ਲੁਧਿਆਣਾ ਦੇ ਬੇਟ ਇਲਾਕੇ ਦੀ ਨੂਰਪੁਰ ਬੇਟ ਸਹਿਕਾਰੀ ਸੁਸਾਇਟੀ ਇਲਾਕੇ 'ਚ ਆਪਣੀ ਵਿਲੱਖਣ ਪਛਾਣ ਰੱਖਦੀ ਹੈ। ਅੱਠ ਪਾਂਡਾਂ ਦੀ ਇਹ ਸੁਸਾਇਟੀ 1957 'ਚ ਸਥਾਪਿਤ ਕੀਤੀ ਗਈ ਸੀ। ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤਕ ਸੁਸਾਇਟੀ ਦੀ ਕਾਰਜਕਾਰਨੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਜਾਂਦੀ ਹੈ। ਸੁਸਾਇਟੀ ਦੇ ਅੰਦਰ ਦਾਖ਼ਲ ਹੁੰਦਿਆਂ ਹੀ ਨਵੀਨਤਮ ਤਕਨੀਕਾਂ ਨਾਲ ਤੁਹਾਡੀ ਜਾਣ-ਪਛਾਣ ਹੁੰਦੀ ਹੈ। ਖੇਤੀ ਵਿਚ ਮੁਨਾਫ਼ਾ ਸਿਰਫ਼ ਵੱਧ ਝਾੜ ਨਾਲ ਹੀ ਨਹੀਂ ਵਧਾਇਆ ਜਾ ਸਕਦਾ, ਸਗੋਂ ਇਸ ਦੇ ਲਈ ਮੁੱਢਲੇ ਖ਼ਰਚਿਆਂ 'ਚ ਕਟੌਤੀ ਕਰਨੀ ਸਭ ਤੋਂ ਅਹਿਮ ਹੈ। ਸਹਿਕਾਰੀ ਪੱਧਰ 'ਤੇ ਮਸ਼ੀਨਰੀ ਦੀ ਵਰਤੋਂ ਖ਼ਰਚਿਆਂ 'ਚ ਕਟੌਤੀ ਦਾ ਸਭ ਤੋਂ ਉੱਤਮ ਜ਼ਰੀਆ ਹੈ। ਇਸ ਨਾਲ ਅਸੀਂ ਮਸ਼ੀਨਰੀ 'ਤੇ ਹੋਣ ਵਾਲੇ ਖ਼ਰਚਿਆਂ 'ਤੇ ਕਾਬੂ ਪਾ ਸਕਦੇ ਹਾਂ ਤੇ ਆਧੁਨਿਕ ਤਕਨੀਕਾਂ ਵਾਲੀ ਮਸ਼ੀਨਰੀ ਦਾ ਲਾਭ ਵੀ ਲੈ ਸਕਦੇ ਹਾਂ।

ਕਿਸਾਨਾਂ ਨੂੰ ਖੇਤੀ ਮਸ਼ੀਨਰੀ ਦੀ ਸਹੂਲਤ

ਨੂਰਪੁਰ ਬੇਟ ਦੀ ਸਹਿਕਾਰੀ ਸੁਸਾਇਟੀ ਕੋਲ ਇਸ ਸਮੇਂ ਇਕ ਕਰੋੜ ਰੁਪਏ ਤੋਂ ਵਧੇਰੇ ਕੀਮਤ ਦੀ ਖੇਤੀ ਮਸ਼ੀਨਰੀ ਉਪਲਬਧ ਹੈ। ਇਨ੍ਹਾਂ ਵਿਚੋਂ 7 ਟ੍ਰੈਕਟਰ, 5 ਹੈਪੀ ਸੀਡਰ, 3 ਲੇਜ਼ਰ ਲੈਂਡ ਕਰਾਹੇ, 3 ਸਟਰਾਅ ਰੀਪਰ, ਬੇਲਰ ਮਸ਼ੀਨਾਂ ਆਦਿ ਮੁੱਖ ਹਨ। ਸੁਸਾਇਟੀ ਵੱਲੋਂ ਇਹ ਮਸ਼ੀਨਰੀ ਕਿਸਾਨਾਂ ਨੂੰ ਕਿਰਾਏ 'ਤੇ ਮੁਹੱਈਆ ਕਰਵਾਈ ਜਾਂਦੀ ਹੈ। ਸੁਸਾਇਟੀ ਵੱਲੋਂ ਹੈਪੀ ਸੀਡਰ ਨਾਲ ਕਣਕ ਬਿਜਾਈ ਦਾ ਖ਼ਰਚਾ ਸਿਰਫ਼ 850 ਤੋਂ 1100 ਰੁਪਏ ਪਾਇਆ ਗਿਆ ਹੈ। ਸੁਸਾਇਟੀ ਦੇ ਮੈਂਬਰਾਂ ਪਾਸੋਂ 500 ਰੁਪਏ ਪ੍ਰਤੀ ਘੰਟਾ ਦੀ ਦਰ ਨਾਲ ਕਿਰਾਇਆ ਵਸੂਲਿਆ ਜਾਂਦਾ ਹੈ। ਬੀਤੇ ਵਰ੍ਹੇ ਸੁਸਾਇਟੀ ਵੱਲੋਂ 1300 ਏਕੜ ਤੋਂ ਵਧੇਰੇ ਰਕਬੇ 'ਚ ਹੈਪੀ ਸੀਡਰ ਨਾਲ ਬਿਜਾਈ ਕੀਤੀ ਗਈ। ਇਸੇ ਤਰ੍ਹਾਂ ਲੇਜਰ ਲੈਂਡ ਕਰਾਹਾ ਆਪਣੇ ਮੈਂਬਰਾਂ ਨੂੰ 750 ਰੁਪਏ ਤੇ ਗ਼ੈਰ ਮੈਂਬਰਾਂ ਨੂੰ 800 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਨਾਲ ਕਿਰਾਏ ਤੇ ਦਿੱਤਾ ਜਾਂਦਾ ਹੈ। ਫ਼ਸਲੀ ਰਹਿੰਦ-ਖੂੰਹਦ ਦੀ ਸਮੱਸਿਆ ਨਾਲ ਨਜਿੱਠਣ ਲਈ ਸੁਸਾਇਟੀ ਵੱਲੋਂ ਤੂੜੀ ਬਣਾਉਣ ਲਈ ਵੀ ਮਸ਼ੀਨਰੀ ਕਿਰਾਏ ਤੇ ਦਿੱਤੀ ਜਾਂਦੀ ਹੈ ਤੇ ਸੁਸਾਇਟੀ ਵੱਲੋਂ ਮੈਂਬਰਾਂ ਪਾਸੋਂ ਸਿਰਫ਼ 1250 ਰੁਪਏ ਇਕ ਟਰਾਲੀ ਤੂੜੀ ਬਣਾਉਣ ਦਾ ਕਿਰਾਇਆ ਲਿਆ ਜਾਂਦਾ ਹੈ। ਮਸ਼ੀਨਰੀ ਦੀ ਵਰਤੋਂ ਤੋਂ ਬਾਅਦ ਜੋ ਫ਼ਾਇਦਾ ਹੁੰਦਾ ਹੈ, ਉਹ ਸੁਸਾਇਟੀ ਦੇ ਖਾਤੇ 'ਚ ਜਮ੍ਹਾਂ ਕਰਵਾਇਆ ਜਾਂਦਾ ਹੈ ਤੇ ਵਿਕਾਸ ਕਾਰਜਾਂ 'ਤੇ ਖ਼ਰਚ ਕੀਤਾ ਜਾਂਦਾ ਹੈ।

ਸਸਤੇ ਮੁੱਲ ਦੀ ਦੁਕਾਨ

ਸੁਸਾਇਟੀ ਦੇ ਸਕੱਤਰ ਬਲਬੀਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਇਕ ਸਫ਼ਲ ਦੁਕਾਨ ਵੀ ਚਲਾਈ ਜਾ ਰਹੀ ਹੈ, ਜਿਸ ਵਿਚ ਪਿੰਡ ਵਾਸੀਆਂ ਨੂੰ ਹਜ਼ਾਰ ਤੋਂ ਵੱਧ ਚੀਜ਼ਾਂ ਨਿਰਧਾਰਿਤ ਮੁੱਲ 'ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚ ਘਰੇਲੂ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਵੱਡੀ ਗਿਣਤੀ 'ਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਹ ਘਰੇਲੂ ਵਰਤੋਂ ਵਾਲੀਆਂ ਇਹ ਵਸਤਾਂ ਲੁਧਿਆਣਾ ਦੇ ਵੱਡੇ ਅਦਾਰਿਆਂ ਤੇ ਵੱਡੀਆਂ ਮੰਡੀਆਂ ਤੋਂ ਵੱਡੀ ਮਾਤਰਾ 'ਚ ਖ਼ਰੀਦਦੇ ਹਨ ਤੇ ਇਸ ਤੋਂ ਬਾਅਦ ਬੇਹੱਦ ਘੱਟ ਮੁੱਲ 'ਤੇ ਪਿੰਡ ਦੇ ਖਪਤਕਾਰਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਪ੍ਰਦੂਸ਼ਣ ਮੁਕਤ ਪਹੁੰਚ

ਸੁਸਾਇਟੀ ਵੱਲੋਂ ਸਥਾਪਿਤ ਕੀਤਾ ਗਿਆ ਪੈਟਰੋਲ ਪੰਪ ਵੀ ਆਪਣੀ ਵਿਲੱਖਣਤਾ ਲਈ ਮਸ਼ਹੂਰ ਹੈ। ਪੂਰੇ ਨਾਪਤੋਲ ਨਾਲ ਉੱਤਮ ਕੁਆਲਿਟੀ ਦਾ ਤੇਲ ਪਿੰਡ ਵਾਸੀਆਂ ਨੂੰ ਉਪਲਬਧ ਕਰਵਾਇਆ ਜਾਂਦਾ ਹੈ। ਸਭ ਤੋਂ ਵੱਧ ਸਲਾਹੁਣਯੋਗ ਗੱਲ ਇਹ ਹੈ ਕਿ ਨੂਰਪੁਰ ਬੇਟ ਪਿੰਡ ਵਿਚ ਬੀਤੇ ਦੋ ਸਾਲਾਂ ਤੋਂ ਕਿਸੇ ਵੀ ਕਿਸਾਨ ਨੇ ਪਰਾਲੀ ਤੇ ਨਾੜ ਨੂੰ ਅੱਗ ਨਹੀਂ ਲਗਾਈ ਸਗੋਂ ਮਸ਼ੀਨਰੀ ਦੀ ਵਰਤੋਂ ਨਾਲ ਇਸ ਦਾ ਢੁਕਵਾਂ ਪ੍ਰਬੰਧ ਕਰ ਕੇ ਮਿਸਾਲ ਕਾਇਮ ਕੀਤੀ ਹੈ।

ਸਿਲਾਈ-ਕਢਾਈ ਕੋਰਸ

ਸੁਸਾਇਟੀ ਵੱਲੋਂ ਇਲਾਕੇ ਦੀਆਂ ਬੱਚੀਆਂ ਲਈ 6 ਮਹੀਨੇ ਦਾ ਸਿਲਾਈ-ਕਢਾਈ ਕੋਰਸ ਵੀ ਕਰਵਾਇਆ ਜਾਂਦਾ ਹੈ। ਇਹ ਕੋਰਸ ਪਲਾਹੀ ਪੌਲੀਟੈਕਨਿਕ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਕੋਰਸ ਕਰਨ ਉਪਰੰਤ ਉਨ੍ਹਾਂ ਨੂੰ ਸਰਟੀਫਿਕੇਟ ਵੀ ਦਿੱਤੇ ਹਨ ਤੇ ਇਸ ਤਰ੍ਹਾਂ ਸੁਸਾਇਟੀ ਵੱਲੋਂ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਰੁਜ਼ਗਾਰ ਦੇ ਵਸੀਲੇ ਵੀ ਤਿਆਰ ਕੀਤੇ ਜਾਂਦੇ ਹਨ।

ਰਾਹ ਦਰਸੇਂਦੀਆਂ ਅਜਿਹੀਆਂ ਸਹਿਕਾਰੀ ਸਭਾਵਾਂ, ਵਿਕਾਸ ਦਾ ਪਥ ਪੱਧਰਾ ਕਰਦੀਆਂ ਹਨ। ਬਾਕੀ ਪਿੰਡਾਂ ਨੂੰ ਵੀ ਅਜਿਹੀਆਂ ਸੁਸਾਇਟੀਆਂ ਤੋਂ ਸੇਧ ਲੈ ਕੇ ਆਪਣੇ ਪਿੰਡਾਂ ਨੂੰ ਤਰੱਕੀ ਦੇ ਰਾਹ ਤੋਰਨਾ ਚਾਹੀਦਾ ਹੈ।

- ਅਨਿਲ ਸ਼ਰਮਾ

98147-53630

Posted By: Harjinder Sodhi