ਖੇਤੀਯੋਗ ਜ਼ਮੀਨ ਦੀ ਘਾਟ, ਉਲਟ ਮੌਸਮੀ ਹਾਲਾਤ, ਕੀੜਿਆਂ ਤੇ ਬਿਮਾਰੀਆਂ ਦੇ ਹਮਲੇ 'ਚ ਵਾਧੇ ਕਾਰਨ ਬਾਹਰ ਖੁੱਲ੍ਹੇ ਵਿਚ ਸਬਜ਼ੀਆਂ ਦੀ ਕਾਸ਼ਤ ਕਰਨਾ ਬਹੁਤ ਔਖਾ ਹੋ ਗਿਆ ਹੈ। ਸਬਜ਼ੀਆਂ ਦੇ ਮਿਆਰੀ ਉਤਪਾਦਨ ਤੇ ਵਧੇਰੇ ਝਾੜ ਲੈਣ ਲਈ ਸੁਰੱਖਿਅਤ ਖੇਤੀ ਕਰਨੀ ਬਹੁਤ ਜ਼ਰੂਰੀ ਹੈ। 'ਨੈੱਟ ਹਾਊਸ' ਜਾਂ 'ਪੌਲੀ ਹਾਊਸ' 'ਚ ਬੇਮੌਸਮੀ ਸਬਜ਼ੀਆਂ, ਟਮਾਟਰ, ਸ਼ਿਮਲਾ ਮਿਰਚ, ਬੈਂਗਣ ਆਦਿ ਪੈਦਾ ਕਰ ਕੇ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਛੋਟੇ ਕਿਸਾਨਾਂ ਲਈ ਇਹ ਤਕਨੀਕ ਹੋਰ ਵੀ ਲਾਹੇਵੰਦ ਹੈ। ਪੌਲੀ ਹਾਊਸ 'ਚ ਪਾਣੀ, ਖਾਦਾਂ, ਜ਼ਹਿਰਾਂ ਆਦਿ ਦੀ ਸੁਚੱਜੀ ਵਰਤੋਂ ਨਾਲ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਦਾ ਹੈ। ਪੌਲੀ ਹਾਊਸ 'ਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ 'ਤੇ ਕਈ ਬਿਮਾਰੀਆਂ ਹਮਲਾ ਕਰ ਕੇ ਝਾੜ 'ਤੇ ਮਾੜਾ ਅਸਰ ਪਾ ਸਕਦੀਆਂ ਹਨ। ਇਸ ਲਈ ਚੰਗਾ ਝਾੜ ਲੈਣ ਵਾਸਤੇ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਬੇਹੱਦ ਜ਼ਰੂਰੀ ਹੈ।

ਮਿੱਟੀ ਤੋਂ ਲੱਗਣ ਵਾਲੀਆਂ ਬਿਮਾਰੀਆਂ

ਪੌਲੀ ਹਾਊਸ 'ਚ ਬਹੁਤ ਸਾਰੀਆਂ ਬਿਮਾਰੀਆਂ ਮਿੱਟੀ ਰਾਹੀਂ ਪੈਦਾ ਹੁੰਦੀਆਂ ਹਨ। ਇਨ੍ਹਾਂ ਵਿਚ ਸੈਕਲੈਰੋਟੀਨੀਆ, ਫੁਜ਼ੇਰੀਅਮ ਤੇ ਜੜ੍ਹ-ਗੰਢ ਨੀਮਾਟੋਡ ਮੁੱਖ ਹਨ। ਇਹ ਬਿਮਾਰੀਆਂ ਹੌਲੀ-ਹੌਲੀ ਮਿੱਟੀ 'ਚ ਵੱਧਦੀਆਂ ਰਹਿੰਦੀਆਂ ਹਨ। ਬਿਜਾਈ ਤੋਂ ਪਹਿਲਾਂ ਹੀ ਪੌਲੀ ਹਾਊਸ ਦੀ ਮਿੱਟੀ ਨੂੰ ਬਿਮਾਰੀ ਤੋਂ ਰਹਿਤ ਕਰਨਾ ਜ਼ਰੂਰੀ ਹੈ। ਇਸ ਦੇ ਲਈ ਹਰੀ ਖਾਦ ਜਾਂ ਸੂਰਜ ਦੇ ਸੇਕ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਸੈਕਲੈਰੋਟੀਨੀਆ ਦੇ ਹਮਲੇ ਨਾਲ ਬੂਟਿਆਂ ਦੇ ਤਣੇ ਤੇ ਟਾਹਣੀਆਂ ਉੱਪਰ ਹਲਕੇ ਭੂਰੇ ਦਾਗ਼ ਪੈ ਜਾਂਦੇ ਹਨ। ਹਮਲੇ ਵਾਲੇ ਹਿੱਸੇ ਅੰਦਰ ਉੱਲੀ ਦੇ ਕਾਲੇ ਰੰਗ ਦੇ ਕਣ ਬਣ ਜਾਂਦੇ ਹਨ, ਜਿਨ੍ਹਾਂ ਨੂੰ 'ਮਘਰੋੜੀਆਂ' ਵੀ ਆਖਦੇ ਹਨ। ਇਸੇ ਤਰ੍ਹਾਂ ਫੁਜ਼ੇਰੀਅਮ ਨਾਲ ਪ੍ਰਭਾਵਿਤ ਬੂਟਿਆਂ ਦੇ ਤਣੇ ਉੱਤੇ ਗੂੜ੍ਹੇ ਭੂਰੇ ਦਾਗ਼ ਬਣ ਜਾਂਦੇ ਹਨ। ਇਨ੍ਹਾਂ ਬਿਮਾਰੀਆਂ ਨੂੰ ਰੋਕਣ ਨੈਟ ਹਾਊਸ/ਪੌਲੀ ਹਾਊਸ ਦੀ ਮਿੱਟੀ ਨੂੰ ਧੁੱਪ ਦੇ ਸੇਕ ਨਾਲ ਰੋਗ ਰਹਿਤ ਕੀਤਾ ਸਕਦਾ ਹੈ। ਇਸ ਪ੍ਰਕਿਰਿਆ ਨੂੰ 'ਸਾਇਲ ਸੋਲਰਾਈਜ਼ੇਸ਼ਨ ਆਖਦੇ ਹਨ। ਇਸ ਵਿਧੀ ਮਈ-ਜੂਨ 'ਚ ਵਰਤਣੀ ਚਾਹੀਦੀ ਹੈ। ਪਹਿਲਾਂ ਪੌਲੀ ਹਾਊਸ ਦੀ ਮਿੱਟੀ ਵਿਚ ਗਲ਼ੀ-ਸੜੀ ਰੂੜੀ ਪਾ ਕੇ ਚੰਗੀ ਤਰ੍ਹਾਂ ਵਾਹ ਕੇ ਪੱਧਰਾ ਕਰ ਕੇ ਭਰਵਾਂ ਪਾਣੀ ਲਗਾ ਦੇਵੋ। 24 ਘੰਟੇ ਬਾਅਦ ਜ਼ਮੀਨ ਨੂੰ 50 ਮਾਈਕਰੋਨ (200 ਗੇਜ਼) ਦੀ ਪਾਰਦਰਸ਼ੀ ਪੌਲੀਸ਼ੀਟ ਨਾਲ ਢਕ ਦਿਉ। ਫਿਰ ਪੌਲੀ ਹਾਊਸ ਦੇ ਸਾਰੇ ਢਾਂਚੇ ਨੂੰ ਬਾਹਰੋਂ 200 ਗੇਜ਼ ਦੀ ਪਾਰਦਰਸ਼ੀ ਪੌਲੀਸ਼ੀਟ ਨਾਲ ਢਕ ਦੇਵੋ। ਪੌਲੀ ਹਾਊਸ ਦੇ ਸਾਰੇ ਰੋਸ਼ਨਦਾਨ ਚੰਗੀ ਤਰ੍ਹਾਂ ਬੰਦ ਕਰ ਦੇਵੋ। ਨੈਟ/ਪੌਲੀ ਹਾਊਸ ਦੇ ਪੂਰੇ ਢਾਂਚੇ ਨੂੰ ਇਕ ਮਹੀਨਾ ਬੰਦ ਰੱਖੋ। ਇਸ ਤਰ੍ਹਾਂ ਸੂਰਜ ਦੇ ਸੇਕ ਦੀ ਵਰਤੋਂ ਨਾਲ ਨੈਟ/ਪੌਲੀ ਹਾਊਸ 'ਚ ਮਿੱਟੀ ਜ਼ਰੀਏ ਪੈਦਾ ਹੋਣ ਵਾਲੀਆਂ ਕਈ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਜੜ੍ਹ-ਗੰਢ ਨੀਮਾਟੋਡ ਵੀ ਪੌਲੀ/ਨੈਟ ਹਾਊਸ 'ਚ ਸਬਜ਼ੀਆਂ ਦਾ ਨੁਕਸਾਨ ਕਰਦਾ ਹੈ। ਇਸ ਦੇ ਹਮਲੇ ਨਾਲ ਬੂਟਿਆਂ ਦੀਆਂ ਜੜ੍ਹਾਂ ਉੱਤੇ ਗੰਢਾਂ ਪੈ ਜਾਂਦੀਆਂ ਹਨ ਤੇ ਪੱਤਿਆਂ ਦਾ ਰੰਗ ਪੀਲਾ ਹੋ ਜਾਂਦਾ ਹੈ, ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ। ਹਰੀ ਖਾਦ ਦੀ ਵਰਤੋਂ ਨਾਲ ਮਿੱਟੀ ਵਿੱਚੋਂ ਜੜ੍ਹ-ਗੰਢ ਨੀਮਾਟੋਡ ਦਾ ਕਾਫ਼ੀ ਹੱਦ ਤਕ ਖ਼ਾਤਮਾ ਕੀਤਾ ਜਾ ਸਕਦਾ ਹੈ। ਸਣ ਜਾਂ ਗੇਂਦੇ ਦੀ ਫ਼ਸਲ ਨੂੰ ਹਰੀ ਖਾਦ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ। ਸਣ ਦੀ ਫ਼ਸਲ ਜਦੋਂ 50 ਦਿਨਾਂ ਦੀ ਹੋ ਜਾਵੇ ਤਾਂ ਖੇਤ 'ਚ ਵਾਹ ਦੇਵੋ ਜਦਕਿ ਗੇਂਦੇ ਦੀ ਫ਼ਸਲ ਨੂੰ ਬਿਜਾਈ ਤੋਂ 60 ਦਿਨਾਂ ਬਾਅਦ ਵਾਹੋ। ਢੈਂਚੇ ਨੂੰ ਇਨ੍ਹਾਂ ਖੇਤਾਂ 'ਚ ਹਰੀ ਖਾਦ ਦੇ ਤੌਰ 'ਤੇ ਨਾ ਵਰਤੋ। ਇਸ ਤੋਂ ਇਲਾਵਾ ਬਿਜਾਈ ਕਰਨ ਤੋਂ ਪਹਿਲਾਂ ਪਿਛਲੀ ਫ਼ਸਲੀ ਰਹਿੰਦ-ਖੂੰਹਦ ਨੂੰ ਪੌਲੀ ਹਾਊਸ 'ਚੋਂ ਬਾਹਰ ਕੱਢ ਕੇ ਨਸ਼ਟ ਕਰ ਦੇਵੋ ਅਤੇ ਬਿਜਾਈ ਤੋਂ ਪਹਿਲਾਂ ਬੀਜ ਨੂੰ ਸੋਧ ਲਵੋ।

ਸਾਵਧਾਨੀਆਂ

ਪੌਲੀ ਜਾਂ ਨੈੱਟ ਹਾਊਸ ਨੂੰ ਪੌਲੀਸ਼ੀਟ ਨਾਲ ਢਕਿਆ ਹੋਇਆ ਦੂਹਰਾ ਦਰਵਾਜ਼ਾ ਲਗਾਓ ਤੇ ਅੰਦਰ ਜਾ ਕੇ ਦਰਵਾਜ਼ਾ ਜ਼ਰੂਰ ਬੰਦ ਕਰੋ। ਦਰਵਾਜ਼ੇ ਦੇ ਅੰਦਰਲੇ ਪਾਸੇ 'ਲਾਲ ਦਵਾਈ' (ਪੋਟਾਸ਼ੀਅਮ ਪਰਮੈਗਾਨੇਟ) ਦਾ ਘੋਲ ਬਣਾ ਕੇ ਰੱਖੋ। ਪੌਲੀ ਹਾਊਸ ਦੇ ਅੰਦਰ ਜਾਣ ਲੱਗਿਆਂ ਜੁੱਤੀ ਨੂੰ ਇਸ ਘੋਲ ਨਾਲ ਥੱਲਿਓ ਗਿੱਲੀ ਕਰ ਕੇ ਹੀ ਅੰਦਰ ਜਾਵੋ। ਖੇਤੀ ਮਸ਼ੀਨਰੀ ਨਾਲੋਂ ਬਾਹਰਲੇ ਖੇਤਾਂ ਦੀ ਮਿੱਟੀ ਸਾਫ਼ ਕਰ ਕੇ ਹੀ ਉਨ੍ਹਾਂ ਨੂੰ ਪੌਲੀ/ਨੈੱਟ ਹਾਊਸ ਦੇ ਅੰਦਰ ਲੈ ਕੇ ਜਾਵੋ। ਪੌਲੀ/ਨੈੱਟ ਹਾਊਸ ਦੇ ਅੰਦਰ ਤੇ ਬਾਹਰ ਨਦੀਨਾਂ ਦੀ ਰੋਕਥਾਮ ਕਰੋ। ਬਿਮਾਰੀਆਂ ਤੋਂ ਬਚਾਅ ਲਈ ਪੌਲੀ/ਨੈੱਟ ਹਾਊਸ ਦੇ ਅੰਦਰ ਸੂਰਜ ਦੀ ਰੌਸ਼ਨੀ, ਹਵਾ ਤੇ ਨਮੀ ਨੂੰ ਠੀਕ ਰੱਖਣ ਲਈ ਸਹੀ ਗਿਣਤੀ ਵਿਚ ਹੀ ਬੂਟੇ ਲਗਾਉਣੇ ਚਾਹੀਦੇ ਹਨ। ਟਾਹਣੀਆਂ ਦੀ ਕਾਂਟ-ਛਾਂਟ ਕਰਦੇ ਰਹੋ। ਜ਼ਮੀਨ ਤੋਂ ਇਕ ਫੁੱਟ ਉਚਾਈ ਤਕ ਹੇਠਲੇ ਪੁਰਾਣੇ ਪੱਤੇ ਕੱਟ ਦੇਵੋ। ਪੌਲੀ ਜਾਂ ਨੈੱਟ ਹਾਊਸ ਦੀਆਂ ਕੰਧਾਂ ਦੇ ਨਾਲ ਬੂਟੇ ਨਹੀ ਲਗਾਉਣੇ ਚਾਹੀਦੇ। ਸਿੰਚਾਈ ਵਾਸਤੇ ਤੁਪਕਾ ਪ੍ਰਣਾਲੀ ਨੂੰ ਪਹਿਲ ਦੇਵੋ। ਜੇ ਖਾਲ਼ੀਆਂ ਰਾਹੀਂ ਸਿੰਚਾਈ ਕਰਨੀ ਹੋਵੇ ਤਾਂ ਅੰਡਰ ਗਰਾਊਂਡ ਪਾਈਪਾਂ ਵਰਤੋ। ਫ਼ਸਲ ਦਾ ਲਗਾਤਾਰ ਨਿਰੀਖਣ ਕਰਦੇ ਰਹੋ। ਰੋਗੀ ਬੂਟਿਆਂ ਤੇ ਟਹਿਣੀਆਂ ਨੂੰ ਕੱਟ ਕੇ ਪੌਲੀ/ਨੈੱਟ ਹਾਊਸ 'ਚੋਂ ਬਾਹਰ ਕੱਢ ਦੇਵੋ। ਹੇਠਾਂ ਡਿੱਗੇ ਹੋਏ ਰੋਗੀ ਪੱਤੇ ਤੇ ਗਲੇ-ਸੜੇ ਫਲਾਂ ਨੂੰ ਬਾਹਰ ਕੱਢ ਕੇ ਨਸ਼ਟ ਕਰ ਦੇਵੋ। ਪੌਲੀ/ਨੈੱਟ ਹਾਊਸ ਦੀ ਟੁੱਟ-ਭੱਜ ਦਾ ਖ਼ਾਸ ਖ਼ਿਆਲ ਰੱਖੋ। ਦਰਵਾਜ਼ੇ ਤੇ ਕੰਧਾਂ ਵਿਚ ਹੋਏ ਛੇਕ ਚੰਗੀ ਤਰ੍ਹਾਂ ਬੰਦ ਕਰ ਦੇਵੋ।

- ਰਾਜਿੰਦਰ ਸਿੰਘ ਬੱਲ

Posted By: Harjinder Sodhi