ਪੰਜਾਬ ਦੇ ਉੱਤਰ ਪੂਰਬੀ ਹਿੱਸੇ 'ਚ ਜ਼ਿਆਦਾਤਰ ਦਰਮਿਆਨੇ ਤੇ ਛੋਟੇ ਕਿਸਾਨ ਹਨ। ਇਸ ਖੇਤਰ ਦੇ ਜ਼ਿਆਦਾਤਰ ਹਿੱਸਿਆਂ 'ਚ ਸਿੰਜਾਈ ਲਈ ਪਾਣੀ ਦੀ ਘਾਟ ਹੈ ਤੇ ਕਈ ਇਲਾਕਿਆਂ 'ਚ ਫ਼ਸਲਾਂ ਦੀ ਕਾਸ਼ਤ ਪੂਰੀ ਤਰ੍ਹਾਂ ਮੀਂਹ 'ਤੇ ਨਿਰਭਰ ਹੈ। ਇਥੇ ਸਾਲਾਨਾ ਵਰਖਾ ਲਗਪਗ 1050 ਮਿਲੀਮੀਟਰ ਹੁੰਦੀ ਹੈ ਤੇ 80 ਫ਼ੀਸਦੀ ਵਰਖਾ ਮਾਨਸੂਨ ਦੇ 2-3 ਮਹੀਨਿਆਂ 'ਚ ਹੋ ਜਾਂਦੀ ਹੈ। ਮੀਂਹ ਦਾ ਪਾਣੀ ਰੁੜ੍ਹ ਕੇ ਬੇਅਰਥ ਚਲਾ ਜਾਂਦਾ ਹੈ। ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਸਮੇਂ ਨਵੰਬਰ ਮਹੀਨੇ 'ਚ ਮੀਂਹ ਪੈਣ ਦੀ ਸੰਭਾਵਨਾ ਘੱਟ ਹੁੰਦੀ ਹੈ। ਇਸ ਲਈ ਕਈ ਵਾਰ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਸਮੇਂ ਜ਼ਮੀਨ ਵਿਚ ਲੋੜੀਂਦੀ ਮਾਤਰਾ 'ਚ ਨਮੀ ਨਹੀਂ ਹੁੰਦੀ। ਇਸ ਸਮੱਸਿਆ ਨਾਲ ਨਜਿੱਠਣ ਤੇ ਘੱਟ ਨਮੀ ਵਿਚ ਹਾੜੀ ਦੀਆਂ ਫ਼ਸਲਾਂ ਦਾ ਵੱਧ ਝਾੜ ਲੈਣ ਲਈ ਜ਼ਮੀਨ ਵਿਚਲੀ ਨਮੀ ਨੂੰ ਸੰਭਾਲਣਾ ਬੇਹੱਦ ਜ਼ਰੂਰੀ ਹੈ।

ਨਮੀ ਨੂੰ ਸੰਭਾਲਣ ਦੇ ਤਰੀਕੇ

ਹਾੜੀ ਦੀਆਂ ਫ਼ਸਲਾਂ ਦੀ ਬੀਜਾਈ ਤੋਂ ਪਹਿਲਾ ਕੁਝ ਅਹਿਮ ਨੁਕਤਿਆਂ ਨੂੰ ਅਪਣਾ ਕੇ ਜ਼ਮੀਨ 'ਚ ਨਮੀ ਨੂੰ ਸੰਭਾਲਿਆ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਬਾਰਿਸ਼ਾਂ ਤੋ ਪਹਿਲਾਂ ਖੇਤ ਪੱਧਰਾ ਕਰ ਕੇ ਬੰਨੇ ਮਜ਼ਬੂਤ ਕਰ ਦੇਵੋ ਤਾਂ ਕਿ ਪਾਣੀ ਖੇਤ 'ਚ ਜ਼ਿਆਦਾ ਜ਼ੀਰ ਸਕੇ। ਮੱਕੀ ਦੀ ਫ਼ਸਲ ਵਿਚ ਕਤਾਰਾਂ 'ਚ ਅਗਸਤ ਮਹੀਨੇ ਦੌਰਾਨ ਘਾਹ-ਫੂਸ ਜਾਂ ਪਰਾਲੀ ਵਿਛਾ ਦੇਵੋ। ਖੇਤਾਂ 'ਚੋਂ ਸਾਉਣੀ ਦੀ ਫ਼ਸਲ ਕੱਟਣ ਉਪਰੰਤ ਖੇਤ ਵਾਹ ਕੇ ਸੁਹਾਗਾ ਮਾਰ ਦੇਵੋ। ਵਹਾਈ ਸ਼ਾਮ ਸਮੇਂ ਕਰੋ ਤੇ ਸਵੇਰ ਵੇਲੇ ਸੁਹਾਗਾ ਫੇਰੋ। ਇਸ ਤੋਂ ਇਲਾਵਾ ਮੀਂਹ ਦੇ ਪਾਣੀ ਨੂੰ ਖੇਤ 'ਚ ਟੋਆ ਪੁੱਟ ਕੇ ਸੰਭਾਲ ਲਿਆ ਜਾਵੇ ਤੇ ਇਸ ਪਾਣੀ ਨੂੰ ਸਿੰਜਾਈ ਲਈ ਵਰਤਿਆ ਜਾਵੇ। ਪਾਣੀ ਦੀ ਸੁਚੱਜੀ ਵਰਤੋਂ ਲਈ ਤੁਪਕਾ ਜਾਂ ਫ਼ੁਹਾਰਾ ਸਿੰਜਾਈ ਵਿਧੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਮੌਸਮ ਤੇ ਜ਼ਮੀਨ ਅਨੁਸਾਰ ਫ਼ਸਲ ਦੀ ਚੋਣ

ਜੇ ਸਾਉਣੀ ਦੀ ਫ਼ਸਲ ਮਾਨਸੂਨ ਦੀ ਬਾਰਸ਼ ਘੱਟ ਪੈਣ ਜਾਂ ਮਾਨਸੂਨ ਦੇ ਛੇਤੀ ਖ਼ਤਮ ਹੋਣ ਕਾਰਨ ਸੁੱਕ ਜਾਵੇ ਜਾਂ ਸਾਉਣੀ ਦੀ ਫ਼ਸਲ ਨਾ ਬੀਜਣ ਕਰਕੇ ਖੇਤ ਖ਼ਾਲੀ ਹੋਣ ਤਾਂ ਸਤੰਬਰ ਮਹੀਨੇ ਵਿਚ ਤੋਰੀਏ ਦੀ ਫ਼ਸਲ ਬੀਜੀ ਜਾ ਸਕਦੀ ਹੈ। ਦਸੰਬਰ ਵਿਚ ਤੋਰੀਏ ਦੀ ਵਾਢੀ ਤੋਂ ਬਾਅਦ ਕਣਕ ਦੀਆਂ ਪਿਛੇਤੀਆਂ ਕਿਸਮਾਂ ਪੀਬੀਡਬਲਿਊ-752, ਪੀਬੀਡਬਲਿਊ-658 ਜਾਂ ਪੀਬੀਡਬਲਿਊ-590 ਦੀ ਦਸੰਬਰ ਵਿਚ ਬਾਰਿਸ਼ ਪੈਣ 'ਤੇ ਬਿਜਾਈ ਕੀਤੀ ਜਾ ਸਕਦੀ ਹੈ ਤੇ ਇਸ ਤਰ੍ਹਾਂ ਸਾਉਣੀ ਦੀ ਫ਼ਸਲ ਦੇ ਨੁਕਸਾਨ ਦੀ ਪੂਰਤੀ ਕੀਤੀ ਜਾ ਸਕਦੀ ਹੈ।

ਹਲਕੀਆਂ ਜ਼ਮੀਨਾਂ 'ਚ ਬਿਜਾਈ

ਹਲਕੀਆਂ ਜ਼ਮੀਨਾਂ ਵਿਚ ਪਾਣੀ ਨੂੰ ਸੰਭਾਲਣ ਦੀ ਸ਼ਕਤੀ ਘੱਟ ਹੁੰਦੀ ਹੈ। ਅਜਿਹੀਆਂ ਜ਼ਮੀਨਾਂ 'ਚ ਮੱਕੀ ਤੋਂ ਪਿੱਛੋਂ ਬੀਜੀ ਗਈ ਕਣਕ ਦੀ ਫ਼ਸਲ ਘੱਟ ਝਾੜ ਦਿੰਦੀ ਹੈ। ਚੰਗਾ ਝਾੜ ਲੈਣ ਲਈ ਅਜਿਹੀਆਂ ਜ਼ਮੀਨਾਂ ਵਿਚ ਸਾਉਣੀ ਰੁੱਤੇ ਸਣ ਜਾਂ ਰਵਾਂਹ ਦੀ ਹਰੀ ਖਾਦ ਬੀਜੋ ਜਾਂ ਇਹ ਜ਼ਮੀਨ ਖ਼ਾਲੀ ਰੱਖੋ ਤੇ ਹਾੜੀ ਵਿਚ ਕਣਕ/ਕਣਕ+ਛੋਲੇ (ਬੇਰੜਾ) ਅਤੇ ਇਨ੍ਹਾਂ ਵਿਚਕਾਰ ਰਾਇਆ ਦੀ ਬਿਜਾਈ ਕਰੋ। ਬੇਰੜੇ ਲਈ ਖਾਦਾਂ ਦੀ ਮਾਤਰਾ ਕਣਕ ਵਾਲੀ ਹੀ ਰੱਖੋ।

ਜ਼ਮੀਨ 'ਚ ਵੱਤਰ ਦੀ ਅਹਿਮੀਅਤ

ਜੇ ਬਿਜਾਈ ਸਮੇਂ ਜ਼ਮੀਨ 'ਚ ਵੱਤਰ ਚੰਗਾ ਹੋਵੇ ਤਾਂ ਰਾਇਆ, ਤਾਰਾਮੀਰਾ, ਗੋਭੀ ਸਰੋਂ੍ਹ, ਛੋਲੇ ਤੇ ਮਸਰ ਅਤੇ ਕਣਕ ਦੀ ਬਿਜਾਈ ਨਵੰਬਰ ਦੇ ਪਹਿਲੇ ਪੰਦਰਵਾੜੇ ਤਕ ਕਰ ਦੇਵੋ। ਬਿਜਾਈ ਪੋਰੇ ਜਾਂ ਖਾਦ-ਬੀਜ ਡਰਿੱਲ ਨਾਲ ਕਰੋ। ਬਿਜਾਈ ਤੋਂ ਬਾਅਦ ਸੁਹਾਗਾ ਨਾ ਮਾਰੋ।

ਕਿਸਮਾਂ ਦੀ ਚੋਣ

ਘੱਟ ਪਾਣੀ ਤੇ ਬਰਾਨੀ ਹਾਲਾਤ ਵਿਚ ਫ਼ਸਲ ਦੀ ਸਹੀ ਕਿਸਮ ਚੁਣ ਕੇ ਹੀ ਵਧੇਰੇ ਝਾੜ ਲਿਆ ਜਾ ਸਕਦਾ ਹੈ। ਇਸ ਲਈ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਬੀਜੋ।

ਕਣਕ : ਸੇਂਜੂ ਹਾਲਾਤ ਵਿਚ ਠੀਕ ਸਮੇਂ 'ਤੇ ਬਿਜਾਈ ਲਈ ਉੱਨਤ ਪੀਬੀਡਬਲਿਊ-343, ਉੱਨਤ ਪੀਬੀਡਬਲਿਊ-550, ਪੀਬੀਡਬਲਿਊ- ਜ਼ਿੰਕ-1, ਪੀਬੀਡਬਲਿਊ-725, ਪੀਬੀਡਬਲਿਊ-677 ਤੇ ਐੱਚਡੀ-3086 ਕਿਸਮਾਂ ਦੀ ਬਿਜਾਈ ਕਰੋ। ਸੇਂਜੂ ਹਾਲਾਤ ਵਿਚ ਪਿਛੇਤੀ ਬਿਜਾਈ ਲਈ ਪੀਬੀਡਬਲਿਊ-752, ਪੀਬੀਡਬਲਿਊ-658 ਜਾਂ ਪੀਬੀਡਬਲਿਊ-590 ਕਿਸਮਾਂ ਬੀਜੋ, ਜਦਕਿ ਬਰਾਨੀ ਹਾਲਾਤ ਲਈ ਪੀਬੀਡਬਲਿਊ-660 ਕਿਸਮ ਦੀ ਬਿਜਾਈ ਕਰੋ।

ਛੋਲੇ : ਪੀਬੀਜੀ-7 ਤੇ ਪੀਬੀਜੀ-5 ਕਿਸਮਾਂ ਦੀ ਬਿਜਾਈ ਕਰੋ।

ਮਸਰ : ਐੱਲਐੱਲ-931 ਤੇ ਐੱਲਐੱਲ-699

ਤੋਰੀਆ : ਟੀਐੱਲ-17 ਤੇ ਟੀਐੱਲ-15

ਰਾਇਆ : ਗਿਰੀਰਾਜ, ਆਰਐੱਲਸੀ-3, ਪੀਬੀਆਰ-357, ਪੀਬੀਆਰ-91, ਪੀਬੀਆਰ-97 ਤੇ ਆਰਐੱਲਐੱਮ-619

ਗੋਭੀ ਸਰੋਂ੍ਹ : ਜੀਐੱਸਸੀ-7 ਤੇ ਜੀਐੱਸਸੀ-6

ਤਾਰਾਮੀਰਾ : ਟੀਐੱਮਐੱਲਸੀ-2 ਕਿਸਮ ਦੀ ਬਿਜਾਈ ਕਰੋ।

ਬੀਜ ਦੀ ਸੋਧ

ਘੱਟ ਪਾਣੀ ਤੇ ਬਰਾਨੀ ਹਾਲਾਤ ਵਿਚ ਕਣਕ ਤੇ ਛੋਲਿਆਂ ਉੱਪਰ ਸਿਉਂਕ ਦਾ ਵਧੇਰੇ ਹਮਲਾ ਹੁੰਦਾ ਹੈ। ਇਸ ਦੀ ਰੋਕਥਾਮ ਲਈ ਬੀਜ ਨੂੰ 4 ਮਿਲੀਲਿਟਰ ਕਲੋਰਪਾਇਰੀਫਾਸ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਫ਼ਸਲ ਦਾ ਵੱਧ ਝਾੜ ਲੈਣ ਲਈ ਖਾਦਾਂ ਦੇ ਨਾਲ-ਨਾਲ ਬੀਜ ਦੀ ਜੀਵਾਣੂ ਖਾਦ ਨਾਲ ਸੋਧ ਵੀ ਮਹੱਤਵਪੂਰਨ ਹੈ। ਇਸ ਮੰਤਵ ਲਈ ਕਣਕ ਦੇ ਬੀਜ ਨੂੰ ਜੀਵਾਣੂ ਖਾਦ ਨਾਲ ਸੋਧ ਕਰਨ ਵਾਸਤੇ ਅੱਧਾ ਕਿੱਲੋ ਕਨਸ਼ੋਰਸ਼ੀਅਮ ਜੀਵਾਣੂ ਖਾਦ ਨੂੰ ਇਕ ਲੀਟਰ ਪਾਣੀ 'ਚ ਮਿਲਾ ਕੇ ਕਣਕ ਦੇ ਪ੍ਰਤੀ ਏਕੜ ਬੀਜ ਨਾਲ ਚੰਗੀ ਤਰ੍ਹਾਂ ਮਿਲਾਓ। ਛੋਲਿਆਂ ਲਈ ਮਿਸ਼ਰਿਤ ਜੀਵਾਣੂ ਖਾਦ ਮੀਜ਼ੋਰਾਈਜ਼ੋਬੀਅਮ (ਐੱਲਜੀਆਰ-33) ਤੇ ਰਾਈਜ਼ੋਬੈਕਟੀਰੀਅਮ (ਆਰਬੀ-1) ਤੇ ਮਸਰਾਂ ਲਈ ਮਿਸ਼ਰਿਤ ਜੀਵਾਣੂ ਖਾਦ ਰਾਈਜ਼ੋਬੀਅਮ (ਐੱਲਐੱਲਆਰ-12) ਤੇ ਰਾਈਜ਼ੋਬੈਕਟੀਰੀਅਮ (ਆਰਬੀ-2) ਦੇ ਦੋਵਾਂ ਟੀਕਿਆਂ ਦਾ ਇਕ-ਇਕ ਪੈਕੇਟ ਇਕ ਏਕੜ ਦੇ ਬੀਜ ਨਾਲ ਚੰਗੀ ਤਰ੍ਹਾਂ ਰਲਾ ਦੇਵੋ ਤੇ ਛੇਤੀ ਬਿਜਾਈ ਕਰ ਦਿਓ।

ਖਾਦਾਂ ਦੀ ਵਰਤੋਂ

ਜੇ ਜ਼ਮੀਨ ਵਿਚ ਨਮੀ ਦੀ ਪੂਰੀ ਸੰਭਾਲ ਕੀਤੀ ਜਾਵੇ ਤਾਂ ਘੱਟ ਪਾਣੀ ਤੇ ਬਰਾਨੀ ਹਾਲਾਤ ਵਿਚ ਖਾਦਾਂ ਦੀ ਵਰਤੋਂ ਬਹੁਤ ਲਾਹੇਵੰਦ ਰਹਿੰਦੀ ਹੈ। ਵਧੀਆ ਝਾੜ ਲੈਣ ਤੇ ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਵਾਸਤੇ ਜੀਵਾਣੂ ਤੇ ਰਸਾਇਣਕ ਖਾਦਾਂ ਦੀ ਮਿਲੀਜੁਲੀ ਵਰਤੋਂ ਕਰੋ। ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ 'ਤੇ ਕਰੋ। ਜੇ ਮਿੱਟੀ ਦੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜ਼ਮੀਨਾਂ ਲਈ ਪੀਏਯੂ ਵੱਲੋਂ ਪ੍ਰਵਾਨਿਤ ਮਾਤਰਾ 'ਚ ਖਾਦਾਂ ਦੀ ਵਰਤੋਂ ਕਰੋ। ਕਣਕ ਨੂੰ ਰੇਤਲੀਆਂ, ਭੱਲ ਵਾਲੀਆਂ ਤੇ ਚੀਕਣੀਆਂ ਭੱਲ ਵਾਲੀਆਂ ਜ਼ਮੀਨਾਂ 'ਚ ਅੱਧੀ ਨਾਈਟ੍ਰੋਜਨ, ਪੂਰੀ ਫਾਸਫੋਰਸ ਤੇ ਪੂਰੀ ਪੋਟਾਸ਼ ਖਾਦ ਬਿਜਾਈ ਸਮੇਂ ਡਰਿੱਲ ਕਰੋ ਅਤੇ ਬਾਕੀ ਅੱਧੀ ਨਾਈਟ੍ਰੋਜਨ ਖਾਦ ਦਾ ਸਰਦੀਆਂ ਦੀਆਂ ਬਾਰਿਸ਼ਾਂ ਵੇਲੇ ਛੱਟਾ ਦੇ ਦੇਵੋ ਜਦਕਿ ਭੱਲ ਵਾਲੀਆਂ ਰੇਤਲੀਆਂ ਜ਼ਮੀਨਾਂ ਵਿਚ ਸਾਰੀਆਂ ਖਾਦਾਂ ਬਿਜਾਈ ਸਮੇਂ ਡਰਿੱਲ ਕਰੋ। ਗੋਭੀ ਸਰੋਂ੍ਹ ਨੂੰ ਦੋ ਕਿਸ਼ਤਾਂ ਵਿਚ ਨਾਈਟ੍ਰੋਜਨ ਖਾਦ ਪਾਓ। ਛੋਲੇ, ਮਸਰ, ਤੋਰੀਆ, ਰਾਇਆ ਤੇ ਤਾਰਾਮੀਰਾ ਨੂੰ ਸਾਰੀਆਂ ਖਾਦਾਂ ਬਿਜਾਈ ਸਮੇਂ ਡਰਿੱਲ ਕਰੋ।

ਇਨ੍ਹਾਂ ਨੁਕਤਿਆਂ ਨੂੰ ਅਪਣਾ ਕੇ ਘੱਟ ਪਾਣੀ ਤੇ ਬਰਾਨੀ ਹਾਲਾਤ ਵਿਚ ਵੀ ਹਾੜੀ ਦੀਆਂ ਫ਼ਸਲਾਂ ਤੋਂ ਚੰਗਾ ਝਾੜ ਲਿਆ ਜਾ ਸਕਦਾ ਹੈ।

ਬਿਜਾਈ ਸਮੇਂ ਨਮੀ ਦੀ ਘਾਟ


ਫ਼ਸਲ ਦੇ ਸਹੀ ਜੰਮ ਲਈ ਬੀਜ ਨੂੰ ਸਿੱਲ੍ਹ ਵਿਚ 8-10 ਸੈਂਟੀਮੀਟਰ ਡੂੰਘਾ ਬੀਜੋ। ਬਿਜਾਈ ਪੋਰੇ ਨਾਲ ਜਾਂ ਖਾਦ-ਬੀਜ ਡਰਿੱਲ ਨਾਲ ਕਰੋ। ਬਿਜਾਈ ਤੋਂ ਬਾਅਦ ਸੁਹਾਗਾ ਮਾਰਨ ਦੀ ਲੋੜ ਨਹੀਂ। ਕਣਕ ਦੀ ਫ਼ਸਲ ਵਿਚ ਕਤਾਰ ਤੋਂ ਕਤਾਰ ਦੀ ਦੂਰੀ 22-25 ਸੈਂਟੀਮੀਟਰ ਦੀ ਥਾਂ 30 ਸੈਂਟੀਮੀਟਰ ਰੱਖੋ। ਕਣਕ ਦੀ ਥਾਂ 'ਤੇ ਛੋਲੇ, ਮਸਰ ਤੇ ਰਾਇਆ ਬੀਜੋ। ਜੇ ਮੀਂਹ ਦਾ ਪਾਣੀ ਟੋਇਆਂ 'ਚ ਸੰਭਾਲਿਆ ਹੋਵੇ ਤਾਂ ਇਸ ਨੂੰ ਰੌਣੀ ਲਈ ਵਰਤੋ। ਜੇ ਬਿਜਾਈ ਸਮੇਂ ਜ਼ਮੀਨ ਵਿਚ ਨਮੀ ਦੀ ਜ਼ਿਆਦਾ ਘਾਟ ਹੋਵੇ ਤਾਂ ਸਰਦੀਆਂ ਦੀਆਂ ਬਾਰਿਸ਼ਾਂ ਤੋਂ ਬਾਅਦ ਪਿਛੇਤੇ ਹਾਲਾਤ ਵਿਚ ਕਣਕ ਦੀਆਂ ਪੀਬੀਡਬਲਿਊ-752, ਪੀਬੀਡਬਲਿਊ-658 ਜਾਂ ਪੀਬੀਡਬਲਿਊ-590 ਕਿਸਮਾਂ ਦੀ ਬਿਜਾਈ ਕਰੋ। ਜੇ ਦਸੰਬਰ ਤਕ ਮੀਂਹ ਪੈ ਜਾਵੇ ਤੇ ਸਮੇਂ ਸਿਰ ਬੀਜੀ ਗਈ ਕਣਕ ਦਾ ਜੰਮ ਮਾੜਾ ਹੋਵੇ ਤਾਂ ਕਣਕ ਦੀ ਦੁਬਾਰਾ ਬਿਜਾਈ ਕਰੋ।

- ਅਨਿਲ ਖੋਖਰ, ਪਰਮਿੰਦਰ ਸਿੰਘ ਸੰਧੂ

Posted By: Harjinder Sodhi