ਗੁਰਤੇਜ ਸਿੰਘ ਸਿੱਧੂ, ਬਠਿੰਡਾ : ਰਾਜਸਥਾਨ 'ਚ ਹਮਲੇ ਪਿੱਛੋਂ ਟਿੱਡੀ ਦਲ ਦੇ ਪੰਜਾਬ ਵੱਲ ਵਧਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਮਾਲਵਾ ਖੇਤਰ ਨੂੰ ਹਾਈ ਅਲਰਟ ਕਰ ਦਿੱਤਾ ਹੈ। ਖੇਤੀਬਾੜੀ ਵਿਭਾਗ ਨੇ ਟਿੱਡੀ ਦਲ ਦੇ ਸੰਭਾਵੀ ਹਮਲੇ ਨਾਲ ਨਜਿੱਠਣ ਲਈ ਪੂਰੀਆਂ ਤਿਆਰੀਆਂ ਖਿੱਚ ਲਈਆਂ ਹਨ।

ਹਰਿਆਣਾ ਤੇ ਰਾਜਸਥਾਨ ਦੇ ਨੇੜੇ ਲੱਗਦੇ ਪਿੰਡਾਂ ਅੰਦਰ ਗੁਰੂ ਘਰਾਂ ਤੋਂ ਅਨਾਊਂਸਮੈਂਟ ਕਰਵਾ ਕੇ ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਰਾਤ ਸਮੇਂ ਚੌਂਕਸ ਰਹਿਣ ਕਿਉਂਕਿ ਟਿੱਡੀ ਦਲ ਆਮ ਹਾਲਾਤ 'ਚ ਰਾਤ ਸਮੇਂ ਹਮਲਾ ਕਰਦਾ ਹੈ। ਲੱਖਾਂ ਕਰੋੜਾਂ ਦੀ ਗਿਣਤੀ 'ਚ ਟਿੱਡੀਆਂ ਕੁਝ ਘੰਟਿਆਂ ਵਿਚ ਹੀ ਫ਼ਸਲ ਨੂੰ ਚੱਟ ਕਰ ਜਾਂਦੀਆਂ ਹਨ। ਖੇਤੀਬਾੜੀ ਵਿਭਾਗ ਅਨੁਸਾਰ ਟਿੱਡੀ ਦਲ ਦੇ ਹਮਲੇ ਦਾ ਜ਼ਿਆਦਾ ਖਤਰਾ ਫਾਜ਼ਿਲਕਾ ਖੇਤਰ ਅੰਦਰ ਬਣਿਆ ਹੋਇਆ ਹੈ।

ਖੇਤੀਬਾੜੀ ਵਿਭਾਗ ਨੇ ਟਿੱਡੀ ਦਲ ਦੇ ਸੰਭਾਵੀ ਹਮਲੇ ਨਾਲ ਨਜਿੱਠਣ ਲਈ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ ਜਿਹੜੇ ਲਗਾਤਾਰ ਖੇਤਾਂ ਵਿਚ ਜਾ ਕੇ ਜਾਇਜ਼ਾ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਵੀ ਸੰਗਤ ਬਲਾਕ ਦੇ ਪਿੰਡਾਂ ਅੰਦਰ ਛੋਟਾ ਜਿਹਾ ਟਿੱਡੀ ਦਲ ਦੇਖਿਆ ਗਿਆ ਸੀ। ਇਸ ਤੋਂ ਬਾਅਦ ਹੁਣ ਫਿਰ ਕੁਝ ਟਿੱਡੀਆਂ ਦੇਖਣ 'ਤੇ ਪਿੰਡ ਗਹਿਰੀ ਬੁੱਟਰ ਦੇ ਲੋਕਾਂ ਨੂੰ ਖੇਤੀਬਾੜੀ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਸੀ ਪਰ ਖੇਤੀਬਾੜੀ ਅਧਿਕਾਰੀਆਂ ਅਨੁਸਾਰ ਪੰਜਾਬ ਵਿਚ ਅਜੇ ਤਕ ਟਿੱਡੀ ਦਲ ਦਾ ਹਮਲਾ ਵੇਖਣ ਵਿਚ ਨਹੀਂ ਆਇਆ। ਜ਼ਿਲ੍ਹੇ ਖੇਤੀਬਾੜੀ ਅਫ਼ਸਰ ਡਾ. ਬਹਾਦਰ ਸਿੰਘ ਅਨੁਸਾਰ ਜ਼ਿਲ੍ਹੇ ਅੰਦਰ ਕੁੱਲ 38 ਟੀਮਾਂ ਬਣਾਈਆਂ ਗਈਆਂ ਹਨ ਜਿੰਨ੍ਹਾਂ ਵਿਚ ਇਕ ਜ਼ਿਲ੍ਹਾ ਪੱਧਰੀ ਟੀਮ ਸ਼ਾਮਲ ਹੈ।

ਬਠਿੰਡਾ 'ਚ ਮਿਲੀਆਂ ਟਿੱਡੀਆਂ ਹੋਰ ਪ੍ਰਜਾਤੀ ਦੀਆਂ : ਪੀਏਯੂ

ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਬੁੱਟਰ 'ਚ ਦੋ ਦਿਨ ਪਹਿਲਾਂ ਕੁਝ ਟਿੱਡੀਆਂ ਮਿਲੀਆਂ ਸਨ। ਕਿਸਾਨਾਂ ਵੱਲੋਂ ਟਿੱਡੀ ਦਲ ਦੇ ਹਮਲੇ ਦੀ ਸੂਚਨਾ ਮਿਲਣ ਬਾਅਦ ਖੇਤੀਬਾੜੀ ਵਿਭਾਗ 'ਚ ਭਾਜੜ ਪੈ ਗਈ ਸੀ। ਵਿਭਾਗ ਦੇ ਅਧਿਕਾਰੀ ਡਾ. ਆਸਮਾਨਪ੍ਰੀਤ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਟੀਮ ਨੇ ਉਕਤ ਪਿੰਡ ਦੇ ਖੇਤਾਂ ਦਾ ਦੌਰਾ ਕੀਤਾ ਤੇ ਖੇਤ 'ਚੋਂ ਮਿਲੀਆਂ ਟਿੱਡੀਆਂ ਦੇ ਨਮੂਨੇ ਜਾਂਚ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਭੇਜੇ ਸਨ। ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ ਉਕਤ ਟਿੱਡੀਆਂ ਰਾਜਸਥਾਨ ਦੇ ਟਿੱਡੀ ਦਲ ਦੀਆਂ ਨਹੀਂ ਸਨ, ਸਗੋਂ ਇਹ ਟਿੱਡੀਆਂ ਹੋਰ ਪ੍ਰਜਾਤੀ ਦੀਆਂ ਸਨ।

ਪੱਕਾ ਸਹਾਰਣਾ 'ਚ 30 ਸਕੇਅਰ ਕਿਲੋਮੀਟਰ ਦਾ ਝੁੰਡ

ਖੇਤੀਬਾੜੀ ਅਧਿਕਾਰੀਆਂ ਅਨੁਸਾਰ ਫ਼ਾਜ਼ਿਲਕਾ ਦੇ ਨਾਲ ਲੱਗਦੇ ਰਾਜਸਥਾਨ ਦੇ ਪਿੰਡ ਪੱਕਾ ਸਹਾਰਣਾ 'ਚ ਟਿੱਡੀ ਦੇ ਵੱਡੇ ਝੁੰਡਾਂ ਦਾ ਹਮਲਾ ਹੋਇਆ ਹੈ। ਉਕਤ ਝੁੰਡ ਹੁਣ ਪੰਜਾਬ ਵੱਲ ਵਧਦਾ ਜਾ ਰਿਹਾ ਹੈ। ਡਾ. ਆਸਮਾਨਪ੍ਰੀਤ ਸਿੰਘ ਨੇ ਦੱਸਿਆ ਕਿ ਰਾਜਸਥਾਨ ਦੇ ਪਿੰਡ ਪੱਕਾ ਸਹਾਰਣਾ 'ਚ 10 ਵਾਈ 3 ਸਕੂਏਅਰ ਕਿਲੋਮੀਟਰ ਦੇ ਵੱਡੇ ਝੁੰਡ ਨੇ ਹਮਲਾ ਕੀਤਾ ਹੈ। ਉਕਤ ਪਿੰਡ ਫ਼ਾਜ਼ਿਲਕਾ ਦੇ ਬਿਲਕੁਲ ਨਾਲ ਲੱਗਦਾ ਹੈ ਜਿਸ ਕਾਰਨ ਹਮਲੇ ਦਾ ਜ਼ਿਆਦਾ ਡਰ ਉਥੇ ਹੀ ਬਣਿਆ ਹੋਇਆ ਹੈ। ਉਂਝ ਬਠਿੰਡਾ ਜ਼ਿਲ੍ਹੇ ਦੇ ਸੰਗਤ ਬਲਾਕ ਦੇ ਪਿੰਡਾਂ ਅੰਦਰ ਵੀ ਹਮਲੇ ਦਾ ਖਤਰਾ ਹੈ। ਡਾ. ਆਸਮਾਨਪ੍ਰੀਤ ਸਿੰਘ ਨੇ ਦੱਸਿਆ ਕਿ ਉਂਝ ਰਾਜਸਥਾਨ ਸਰਕਾਰ ਨੇ ਉਕਤ ਝੁੰਡ 'ਤੇ ਕਾਬੂ ਪਾਉਦਿਆਂ ਇਸ ਨੂੰ 12 ਸਕੂਏਅਰ ਕਿਲੋਮੀਟਰ ਤਕ ਸਮੇਟ ਦਿੱਤਾ ਹੈ, ਪਰ ਇਸਦੇ ਬਾਵਜੂਦ ਮਾਲਵਾ ਖੇਤਰ ਅੰਦਰ ਹਾਈ ਅਲਰਟ ਕੀਤਾ ਗਿਆ ਹੈ।

ਵੱਖ ਵੱਖ ਵਿਭਾਗਾਂ ਨਾਲ ਕੀਤਾ ਤਾਲਮੇਲ

ਟਿੱਡੀ ਦਲ ਦੇ ਸੰਭਾਵੀ ਹਮਲੇ ਨੂੰ ਲੈ ਕੇ ਖੇਤੀਬਾੜੀ ਵਿਭਾਗ ਨੇ ਪੂਰੀ ਤਿਆਰੀ ਖਿੱਚ ਦਿੱਤੀ ਹੈ। ਪਾਵਰਕਾਮ, ਨਹਿਰੀ ਵਿਭਾਗ, ਸਥਾਨਕ ਸਰਕਾਰਾਂ ਵਿਭਾਗ ਨਾਲ ਖੇਤੀਬਾੜੀ ਵਿਭਾਗ ਨੇ ਪੂਰੀ ਤਰ੍ਹਾਂ ਤਾਲਮੇਲ ਕਰ ਲਿਆ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਬਹਾਦਰ ਸਿੰਘ ਸਿੱਧੂ ਨੇ ਦੱਸਿਆ ਜ਼ਿਲ੍ਹੇ ਅੰਦਰ ਵਿਚ ਕਰੀਬ 1400 ਸਪਰੇਅ ਪੰਪ ਚਾਲੂ ਕਰ ਲਏ ਗਏ ਹਨ। ਇਸ ਤੋਂ ਇਲਾਵਾ ਯੂਪੀਐੱਲ ਦੇ ਪੰਪ ਤਿਆਰ ਰੱਖੇ ਗਏ ਹਨ ਤਾਂ ਜੋ ਲੋੜ ਪੈਣ 'ਤੇ ਕੀੜਨਾਸ਼ਕ ਦਵਾਈ ਦਾ ਛਿੜਕਾਅ ਕੀਤਾ ਜਾ ਸਕੇ। ਇਸ ਤੋਂ ਇਵਾਲਾ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ।

ਕਾਹਨ ਸਿੰਘ ਪੰਨੂ ਨੇ ਹਦਾਇਤਾਂ ਕੀਤੀਆਂ ਜਾਰੀ

ਬੁੱਧਵਾਰ ਨੂੰ ਖੇਤੀਬਾੜੀ ਵਿਭਾਗ ਦੇ ਸੈਕਟਰੀ ਕਾਹਨ ਸਿੰਘ ਪੰਨੂ ਨੇ ਵੀਡੀਓ ਕਾਨਫ਼ਰੰਸਿਗ ਰਾਹੀਂ ਜ਼ਿਲਿ੍ਆਂ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਪੰਨੂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਰ ਤਰ੍ਹਾਂ ਦੀ ਤਿਆਰੀ ਰੱਖਣ ਲਈ ਕਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਭਾਵੇਂ ਅਸੀਂ ਟਿੱਡੀ ਦਲ ਨੂੰ ਪੰਜਾਬ ਅੰਦਰ ਦਾਖਲ ਹੋਣ ਤੋਂ ਤਾਂ ਨਹੀਂ ਰੋਕ ਸਕਦੇ, ਪਰ ਜਿਸ ਜਗ੍ਹਾ ਟਿੱਡੀ ਦਲ ਬੈਠ ਜਾਵੇਗਾ, ਉਥੋਂ ਮੁੜ ਕੇ ਉਸਨੂੰ ਉੱਡਣ ਨਾ ਦਿੱਤਾ ਜਾਵੇ।