸਫ਼ੈਦਾ : ਛੋਟਾ ਅਤੇ ਚਿਟੇ ਰੰਗ ਦਾ।

ਰਾੜਾ : ਬਹੇੜੇ ਵਾਂਗ ਛੋਟਾ ਤੇ ਮਿਠਾ।

ਖਾਲ੍ਹਾ : ਔਸਤ ਆਕਾਰ, ਭੈੜਾ ਰੰਗ ਤੇ ਸਵਾਦ ਵਿਚ ਖੱਟਾ।

ਕਾਲਾ : ਔਸਤ ਆਕਾਰ, ਪੱਕ ਜਾਣ ਤੇ ਛਿਲਕੇ ਦਾ ਗੂੜਾ ਰੰਗ।

ਲੈਚੀ : ਛੋਟਾ ਫਲ, ਇਲਾਇਚੀ ਵਰਗੀ ਸੁਗੰਧ।

ਦੋਧੀਆ : ਛੋਟਾ ਫਲ, ਅੰਦਰੋਂ ਦੁੱਧ ਵਰਗਾ ਸਫ਼ੈਦ।

ਛੱਲੀ : ਲੰਬਾ ਫਲ ਮਕੀ ਦੀ ਛੱਲੀ ਵਰਗਾ।

ਕਾਕਰਾ : ਵਡਾ ਫਲ, ਸਵਾਦ ਮਿੱਠਾ ਪਰ ਪਿਛੋਕੜ ਨਾਮਾਲੂਮ।

- ਨਵਪ੍ਰੇਮ ਸਿੰਘ

81461-00711

Posted By: Harjinder Sodhi