ਸਾਲ 2020 ਦੇ ਸ਼ੁਰੂ ਹੋਣ ਤੋਂ ਹੀ ਮਾਰੂਥਲੀ ਟਿੱਡੀ ਦਲ ਭਾਰਤ ਸਮੇਤ ਬਹੁਤ ਸਾਰੇ ਮੁਲਕਾਂ 'ਚ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਟਿੱਡੀ ਦਲ ਦੇਸ਼ ਦੀ ਖ਼ੁਰਾਕ ਸੁਰੱਖਿਆ ਲਈ ਵੱਡਾ ਖ਼ਤਰਾ ਖੜ੍ਹਾ ਕਰਨ ਦੀ ਸਮਰਥਾ ਰੱਖਦੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਮਾਰੂਥਲੀ ਟਿੱਡੀਆਂ ਦੇ ਪੂਰਬੀ ਅਫਰੀਕਾ, ਮੱਧ ਪੂਰਬ ਦੇ ਦੇਸ਼ਾਂ ਭਾਰਤ, ਦੱਖਣੀ ਈਰਾਨ ਅਤੇ ਪਾਕਿਸਤਾਨ 'ਚ ਖੇਤੀਬਾੜੀ ਅਤੇ ਬਨਸਪਤੀ ਲਈ ਵੱਡੇ ਖ਼ਤਰੇ ਖੜ੍ਹੇ ਕੀਤੇ ਹੋਏ ਹਨ। ਭਾਰਤ ਦੇ ਸਰਹੱਦੀ ਸੂਬੇ ਪੰਜਾਬ, ਰਾਜਸਥਾਨ, ਗੁਜਰਾਤ ਆਦਿ ਇਸ ਦੇ ਹਮਲੇ ਪੱਖੋਂ ਵਧੇਰੇ ਸੰਵੇਦਨਸ਼ੀਲ ਮੰਨੇ ਜਾ ਰਹੇ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਦੀਪ ਕੁਮਾਰ ਛੁਨੇਜਾ ਦੱਸਿਆ ਕਿ ਇਸ ਸਾਲ ਜਨਵਰੀ-ਫਰਵਰੀ ਵਿਚ ਸਰਹੱਦ ਪਾਰੋਂ ਟਿੱਡੀ ਦਲ ਦੇ ਛੋਟੇ ਤੇ ਦਰਮਿਆਨੇ ਸਮੂਹ ਰਾਜਸਥਾਨ ਅਤੇ ਪੰਜਾਬ 'ਚ ਦਾਖ਼ਲ ਹੋਏ ਸਨ ਪਰ ਇਨ੍ਹਾਂ ਦਾ ਛੇਤੀ ਹੀ ਮੁਕੰਮਲ ਤੌਰ 'ਤੇ ਖ਼ਾਤਮਾ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਨੇ ਇਕ ਬਿਆਨ 'ਚ ਕਿਹਾ ਹੈ ਕਿ ''ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਸਰਹੱਦੀ ਇਲਾਕਿਆਂ ਦਾ ਲਗਾਤਾਰ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਅਜੇ ਤਕ ਪੰਜਾਬ ਵਿਚ ਕਿਸੇ ਵੀ ਥਾਂ ਟਿੱਡੀ ਦਲ ਕਾਰਨ ਨੁਕਸਾਨ ਵੇਖਣ 'ਚ ਨਹੀਂ ਆਇਆ ਹੈ।'' ਇਨ੍ਹਾਂ ਟਿੱਡੀਆਂ ਦੇ ਛੋਟੇ ਸਮੂਹਾਂ ਦਾ ਕੋਈ ਗੰਭੀਰ ਖ਼ਤਰਾ ਨਹੀਂ ਪਰ ਤਾਪਮਾਨ 'ਚ ਵਾਧੇ ਤੇ ਫ਼ਸਲਾਂ/ਬਨਸਪਤੀ ਦੀ ਬਹੁਤਾਤ ਦੇ ਮੱਦੇਨਜ਼ਰ ਸਰਹੱਦ ਪਾਰੋਂ ਬਾਲਗ ਟਿੱਡੀਆਂ ਦੇ ਹਮਲਿਆਂ ਤੋਂ ਬੇਹੱਦ ਚੌਕਸ ਰਹਿਣ ਦੀ ਲੋੜ ਹੈ।

ਨਾਮਕਰਣ

ਘਾਹ ਦੇ ਟਿੱਡੇ (ਗਰਾਸ ਹੋਪਰ) ਨੂੰ ਅੰਗਰੇਜ਼ੀ ਵਿਚ ਮਾਈਗ੍ਰੇਟਰੀ ਲੋਕਸਟ (Migratory locust) ਆਖਦੇ ਹਨ। ਇਸ ਦਾ ਵਿਗਿਆਨਕ ਨਾਂ ਲੋਕਸਟਾ ਮਾਈਗ੍ਰੇਟਰੀਆ (Locusta migratoria) ਹੈ। ਮਾਈਗ੍ਰੇਟਰੀ ਦਾ ਅਰਥ 'ਘੁਮੱਕੜ' ਜਾਂ 'ਹਿਜਰਤ' ਤੋਂ ਹੈ। ਇਹ ਟਿੱਡੇ ਝੁੰਡਾਂ ਦੇ ਰੂਪ 'ਚ ਇਕ ਤੋਂ ਦੂਸਰੀ ਥਾਂ ਆਪਣਾ ਟਿਕਾਣਾ ਬਦਲਦੇ ਰਹਿੰਦੇ ਹਨ, ਇਸੇ ਤੋਂ ਇਨ੍ਹਾਂ ਦਾ ਇਹ ਨਾਂ ਚੁਣਿਆ ਗਿਆ ਹੈ। ਘਾਹ ਦੇ ਜੋ ਟਿੱਡੇ Acrididae ਪਰਿਵਾਰ ਨਾਲ ਸਬੰਧਤ ਹਨ, ਉਹ ਝੁੰਡ ਵਧੇਰੇ ਬਣਾਉਂਦੇ ਹਨ। ਪੰਜਾਬ ਤੇ ਇਸ ਦੇ ਨਾਲ ਲਗਦੇ ਸੂਬਿਆਂ 'ਚ ਇਸ ਵੇਲੇ ਮਾਰੂਥਲੀ ਟਿੱਡੀ ਦਲ ਦੇ ਹਮਲੇ ਦਾ ਵਧੇਰੇ ਖ਼ਤਰਾ ਹੈ, ਜਿਸ ਦਾ ਵਿਗਿਆਨਕ ਨਾਂ Schistocerca Gregaria ਹੈ।

ਇਨ੍ਹਾਂ ਟਿੱਡਿਆਂ ਦੇ ਦਿਮਾਗ਼ 'ਚ ਕੁਝ ਵਿਸ਼ੇਸ਼ ਹਾਲਾਤ ਦੌਰਾਨ ਸੈਰੋਟੋਨਿਨ (serotonin) ਨਾਂ ਦੇ ਰਸਾਇਣ ਦਾ ਰਿਸਾਅ ਵੱਧ ਜਾਂਦਾ ਹੈ ਤਾਂ ਇਨ੍ਹਾਂ ਦੇ ਰਹਿਣ-ਸਹਿਣ ਤੇ ਜ਼ਿੰਦਗੀ ਦੇ ਬਾਕੀ ਵਰਤਾਰਿਆਂ 'ਚ ਵੱਡੀ ਤਬਦੀਲੀ ਆ ਜਾਂਦੀ ਹੈ। ਟਿੱਡਿਆਂ ਦੇ ਰੰਗ 'ਚ ਤਬਦੀਲੀ ਆਉਂਦੀ ਹੈ, ਉਹ ਲੋੜ ਤੋਂ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਤੇ ਪ੍ਰਜਣਨ ਪ੍ਰਕਿਰਿਆ ਤੇਜ਼ ਕਰ ਦਿੰਦੇ ਹਨ, ਜਿਸ ਨਾਲ ਝੁੰਡਾਂ ਦਾ ਆਕਾਰ ਵਧਦਾ ਜਾਂਦਾ ਹੈ। ਟਿੱਡੀਆਂ ਦਾ ਇਕ ਵੱਡਾ ਸਮੂਹ ਸੈਂਕੜੇ ਕਿਲੋਮੀਟਰ ਦਾਇਰੇ ਨੂੰ ਘੇਰ ਸਕਦਾ ਹੈ ਤੇ ਟਿੱਡੀ ਦਲ ਦੇ ਅਜਿਹੇ ਵੱਡੇ ਝੁੰਡ ਦਾ ਜੇ ਕਿਸੇ ਖੇਤ ਉੱਪਰ ਹਮਲਾ ਹੋ ਜਾਵੇ ਤਾਂ ਇਹ ਕੁਝ ਹੀ ਮਿਨਟਾਂ 'ਚ ਖੇਤ ਨੂੰ ਖ਼ਾਲੀ ਕਰਨ ਦੀ ਸਮਰਥਾ ਰੱਖਦਾ ਹੈ।

ਸਰਹੱਦੀ ਸੂਬੇ ਸੰਵੇਦਨਸ਼ੀਲ

ਮਾਰੂਥਲੀ ਟਿੱਡੀਆਂ ਦੀ ਆਮਦ ਕਿਉਂਕਿ ਸਰਹੱਦ ਪਾਰੋਂ ਹੁੰਦੀ ਹੈ ਇਸ ਲਈ ਭਾਰਤ-ਪਾਕਿ ਸਰਹੱਦ ਦੇ ਨਾਲ ਲਗਦੇ ਸੂਬੇ ਇਸ ਦੇ ਹਮਲੇ ਪੱਖੋਂ ਵਧੇਰੇ ਸੰਵੇਦਨਸ਼ੀਲ ਹਨ। ਬੀਤੇ ਕੁਝ ਦਿਨਾਂ ਤੋਂ ਸਰਹੱਦ ਨਾਲ ਲਗਦੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਹਿੰਦੂਮਲਕੋਟ, ਖੱਖਾਂ ਅਤੇ ਰੇਣੁਕਾ ਖੇਤਰਾਂ ਤੋਂ ਇਲਾਵਾ ਪੰਜਾਬ ਵਿਚ ਫਾਜ਼ਿਲਕਾ ਜ਼ਿਲ੍ਹੇ ਦੇ ਰੂਪ ਨਗਰ, ਬਾਰੇਕਾ, ਨੇਜੇਕੇ, ਖੂਈਆਂ ਸਰਵਰ ਅਤੇ ਬਿਸ਼ੰਬਰ 'ਚ ਨਾਬਾਲਗ ਟਿੱਡਆਂ ਦੇ ਛੋਟੇ ਸਮੂਹਾਂ ਦੀ ਆਮਦ ਵੇਖੀ ਗਈ ਅਤੇ ਇਨ੍ਹਾਂ ਉੱਪਰ ਵੀ ਫੌਰੀ ਤੌਰ 'ਤੇ ਕਾਬੂ ਪਾ ਲਿਆ ਗਿਆ। ਬੀਤੇ ਦਿਨੀਂ ਦਿੱਲੀ ਵਿਚ ਵੀ ਇਸ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਸੂਬਿਆਂ ਤੋਂ ਇਲਾਵਾ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਹਰਿਆਆਣਾ, ਹਿਮਾਚਲ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕਾ ਸੂਬਿਆਂ ਨੂੰ ਵੀ ਟਿੱਡੀ ਦਲ ਦੇ ਹਮਲੇ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਸੰਯੁਕਤ ਰਾਸ਼ਟਰ ਦੀ ਸੰਸਥਾ 'ਐੱਫਏਓ' ਨੇ ਚਿਤਾਵਨੀ ਦਿੱਤੀ ਹੈ ਕਿ ਆਉਂਦੇ ਕੁਝ ਹਫ਼ਤਿਆਂ ਦੌਰਾਨ ਇਹ ਟਿੱਡੀ ਦਲ ਬਿਹਾਰ ਅਤੇ ਓਡੀਸ਼ਾ ਆਦਿ ਸੂਬਿਆਂ ਵਿਚ ਵੀ ਪਹੁੰਚ ਸਕਦੇ ਹਨ।

ਪ੍ਰਜਣਨ ਰੁੱਤਾਂ

ਪੀਏਯੂ ਦੇ ਕੀਟ ਵਿਗਿਆਨ ਵਿਭਾਗ ਦੇ ਮਾਹਿਰ ਨਵੀਨ ਅੱਗਰਵਾਲ ਅਤੇ ਨਰਿੰਦਰ ਸਿੰਘ ਅਨੁਸਾਰ ਟਿੱਡੀ ਸਾਲ ਵਿਚ 3 ਵਾਰ ਪ੍ਰਜਣਨ ਕਰਦੀ ਹੈ। ਸਰਦੀਆਂ ਵਿਚ ਨਵੰਬਰ ਤੋਂ ਦਸੰਬਰ, ਬਹਾਰ ਰੁੱਤ ਵਿਚ ਜਨਵਰੀ ਤੋਂ ਜੂਨ ਅਤੇ ਗਰਮੀਆਂ ਵਿਚ ਜੁਲਾਈ ਤੋਂ ਅਕਤੂਬਰ ਤਕ। ਭਾਰਤ ਵਿਚ ਟਿੱਡੀ ਸਿਰਫ਼ ਗਰਮੀ ਰੁੱਤ ਦੌਰਾਨ ਅਤੇ ਪਾਕਿਸਤਾਨ ਵਿਚ ਬਹਾਰ ਤੇ ਗਰਮੀ ਰੁੱਤ ਦੌਰਾਨ ਵੀ ਪ੍ਰਜਣਨ ਕਰਦੀ ਹੈ। ਬਹਾਰ ਰੁੱਤ ਦੌਰਾਨ ਟਿੱਡੀਆਂ ਆਮ ਤੌਰ ਤੇ ਦੱਖਣ-ਪੂਰਬੀ ਈਰਾਨ ਤੇ ਦੱਖਣ-ਪੱਛਮੀ ਪਾਕਿਸਤਾਨ ਵਿਚ ਮਿਲਦੀਆਂ ਹਨ ਜਦਕਿ ਗਰਮੀਆਂ ਦੌਰਾਨ ਇਹ ਭਾਰਤ-ਪਾਕਿ ਸਰਹੱਦ 'ਤੇ ਮਿਲਦੀਆਂ ਹਨ।

ਮੌਜੂਦਾ ਸਮੇਂ ਪੰਜਾਬ 'ਚ ਟਿੱਡੀ ਦਲ ਦਾ ਹਮਲਾ ਭਾਵੇਂ ਵਧੇਰੇ ਘਾਤਕ ਨਹੀਂ ਪਰ ਜੁਲਾਈ ਮਹੀਨੇ ਦੌਰਾਨ ਇਨ੍ਹਾਂ ਦੀ ਪੈਦਾਇਸ਼ ਵੱਧਣ ਨਾਲ ਟਿੱਡੀਆਂ ਦਾ ਹਮਲਾ ਘਾਤਕ ਹੋ ਸਕਦਾ ਹੈ। ਵੱਡੇ ਝੁੰਡਾਂ 'ਚ ਕਈ ਵਾਰ ਟਿੱਡੀਆਂ ਦੀ ਗਿਣਤੀ 40 ਤੋਂ 80 ਲੱਖ ਤਕ ਹੋ ਸਕਦੀ ਹੈ। ਸਿਖ਼ਰ ਦੁਪਹਿਰੇ ਜਦੋਂ ਅਜਿਹੇ ਝੁੰਡ ਅਸਮਾਨ 'ਚੋਂ ਲੰਘਦੇ ਹਨ ਤਾਂ ਇਨ੍ਹਾਂ ਦੀ ਘਣਤਾ ਕਾਰਨ ਸੂਰਜ ਦੀ ਧੁੱਪ ਦਾ ਧਰਤੀ 'ਤੇ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ। ਇਹ ਟਿੱਡੀਆਂ ਦਿਨ ਵਿਚ 150 ਕਿਲੋਮੀਟਰ ਤਕ ਉੱਡ ਸਕਦੀਆਂ ਹਨ।

ਵਿੱਤੀ ਨੁਕਸਾਨ

ਪੀਏਯੂ ਦੇ ਕੀਟ ਵਿਗਿਆਨ ਵਿਭਾਗ ਦੇ ਮਾਹਿਰ ਨਵੀਨ ਅੱਗਰਵਾਲ ਤੇ ਨਰਿੰਦਰ ਸਿੰਘ ਅਨੁਸਾਰ ਭਾਰਤ 'ਚ ਰੇਗਿਸਤਾਨੀ ਇਲਾਕਾ ਢਾਈ ਲੱਖ ਵਰਗ ਕਿਲੋਮੀਟਰ ਹੈ, ਜਿਸ ਵਿਚ ਰਾਜਸਥਾਨ, ਗੁਜਰਾਤ ਤੇ ਹਰਿਆਣਾ ਸੂਬੇ ਆਉਂਦੇ ਹਨ। ਸਾਲ 1926-31 ਦੌਰਾਨ ਰੋਕਥਾਮ ਦੇ ਪ੍ਰਬੰਧਾਂ ਦੇ ਬਾਵਜੂਦ ਟਿੱਡੀ ਦਲ ਦੇ ਹਮਲੇ ਕਾਰਨ ਦੇਸ਼ 'ਚ ਕਰੀਬ 10 ਕਰੋੜ ਰੁਪਦੇ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ। 1940-46 ਤੇ 1949-55 ਦੌਰਾਨ 2 ਕਰੋੜ ਤੇ ਇਸ ਦੇ ਆਖ਼ਰੀ ਹਮਲੇ 1959-62 ਦੌਰਾਨ 50 ਲੱਖ ਰੁਪਏ ਦਾ ਨੁਕਸਾਨ ਹੋਇਆ। ਭਾਵੇਂ 1962 ਤੋਂ ਬਾਅਦ ਟਿੱਡੀ ਦਲ ਦਾ ਪਲੇਗ ਰੂਪ ਵਿਚ ਹਮਲਾ ਨਹੀਂ ਹੋਇਆ ਪਰ ਫਿਰ ਵੀ 1978 ਤੇ 1993 ਵਿਚ ਇਸ ਦੀ ਗਿਣਤੀ 'ਚ ਵੱਡਾ ਉਭਾਰ ਦਰਜ ਕੀਤਾ ਗਿਆ। 1978 ਵਿਚ ਕਰੀਬ 2 ਲੱਖ ਰੁਪਏ ਅਤੇ 1993 ਵਿਚ 7.18 ਲੱਖ ਰੁਪਏ ਦਾ ਨੁਕਸਾਨ ਹੋਇਆ। ਇਸ ਤੋਂ ਬਾਅਦ ਹੁਣ ਤਕ ਸਮੇਂ-ਸਮੇਂ 'ਤੇ ਫ਼ਸਲਾਂ ਦਾ ਮਾਮੂਲੀ ਨੁਕਸਾਨ ਹੀ ਸਾਹਮਣੇ ਆਇਆ ਹੈ।

ਛੋਟੇ ਹਮਲੇ

ਖੇਤੀਬਾੜੀ ਵਿਭਾਗ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਖੂਈਆਂ ਸਰਵਰ ਦੇ ਪਿੰਡਾਂ 'ਚ ਕੁਝ ਟਿੱਡੀਆਂ ਦੀ ਫ਼ਸਲਾਂ ਉੱਪਰ ਆਮਦ ਦੀ ਪੁਸ਼ਟੀ ਕੀਤੀ ਹੈ। ਮੁੱਖ ਖੇਤੀਬਾੜੀ ਅਫਸਰ ਮਨਜੀਤ ਸਿੰਘ ਅਨੁਸਾਰ ਜ਼ਿਲ੍ਹੇ ਦੇ 10 ਪਿੰਡਾਂ ਵਿੱਚੋਂ ਕਿਸਾਨਾਂ ਵੱਲੋਂ ਫ਼ਸਲ ਉੱਪਰ ਟਿੱਡੀ ਦਲ ਦੇ ਹਮਲੇ ਦੀ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਉਨ੍ਹਾਂ ਦੱਸਿਆ ਕਿ 15 ਦਿਨ ਤੋਂ ਵਿਭਾਗ ਦੀਆਂ ਟੀਮਾਂ ਰਾਜਸਥਾਨ ਨਾਲ ਲਗਦੀ ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ ਹਨ ਅਤੇ ਅਬੋਹਰ ਤੇ ਖੂਈਆਂ ਸਰਵਰ ਦੇ ਖੇਤਾਂ 'ਚ 40 ਤੋਂ 50 ਟਿੱਡੀਆਂ ਪ੍ਰਤੀ ਏਕੜ ਪਾਈਆਂ ਗਈਆਂ ਹਨ। ਜਦ ਤਕ ਪ੍ਰਤੀ ਏਕੜ 4 ਹਜ਼ਾਰ ਜਾਂ ਇਸ ਤੋਂ ਵੱਧ ਟਿੱਡੀਆਂ ਦਾ ਹਮਲਾ ਨਹੀਂ ਹੁੰਦਾ ਤਦ ਤਕ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ।

ਰੋਕਥਾਮ ਦੇ ਢੰਗ

ਟਿੱਡੀ ਦਲਾਂ ਦੀ ਰੋਕਥਾਮ ਦੇ ਜ਼ਿਆਦਾਤਰ ਉਪਾਅ ਸੂਬਾਈ ਸਰਕਾਰਾਂ ਵੱਲੋਂ ਕੀਤੇ ਜਾਂਦੇ ਹਨ। ਟਿੱਡੀਆਂ ਦੇ ਖ਼ਾਤਮੇ ਲਈ ਰਾਤ ਸਮੇਂ ਦਰੱਖ਼ਤਾਂ ਉੱਪਰ ਕੀਟਨਾਸ਼ਕਾਂ ਦਾ ਸਪਰੇਅ ਕੀਤੇ ਜਾਣ ਦੀ ਯੋਜਨਾ ਹੈ, ਕਿਉਂਕਿ ਇਹ ਟਿੱਡੇ ਰਾਤ ਸਮੇਂ ਦਰੱਖ਼ਤਾਂ ਉੱਪਰ ਆਰਾਮ ਕਰਦੇ ਹਨ। ਪੰਜਾਬ ਸਰਕਾਰ ਵੱਲੋਂ ਬਠਿੰਡਾ ਜ਼ਿਲ੍ਹੇ ਵਿਚ ਫਾਇਰ ਬ੍ਰਿਗੇਡ ਦੀ ਮਦਦ ਨਾਲ ਦਰੱਖ਼ਤਾਂ ਉੱਪਰ ਸਪਰੇਅ ਕੀਤੇ ਜਾਣ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ। ਭਾਰਤ ਦੇ ਖੇਤੀਬਾੜੀ ਮੰਤਰਾਲੇ ਅਨੁਸਾਰ ਪ੍ਰਭਾਵਿਤ ਸੂਬਿਆਂ 'ਚ ਸਰਕਾਰ ਵੱਲੋਂ ਡਰੋਨਜ਼ ਰਾਹੀਂ ਰੁੱਖਾਂ ਉੱਪਰ ਕੀਟਨਾਸ਼ਕਾਂ ਦਾ ਸਪਰੇਅ ਕੀਤੇ ਜਾਣ ਦੀ ਵੀ ਯੋਜਨਾ ਹੈ। ਬਰਤਾਨੀਆ ਤੋਂ 15 ਸਪਰੇਅਰ ਆਉਂਦੇ 15 ਦਿਨਾਂ 'ਚ ਭਾਰਤ ਆ ਜਾਣਗੇ ਤੇ ਇਸ ਤੋਂ ਡੇਢ ਮਹੀਨੇ ਦੌਰਾਨ 45 ਹੋਰ ਸਪਰੇਅਰ

ਭਾਰਤ ਪਹੁੰਚਣਗੇ।

ਮੰਤਰਾਲੇ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਹੈ ਕਿ ਜੇ ਜ਼ਰੂਰੀ ਹੋਇਆ ਤਾਂ ਪ੍ਰਭਾਵਿਤ ਸੂਬਿਆਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਪੀਏਯੂ ਦੇ ਖੇਤੀ ਮਾਹਿਰਾਂ ਅਨੁਸਾਰ ਕੀਟਨਾਸ਼ਕਾਂ ਦੇ ਸੁਚੱਜੇ ਅਸਰ ਲਈ ਟਿੱਡੇ ਦੇ ਖੰਭ ਨਿਕਲਣ ਤੋਂ ਪਹਿਲਾਂ ਦੀਆਂ 'ਨਿੰਫ' ਤੇ 'ਹਾਪਰ' ਅਵਸਥਾਵਾਂ ਵੇਲੇ ਕੀਤੀ ਗਈ ਸਪਰੇਅ ਨਾਲ ਇਸ ਕੀਟ ਦਾ ਆਸਾਨੀ ਨਾਲ ਖ਼ਾਤਮਾ ਕੀਤਾ ਜਾ ਸਕਦਾ ਹੈ। ਬਾਲਗ ਅਵਸਥਾ ਵਿਚ ਇਨ੍ਹਾਂ ਟਿੱਡਿਆਂ ਅੰਦਰ ਕੀਟਨਾਸ਼ਕਾਂ ਪ੍ਰਤੀ ਪ੍ਰਤੀਰੋਧੀ ਸਮਰਥਾ ਵੱਧ ਜਾਂਦੀ ਹੈ।

ਇਸ ਤੋਂ ਇਲਾਵਾ ਖੇਤੀ ਨਾਲ ਜੁੜੇ ਬਜ਼ੁਰਗ, ਜੋ ਕੁਝ ਦਹਾਕੇ ਪਹਿਲਾਂ ਵੀ ਟਿੱਡੀ ਦਲਾਂ ਦੇ ਅਜਿਹੇ ਹਮਲਿਆਂ ਦਾ ਸਾਹਮਣਾ ਕਰ ਚੁੱਕੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਟਿੱਡੇ ਸ਼ੋਰ-ਸ਼ਰਾਬੇ ਤੋਂ ਘਬਰਾਉਂਦੇ ਹਨ, ਇਸ ਲਈ ਪੀਪੇ-ਥਾਲੀਆਂ ਖੜਕਾ ਕੇ ਜਾਂ ਢੋਲ-ਢਮੱਕੇ ਨਾਲ ਉਨ੍ਹਾਂ ਨੂੰ ਖੇਤ ਵਿਚ ਉਤਰਨ ਤੋਂ ਰੋਕਿਆ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਵਿਚ ਵੀ ਕਿਸਾਨ ਇਹੀ ਢੰਗ ਅਪਣਾ ਰਹੇ ਹਨ। ਕਿਸਾਨ ਮੋਟਰ ਗੱਡੀਆਂ ਤੇ ਸਪੀਕਰ ਰਾਹੀਂ ਉੱਚੀ ਆਵਾਜ਼ ਵਿਚ ਸੰਗੀਤ ਚਲਾ ਕੇ ਟਿੱਡੀ ਦਲਾਂ ਨੂੰ ਖੇਤਾਂ ਤੋਂ ਦੂਰ ਰੱਖਣ ਦਾ ਯਤਨ ਕਰ ਰਹੇ ਹਨ। ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਤੇ ਨੇੜਲੇ ਪਿੰਡਾਂ ਵਿਚ ਵੀ ਕਿਸਾਨ ਇਹੀ ਢੰਗ ਅਪਣਾ ਰਹੇ ਹਨ। ਪੀਏਯੂ ਦੇ ਕੀਟ ਵਿਗਿਆਨ ਵਿਭਾਗ ਦੇ ਮਾਹਿਰਾਂ ਕਮਲਜੀਤ ਸਿੰਘ ਸੂਰੀ, ਪੀਕੇ ਅਰੋੜਾ, ਉਰਵੀ ਸ਼ਰਮਾ ਅਤੇ ਖੇਤਰੀ ਖੋਜ ਸੰਸਥਾ ਅਬੋਹਰ ਦੇ ਡਾ. ਜੇਸੀ ਬਖ਼ਸ਼ੀ ਅਨੁਸਾਰ ਟਿੱਡੀਆਂ ਦੇ ਝੁੰਡਾਂ ਵਿਚ ਚੱਲਣ ਵਾਲੇ ਨਾਬਾਲਗਾਂ ਨੂੰ ਕੁਚਲ ਦਿਓ ਜਾਂ ਅੱਗ ਲਗਾ ਦੇਵੋ ਜਾਂ ਖੇਤ ਦੁਆਲੇ 2*2 ਫੁੱਟ ਦੀ ਖਾਈ ਪੁੱਟ ਦਿੱਤੀ ਜਾਵੇ ਤਾਂ ਜੋ ਟਿੱਡੀਆਂ ਨੂੰ ਖੇਤ 'ਚ ਵੜਣ ਤੋਂ ਰੋਕਿਆ ਜਾ ਸਕੇ ਅਤੇ ਇਨ੍ਹਾਂ ਨੂੰ ਖਾਈ ਵਿਚ ਡਿੱਗਣ ਉਪਰੰਤ ਪਾਣੀ 'ਚ ਡੁਬੋ ਕੇ, ਕੁਚਲ ਕੇ, ਅੱਗ ਲਾ ਕੇ ਜਾਂ ਕੀਟਨਾਸ਼ਕਾਂ ਦੀ ਵਰਤੋਂ ਨਾਲ ਨਸ਼ਟ ਕਰ ਦਿੱਤਾ ਜਾਵੇ। ਜੇ ਸਵਾਰਮ ਕਿਸੇ ਜਗ੍ਹਾ ਟਿਕ ਕੇ ਬੈਠ ਜਾਵੇ ਤਾਂ ਇਸ ਨੂੰ ਪਾਵਰ ਵੈਕਿਊਮ ਯੰਤਰ ਨਾਲ ਫੜਿਆ ਜਾ ਸਕਦਾ ਹੈ। ਜੇਕਰ ਸਵਾਰਮ ਕਿਸੇ ਛੋਟੀ ਝਾੜੀ ਉੱਪਰ ਟਿਕ ਜਾਵੇ ਤਾਂ ਉਸ ਨੂੰ ਅੱਗ ਲਗਾ ਦੇਵੋ।

ਟਿੱਡੀ ਦਲ ਦੀ ਆਮਦ

ਮਾਰੂਥਲੀ ਟਿੱਡੀ ਦਲ ਦੀ ਅਸਲ ਜਨਮ ਭੋਇੰ ਸਾਉਦੀ ਅਰਬ ਅਤੇ ਅਫ਼ਗਾਨਿਸਤਾਨ ਦੇ ਪਾਣੀ ਅਤੇ ਹਰਿਆਵਲ ਰਹਿਤ ਜ਼ਿਆਦਾ ਰੇਤਲੇ ਇਲਾਕੇ ਹਨ। ਪਾਣੀ ਅਤੇ ਹਰਿਆਲੀ ਦੀ ਭਾਲ ਵਿਚ ਕਰੋੜਾਂ ਦੀ ਗਿਣਤੀ ਵਾਲੇ ਇਹ ਟਿੱਡੀ ਦਲ ਦੂਸਰੇ ਇਲਾਕਿਆਂ ਵੱਲ ਨੂੰ ਪਰਵਾਸ ਕਰਦੇ ਹਨ। ਇਸ ਦੌਰਾਨ ਰਸਤੇ ਵਿਚ ਇਨ੍ਹਾਂ ਨੂੰ ਜਿੱਥੇ ਵੀ ਹਰਿਆਲੀ ਜਾਂ ਕੋਈ ਫ਼ਸਲ ਮਿਲਦੀ ਹੈ ਇਹ ਦਲ ਉਸ ਨੂੰ ਖਾ ਕੇ ਖ਼ਤਮ ਕਰ ਦਿੰਦੇ ਹਨ। ਟਿੱਡੀਆਂ ਦੇ ਇਹ ਝੁੰਡ 80 ਤੋਂ 100 ਕਿਲੋਮੀਟਰ ਦੀ ਰਫ਼ਤਾਰ ਨਾਲ ਇਕ ਦਿਨ ਵਿਚ 150 ਕਿਲੋਮੀਟਰ ਤਕ ਉੱਡ ਸਕਦੇ ਹਨ।

ਮੌਸਮੀ ਤਬਦੀਲੀਆਂ ਦਾ ਪ੍ਰਭਾਵ

ਇਨ੍ਹਾਂ ਟਿੱਡੀਆਂ ਦਾ ਬਰਸਾਤ ਦੇ ਮੌਸਮ ਵਿਚ ਆਉਣਾ ਇਕ ਪੁਰਾਣਾ ਵਰਤਾਰਾ ਹੈ ਪਰ ਇਸ ਸਾਲ ਸਰਦੀਆਂ ਦੇ ਮੌਸਮ ਵਿਚ ਵੀ ਇਨ੍ਹਾਂ ਟਿੱਡੀਆਂ ਦੀ ਆਮਦ ਹੋਈ। ਖੇਤੀ ਅਤੇ ਕੀਟ ਵਿਗਿਆਨੀਆਂ ਵੱਲੋਂ ਇਸ ਨੂੰ ਮੌਸਮ ਤਬਦੀਲੀਆਂ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਸੰਸਥਾ 'ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ' (ਐੱਫਏਓ) ਵੱਲੋਂ ਟਿੱਡੀ ਦਲਾਂ ਦੀ ਇਸ ਹਲਚਲ ਦਾ ਵੱਡਾ ਕਾਰਨ ਬੰਗਾਲ ਦੀ ਖਾੜੀ ਵਿਚ ਆਏ ਤਿੱਖੇ ਚੱਕਰਵਾਤ 'ਐਮਫਾਨ' ਨੂੰ ਵੀ ਮੰਨਿਆ ਜਾ ਰਿਹਾ ਹੈ। ਜਿਸ ਨਾਲ ਟਿੱਡੀਆਂ ਦੇ ਇਹ ਦਲ ਈਰਾਨ ਅਤੇ ਪਾਕਿਸਤਾਨ ਤੋਂ ਹੁੰਦੇ ਹੋਏ ਭਾਰਤ ਵਿਚ ਦਾਖ਼ਲ ਹੋਣ ਦੇ ਖ਼ਤਰੇ ਪੈਦਾ ਕਰ ਰਹੇ ਹਨ।

ਸਿਰਸਾ 'ਚ ਕੰਟਰੋਲ ਰੂਮ ਸਥਾਪਤ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਰਸਾ ਜ਼ਿਲ੍ਹੇ ਵਿਚ ਟਿੱਡੀ ਦਲਾਂ ਦੀ ਰੋਕਥਾਮ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਕੰਟਰੋਲ ਰੂਮ ਵਿਚ ਖੇਤੀਬਾੜੀ ਵਿਭਾਗ ਦੇ ਮਾਹਿਰ ਤਾਇਨਾਤ।ਰਹਿਣਗੇ ਅਤੇ ਟਿੱਡੀ ਦਲ ਦੀ ਆਮਦ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਅਜਿਹੇ ਕਿਸੇ ਵੀ ਹਮਲੇ ਵੇਲੇ ਫੌਰੀ ਕਾਰਵਾਈ ਨੂੰ ਯਕੀਨੀ ਬਣਾਉਣਗੇ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਬਿਨਾਂ ਦੇਰੀ ਅਜਿਹੇ ਹੋਰ ਉਪਰਾਲੇ ਕੀਤੇ ਜਾਣ ਦੀ ਲੋੜ ਹੈ।

ਹਾਪਰ ਜਾਂ ਟਿੱਡੇ ਦੀ ਪਛਾਣ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਡੀਬਾੜੀ ਵਿਭਾਗ ਪੰਜਾਬ ਦੇ ਮਾਹਿਰਾਂ ਅਨੁਸਾਰ ਜੇ ਚੌਕਸੀ ਨਾਲ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਟਿੱਡੀ ਦਲ ਦੀ ਆਮਦ ਦਾ ਸਰਵੇਖਣ ਤੇ ਰੋਕਥਾਮ ਦੇ ਯੋਗ ਢੰਗ ਅਪਣਾਏ ਜਾਣ ਤਾਂ ਇਨ੍ਹਾਂ ਦਾ ਮੁਕੰਮਲ ਖ਼ਾਤਮਾ ਕੀਤਾ ਜਾ ਸਕਦਾ ਹੈ। ਇਸ ਦੇ ਲਈ ਕਿਸਾਨਾਂ ਨੂੰ ਇਨ੍ਹਾਂ ਮਾਰੂਥਲੀ ਟਿੱਡੀ ਦਲ ਬਾਰੇ ਲੋੜੀਂਦੀ ਜਾਣਕਾਰੀ ਹੋਣੀ ਬੇਹੱਦ ਲਾਜ਼ਮੀ ਹੈ। ਟਿੱਡੀ ਦਲ ਦੇ ਨਾਬਾਲਗ ਹਾਪਰ ਦੀ ਪਛਾਣ ਇਸ ਦੇ ਹਰੇ ਤੋਂ ਸਲੇਟੀ ਰੰਗ ਤੋਂ ਅਤੇ ਸਵਾਰਮ ਬਣਾਉਣ ਵਾਲੇ ਨਵੇਂ ਬਾਲਗ ਗੁਲਾਬੀ ਭਾਅ ਮਾਰਦੇ ਹਨ, ਜਿਨ੍ਹਾਂ ਦੇ ਮੂਹਰਲੇ ਖੰਭਾਂ ਉੱਤੇ ਧੱਬਿਆਂ ਵਰਗੇ ਕਾਲੇ ਨਿਸ਼ਾਨ ਹੁੰਦੇ ਹਨ। ਪੂਰੀ ਤਰ੍ਹਾਂ ਬਾਲਗ ਟਿੱਡੇ ਮੁਢਲੀਆਂ ਅਵਸਥਾਵਾਂ ਦੇ ਮੁਕਾਬਲੇ ਆਕਾਰ ਵਿਚ ਕਾਫ਼ੀ ਵੱਡੇ ਹੁੰਦੇ ਹਨ।

ਪਾਕਿਸਤਾਨ ਕੋਲ ਉਠਾਇਆ ਮੁੱਦਾ


ਕੋਵਿਡ-19 ਮਹਾਮਾਰੀ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਮੁੜ ਇਕ ਸਾਂਝੀ ਸਮੱਸਿਆ ਦੇ ਰੂਬਰੂ ਹਨ। ਇਸ ਵਾਰ ਇਹ ਸਮੱਸਿਆ ਮਾਰਥੂਲੀ ਟਿੱਡੀ ਦਲਾਂ ਦੇ ਹਮਲੇ ਦੀ ਹੈ। ਟਿੱਡੀ ਦਲਾਂ ਦੇ ਹਮਲੇ ਦੀ ਰੋਕਥਾਮ ਲਈ ਭਾਰਤ ਨੇ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਸਮੇਤ ਈਰਾਨ ਕੋਲ ਇਹ ਮੁੱਦਾ ਉਠਾਇਆ ਹੈ ਅਤੇ ਰੋਕਥਾਮ ਲਈ ਸਾਂਝੇ ਉਪਰਾਲਿਆਂ ਦੀ ਲੋੜ ਉੱਪਰ ਜ਼ੋਰ ਦਿੱਤਾ ਹੈ। ਇਸ ਸਮੇਂ ਇਹ ਦੋਵੇਂ ਮੁਲਕ ਟਿੱਡੀ ਦਲ ਦੇ ਹਮਲੇ ਤੋਂ ਤ੍ਰਸਤ ਹਨ। ਭਾਰਤ ਨੇ ਸਹਿਯੋਗ ਦੀ ਅਪੀਲ ਦੇ ਨਾਲ-ਨਾਲ ਦੋਵਾਂ ਦੇਸ਼ਾਂ ਨੂੰ ਟਿੱਡੀਆਂ ਦੀ ਰੋਕਥਾਮ ਲਈ ਕੀਟਨਾਸ਼ਕ ਮੁਹੱਈਆ ਕਰਵਾਏ ਜਾਣ ਦੀ ਵੀ ਪੇਸ਼ਕਸ਼ ਕੀਤੀ ਹੈ। ਈਰਾਨ ਨੇ ਭਾਰਤ ਦੀ ਇਸ ਪੇਸ਼ਕਸ਼ ਪ੍ਰਤੀ ਸਕਾਰਾਤਮਕ ਰਵੱਈਆ ਵਿਖਾਇਆ ਹੈ। ਭਾਰਤ ਇਨ੍ਹਾਂ ਦੇਸ਼ਾਂ ਦਰਮਿਆਨ ਤਾਲਮੇਲ ਲਈ ਇਕ ਵਿਸ਼ੇਸ਼ 'ਚੌਕਸੀ ਦਲ' ਦਾ ਛੇਤੀ ਹੀ ਗਠਨ ਵੀ ਕਰ ਸਕਦਾ ਹੈ। ਇਸ ਦੇ ਲਈ ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪਦਮਸ਼੍ਰੀ ਬਲਦੇਵ ਸਿੰਘ ਢਿੱਲੋਂ ਵੀ ਟਿੱਡੀ ਦਲਾਂ ਦੇ ਹਮਲਿਆਂ ਦੀ ਰੋਕਥਾਮ ਲਈ ਪਾਕਿਸਤਾਨ ਸਰਕਾਰ ਨੂੰ ਚਿੱਠੀ ਲਿਖ ਚੁੱਕੇ ਹਨ।

ਚੌਕਸੀ ਜ਼ਰੂਰੀ

ਖੇਤੀਬਾੜੀ ਵਿਭਾਗ ਅਨੁਸਾਰ ਇਸ ਵਾਰ ਟਿੱਡੀ ਦਲ ਨੇ ਪਾਕਿਸਤਾਨ ਰਸਤੇ ਸਰਹੱਦੀ ਸੂਬੇ ਰਾਜਸਥਾਨ 'ਚ ਫ਼ਸਲਾਂ ਉੱਪਰ ਹਮਲਾ ਕੀਤਾ। ਇਸ ਦੌਰਾਨ ਕੁਝ ਟਿੱਡੀਆਂ ਆਪਣੇ ਦਲਾਂ ਨਾਲੋਂ ਵਿਛੜ ਕੇ ਪੰਜਾਬ ਵਿਚ ਵੀ ਆ ਗਈਆਂ।

ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਅਨੁਸਾਰ 'ਪੰਜਾਬ 'ਚ ਅਜੇ ਤਕ ਟਿੱਡੀ ਦਲ ਦਾਖ਼ਲ ਨਹੀਂ ਹੋਇਆ ਅਤੇ ਜੇ ਟਿੱਡੀ ਦਲ ਪੰਜਾਬ ਵਿਚ ਹਮਲਾ ਕਰਦਾ ਹੈ ਤਾਂ ਅਸੀਂ ਇਸ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹਾਂ।' ਵਿਭਾਗ ਦੇ ਨਿਰਦੇਸ਼ਕ ਡਾ. ਸੁਤੰਤਰ ਕੁਮਾਰ ਅਨੁਸਾਰ, 'ਪੰਜਾਬ ਦੇ ਕਿਸੇ ਵੀ ਪਿੰਡ 'ਚ ਅਜੇ ਤਕ ਟਿੱਡੀ ਦਲ ਦਾ ਅਜਿਹਾ ਹਮਲਾ ਨਹੀਂ ਹੋਇਆ ਜਿਸ ਨਾਲ ਫ਼ਸਲ ਦਾ ਨੁਕਸਾਨ ਹੋ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਟਿੱਡੀਆਂ ਦੀ ਰੋਕਥਾਮ ਲਈ ਜਿੱਥੇ ਪੂਰੀ ਰਣਨੀਤੀ ਤਿਆਰ ਕਰ ਲਈ ਗਈ ਹੈ, ਉੱਥੇ ਰੋਕਥਾਮ ਲਈ ਇਕ ਕਰੋੜ ਰੁਪਏ ਦੀਆਂ ਦਵਾਈਆਂ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰ 'ਤੇ ਮੁਹਿੰਮਾਂ ਚਲਾਈਆਂ ਜਾਣਗੀਆਂ ਤੇ ਰੋਕਥਾਮ ਲਈ ਸਾਰੇ ਵਿਭਾਗਾਂ 'ਚ ਨਾਲ ਤਾਲਮੇਲ ਰੱਖਿਆ ਜਾ ਰਿਹਾ ਹੈ।'

ਪੰਜਾਬ 'ਚ ਟਿੱਡੀਆਂ ਦਾ ਹਮਲਾ ਭਾਵੇਂ ਅਜੇ ਤਕ ਵਧੇਰੇ ਨੁਕਸਾਨਦੇਹ ਨਹੀਂ ਹੈ, ਇਸ ਦੇ ਬਾਵਜੂਦ ਕਿਸਾਨਾਂ ਨੂੰ ਚੌਕਸ ਰਹਿਣ ਦੀ ਲੋੜ ਹੈ ਤੇ ਆਪਣੇ ਖੇਤਾਂ ਦਾ ਸਮੇਂ-ਸਮੇਂ ਸਰਵੇਖਣ ਕਰ ਕੇ ਟਿੱਡਿਆਂ ਦੀ ਗਿਣਤੀ ਉੱਪਰ ਨਜ਼ਰ ਜ਼ਰੂਰ ਰੱਖਣੀ ਚਾਹੀਦੀ ਹੈ। ਜੇ ਟਿੱਡਿਆਂ ਦੀ ਗਿਣਤੀ ਵਧੇਰੇ ਹੋਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਖੇਤੀਬਾੜੀ ਵਿਭਾਗ ਪੰਜਾਬ ਦੇ ਮਾਹਿਰਾਂ ਨੂੰ ਫੌਰੀ ਤੌਰ 'ਤੇ ਇਸ ਦੀ ਇਤਲਾਹ ਦੇਣੀ ਚਾਹੀਦੀ ਹੈ।

- ਇਬਲੀਸ

98143-98743

Posted By: Harjinder Sodhi