ਝੋਨੇ ਦੀ ਫ਼ਸਲ ਦੀ ਕਟਾਈ ਜ਼ੋਰਾਂ 'ਤੇ ਹੈ। ਸਰਕਾਰ ਅਤੇ ਸਰਕਾਰ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਵਰਗੇ ਅਦਾਰਿਆਂ ਵੱਲੋਂ ਵੱਖ-ਵੱਖ ਉਦਾਹਰਣਾਂ ਦੇ ਕੇ ਪਰਾਲੀ ਸਾੜਨ 'ਤੇ ਸਖ਼ਤੀ ਵਰਤੇ ਜਾਣ ਦੇ ਬਿਆਨ ਹਰ ਰੋਜ਼ ਅਖ਼ਬਾਰਾਂ ਸੁਰਖੀ ਬਣਦੇ ਹਨ। ਇਸ ਤਰ੍ਹਾਂ ਪਰਾਲੀ ਦੀ ਸਾਂਭ-ਸੰਭਾਲ ਕਿਸਾਨਾਂ ਦੇ ਗਲ਼ੇ ਦੀ ਹੱਡੀ ਬਣਦਾ ਜਾ ਰਿਹਾ ਹੈ। ਝੋਨੇ ਦੀ ਰਹਿੰਦ ਖੂੰਹਦ ਦਾ ਨਿਪਟਾਰਾ ਕਰਨਾ ਸਰਕਾਰ ਤੇ ਕਿਸਾਨਾਂ ਲਈ ਗੰਭੀਰ ਤੇ ਵੱਡਾ ਮਸਲਾ ਬਣ ਚੁੱਕਾ ਹੈ।

ਇਕ ਸਾਲ 'ਚ ਸਰਕਾਰ ਨੇ ਕੀ ਪ੍ਰਬੰਧ ਕੀਤੇ?

ਕਿਸਾਨ ਅਨਾਜ ਉਗਾ ਕੇ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਇਸ ਲਈ ਸਰਕਾਰ ਅਤੇ ਦੇਸ ਲਈ ਇਹ ਵੱਡਾ ਸੁਵਾਲ ਹੈ ਕਿ ਇਕੱਲੇ ਕਿਸਾਨ ਨੂੰ ਹੀ ਇਸ ਸਭ ਵਰਤਾਰੇ ਲਈ ਜ਼ਿੰਮੇਵਾਰ ਕਿਉਂ ਬਣਾਇਆ ਜਾ ਰਿਹਾ ਹੈ। ਉਹ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ 'ਚੋਂ ਨਿਕਲਣਾ ਚਾਹੁੰਦਾ ਹੈ ਪਰ ਕੀ ਸਰਕਾਰ ਕੋਲ ਦੂਸਰੀਆਂ ਫ਼ਸਲਾਂ ਲਈ ਮੰਡੀਕਰਨ ਦੇ ਪੁਖ਼ਤਾ ਪ੍ਰਬੰਧ ਹਨ? ਝੋਨੇ ਦੇ ਪਿਛਲੇ ਸੀਜ਼ਨ ਦੌਰਾਨ ਵੀ ਬਹੁਤ ਰੌਲਾ ਪਿਆ ਸੀ। ਉਸ ਵੇਲੇ ਤੋਂ ਲੈ ਕੇ ਸਰਕਾਰ ਕੋਲ ਗਿਆਰਾਂ ਮਹੀਨੇ ਦਾ ਸਮਾਂ ਸੀ ਪਰਾਲੀ ਦੀ ਸੰਭਾਲ ਦੇ ਠੋਸ ਪ੍ਰਬੰਧ ਕਰਨ ਦਾ ਪਰ ਸਰਕਾਰ ਦੇ ਕੰਨਾਂ 'ਤੇ ਜੂੰ ਤਕ ਨਹੀਂ ਸਰਕੀ। ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਿੱਧਾ ਤੇ ਸਪਸ਼ਟ ਸੁਵਾਲ ਹੈ ਕਿ ਆਖ਼ਰ ਤੁਸੀ ਇਸ ਵਿਸ਼ੇ 'ਤੇ ਇਕ ਸਾਲ ਦੌਰਾਨ ਕੀਤਾ ਕੀ ਹੈ?।ਕਿੰਨੇ ਪਿੰਡਾਂ, ਕਿੰਨੀਆਂ ਕੋਆਪ੍ਰੇਟਿਵ ਸੁਸਾਇਟੀਆਂ 'ਚ ਮਸ਼ੀਨਰੀ ਮੁਹੱਈਆ ਕਰਵਾਈ ਹੈ? ਸਰਕਾਰ ਨੇ ਪਰਾਲੀ ਦੀ ਖਪਤ ਲਈ ਕਿੰਨੇ ਕਾਰਖ਼ਾਨੇ ਤੇ ਕਿੰਨੀਆ ਫੈਕਟਰੀਆ ਖੜ੍ਹੀਆਂ ਕੀਤੀਆਂ ਨੇ।

ਦਬਕੇ ਦੀ ਥਾਂ ਸਾਰਥਕ ਹੱਲ ਦੇਵੋ

ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਦੀ ਨਿਗਰਾਨੀ ਵਾਸਤੇ ਸਰਕਾਰ ਨੇ ਪਿਛਲੇ ਦਿਨੀਂ 22 ਆਈਏਐੱਸ ਅਧਿਕਾਰੀ ਤਾਇਨਾਤ ਕਰ ਦਿੱਤੇ। ਰੋਜ਼ ਬਿਆਨ ਆਉਣ ਲੱਗੇ ਕਿ ਜਿਹੜਾ ਕਿਸਾਨ ਪਰਾਲੀ ਨੂੰ ਅੱਗ ਲਗਾਏਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।।

ਸਰਕਾਰ ਨੇ ਅਜਿਹੀ ਬਿਆਨਬਾਜ਼ੀ ਤੋਂ ਇਲਾਵਾ ਕੋਈ ਖ਼ਾਸ ਪੁਖ਼ਤਾ ਪ੍ਰਬੰਧ ਕੀਤੇ ਹਨ? ਖ਼ੁਦ ਨੂੰ ਕਿਸਾਨ ਹਿਤੈਸ਼ੀ ਆਖਣ ਵਾਲੀ ਹਰ ਸਰਕਾਰ ਨੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਕਿੰਨੇ ਹੀ ਕਿਸਾਨ ਕਰਜ਼ੇ ਦੀ ਮਾਰ ਹੇਠ ਆ ਕੇ ਖ਼ਦਕੁਸ਼ੀਆਂ ਕਰ ਗਏ ਪਰ ਸਰਕਾਰ ਨੇ ਉਨ੍ਹਾਂ ਨੂੰ ਕਰਜ਼ੇ ਤੋਂ ਮੁਕਤੀ ਦੁਆਉਣ ਲਈ ਵੀ ਠੋਸ ਉਪਰਾਲੇ ਨਹੀਂ ਕੀਤੇ, ਇਨ੍ਹਾਂ ਖ਼ੁਦਕੁਸ਼ੀਆਂ ਦੇ ਸਾਹਮਣੇ ਪਰਾਲੀ ਨੂੰ ਅੱਗ ਲਗਾਉਣਾ ਤਾਂ ਸਰਕਾਰ ਦੀ ਨਜ਼ਰ 'ਚ ਮਾਮੂਲੀ ਜਿਹਾ ਮਸਲਾ ਜਾਪਦਾ ਹੈ, ਇਸੇ ਲਈ ਸਰਕਾਰ ਇਸ ਦਾ ਹੱਲ ਸਿਰਫ਼ ਦਬਕੇ ਨਾਲ ਕੱਢਣਾ ਚਾਹੁੰਦੀ ਹੈ।

ਬੀਤੇ ਦਿਨੀਂ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਥਾਂ-ਥਾਂ ਵੱਡੇ-ਵੱਡੇ ਆਕਾਰ ਦੇ ਰਾਵਣ ਦੇ ਪੁਤਲੇ ਫੂਕੇ ਗਏ ਤੇ ਇਨ੍ਹਾਂ ਦੇ ਨਾਲ ਹੀ ਪਟਾਕਿਆਂ ਦੇ ਰੂਪ 'ਚ ਫੂਕਿਆ ਗਿਆ ਸੈਂਕੜੇ ਟਨ ਬਾਰੂਦ। ਇਨ੍ਹਾਂ ਪਟਾਕਿਆਂ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਖ਼ਿਲਾਫ਼ ਇਕ ਵੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ।

ਇਨ੍ਹਾਂ ਪਟਾਕਿਆਂ ਰੂਪੀ ਬਾਰੂਦ ਨੂੰ ਖ਼ੁਦ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਅੱਗ ਦੇ ਹਵਾਲੇ ਕਰ ਕੇ ਖ਼ੁਦ ਜ਼ਹਿਰਲੀਆਂ ਗੈਸਾਂ ਤੇ ਧੂੰਏਂ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਕੀਤਾ। ਪੂਰਾ ਪ੍ਰਸ਼ਾਸਨ ਉਸ ਸਮੇਂ ਉੱਥੇ ਮੌਜੂਦ ਸੀ। ਕੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਹ ਧੂੰਆਂ ਨਜ਼ਰ ਨਹੀਂ ਆਇਆ? ਇਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਜਾਂ ਹੋਰ ਅਧਿਕਾਰੀਆਂ 'ਤੇ ਕਿਹੜੇ ਥਾਣੇ 'ਚ ਤੇ ਕਿੰਨੇ ਪਰਚੇ

ਦਰਜ ਕੀਤੇ ਗਏ ਹਨ?।ਫਿਰ ਕਿਸਾਨਾਂ ਦੇ ਮਾਮਲੇ 'ਚ ਦੋਗਲੀ ਨੀਤੀ ਕਿਉਂ ਅਪਣਾਈ ਜਾ ਰਹੀ ਹੈ।

ਕੀ ਕਰੇ ਸਰਕਾਰ

ਜੇ ਸਾਰੇ ਨਿਯਮਾਂ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਲਾਗੂ ਕੀਤਾ ਜਾਵੇ ਤਾ ਲਗਭਗ 70-75 ਫ਼ੀਸਦੀ ਪ੍ਰਦੂਸ਼ਣ ਖ਼ਤਮ ਕੀਤਾ ਜਾ ਸਕਦਾ ਹੈ। ਪਹਿਲੀ ਗੱਲ ਇਹ ਕਿ ਜਿੰਨੇ ਵੀ ਮੁਲਾਜ਼ਮ ਸਰਕਾਰੀ ਅਦਾਰਿਆਂ 'ਚ ਕੰਮ ਕਰਦੇ ਹਨ।ਤੇ।ਉਹ ਥੋੜ੍ਹੀ ਜਾਂ ਬਹੁਤੀ ਜ਼ਮੀਨ ਦੇ ਮਾਲਿਕ ਹਨ, ਉਹ ਭਾਵੇ ਠੇਕੇ 'ਤੇ ਜ਼ਮੀਨ ਚਾੜ੍ਹਦੇ ਹੋਣ ਜਾਂ ਖ਼ੁਦ ਵਰਤਦੇ ਹੋਣ, ਉਨ੍ਹਾਂ ਨੂੰ ਸਖ਼ਤ ਹਦਾਇਤ ਕੀਤੀ ਜਾਵੇ ਕਿ ਜੇ ਉਨ੍ਹਾਂ ਨੂੰ ਨੌਕਰੀ ਪਿਆਰੀ ਹੈ ਤਾਂ ਉਹ ਪਰਾਲੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਕਚਰੇ ਨੂੰ ਅੱਗ ਨਹੀਂ ਲਗਾਉਣਗੇ।

ਇਸ ਤੋਂ ਇਲਾਵਾ ਜਿੰਨੇ ਵੀ ਸਾਬਕਾ ਜਾਂ ਮੌਜੂਦਾ ਵਿਧਾਇਕ ਜਾ ਮੰਤਰੀ ਹਨ, ਉਹ ਸਾਰੇ ਹੀ ਚੰਗੀਆਂ ਜ਼ਮੀਨਾਂ ਦੇ ਮਾਲਕ ਹਨ। ਉਹ ਭਾਵੇਂ ਖ਼ੁਦ ਉਸ 'ਤੇ ਅਨਾਜ ਪੈਦਾ ਕਰਵਾਉਂਦੇ ਨੇ ਜਾਂ ਜ਼ਮੀਨ ਨੂੰ ਠੇਕੇ 'ਤੇ ਦਿੰਦੇ ਹੋਣ, ਉਹ ਇਹ ਯਕੀਨੀ ਬਣਾਉਣ ਕਿ ਉਸ ਵਿਚਲੀ ਰਹਿੰਦ-ਖੂੰਹਦ ਨੂੰ ਉਹ ਅੱਗ ਨਹੀਂ ਲਗਾਉਣ ਦੇਣਗੇ। ਉਹ ਖ਼ਦ ਇਸ ਕੰਮ ਲਈ ਅੱਗੇ ਆਉਣ ਤੇ ਇਹ ਇਕ ਚੰਗੀ ਪਹਿਲ ਸਿੱਧ ਹੋ ਸਕਦੀ ਹੈ। ਮੰਤਰੀਆਂ ਤੇ ਵਿਧਾਇਕਾ ਨੂੰ ਸਰਕਾਰੀ ਅਦਾਰਿਆ 'ਚ ਕੰਮ ਕਰਦੇ ਮੁਲਾਜ਼ਮਾਂ ਦੀ ਜਮੀਨ ਨੂੰ ਜੋੜਿਆ ਜਾਵੇ ਤਾਂ ਇਹ ਹਜ਼ਾਰਾਂ ਏਕੜ ਰਕਬਾ ਬਣਦਾ ਹੈ। ਜੇ ਇਹ ਢੰਗ ਅਪਣਾਇਆ ਜਾਵੇ ਤਾ ਹਜ਼ਾਰਾ ਏਕੜ ਰਕਬਾ ਧੂੰਆਂ ਰਹਿਤ ਹੋ ਸਕਦਾ ਹੈ।

ਤੀਸਰੀ ਗੱਲ ਇਹ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਸਾਬਕਾ ਜਾਂ ਮੌਜੂਦਾ ਪੰਚਾਂ-ਸਰਪੰਚਾਂ ਉੱਪਰ ਵੀ ਇਹੀ ਮਾਪਦੰਡ ਲਾਗੂ ਕੀਤੇ ਜਾਣ। ਪੰਚਾਇਤਾਂ ਲਈ ਇਹ ਆਦੇਸ਼ ਜਾਰੀ ਕੀਤੇ ਜਾਣ ਕਿ ਜੇ ਕਿਸੇ ਪੰਚਾਇਤ ਦੇ ਅਧੀਨ ਪਿੰਡ ਵਿਚ ਪਰਾਲੀ ਸਾੜੀ ਜਾਂਦੀ ਹੈ ਤਾਂ ਉਸ ਨੂੰ ਹਰ ਤਰ੍ਹਾਂ ਦੀ ਸਬਸਿਡੀ ਤੇ ਹੋਰ ਸਰਕਾਰੀ ਸਹੂਲਤਾਂ ਤੋਂ ਹੱਥ ਧੋਣੇ ਪੈ ਸਕਦੇ ਹਨ।।

ਚੌਥੀ ਗੱਲ ਇਹ ਕੇ ਝੋਨੇ ਦਾ ਬਦਲ ਪੇਸ਼ ਕੀਤਾ ਜਾਵੇ। ਖੇਤੀ ਮਾਹਿਰ ਤੇ ਵਿਗਿਆਨੀ ਇਸ ਦੇ ਬਦਲ ਵਜੋਂ ਨਵੀਆਂ ਫ਼ਸਲਾਂ ਕਿਸਾਨਾਂ ਨੂੰ ਦੇਣ ਤੇ ਸਰਕਾਰ ਉਨ੍ਹਾਂ ਫ਼ਸਲਾਂ ਦੇ ਸੁਚੱਦੇ ਮੰਡੀਕਰਨ ਦੀ ਸਹੂਲਤ ਕਿਸਾਨਾਂ ਨੂੰ ਦਿੱਤੀ ਜਾਵੇ।

ਸਰਕਾਰ ਦੀ ਉਪਰਾਮਤਾ

ਜੇ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਨੇ ਤਾ ਪੈਦਾ ਹੋਣ ਵਾਲਾ ਧੂੰਆਂ ਸਿਹਤ ਸਮੇਤ ਕਈ ਪਹਿਲੂਆਂ ਤੋਂ ਪਰੇਸ਼ਾਨੀ ਦਾ ਸਬੱਬ ਬਣਦਾ ਹੈ। ਇਸ ਨਾਲ ਜਿੱਥੇ ਬਹੁਤ ਸਾਰੀਆਂ ਬਿਮਾਰੀਆਂ ਫ਼ੈਲਦੀਆਂ ਹਨ ਉੱਥੇ ਵਾਤਾਵਰਨ ਨੂੰ ਵੀ ਭਾਰੀ ਧੱਕਾ ਲੱਗਦਾ ਹੈ। ਵੇਖਿਆ ਜਾਏ ਤਾਂ ਸਾਲ 'ਚ ਕੇਵਲ ਕਣਕ-ਝੋਨੇ ਦੀ ਫ਼ਸਲੀ ਰਹਿੰਦ-ਖੂੰਹਦ ਲਗਪਗ ਪੱਚੀ-ਤੀਹ ਦਿਨ ਹੀ ਪ੍ਰਦੂਸ਼ਣ ਫੈਲਾਉਂਦੇ ਹਨ। ਬਾਕੀ ਬਚਦੇ ਗਿਆਰਾਂ ਮਹੀਨਿਆਂ ਦੌਰਾਨ ਜੋ ਧੂੰਆਂ ਫੈਕਟਰੀਆ, ਕਾਰਖ਼ਾਨੇ, ਇੱਟਾਂ ਦੇ ਭੱਠੇ, ਬੱਸਾਂ, ਟਰੱਕਾਂ, ਕਾਰਾਂ, ਮੋਟਰਸਾਈਕਲਾਂ ਆਦਿ 'ਚੋਂ ਨਿਕਲਦਾ ਹੈ, ਉਹ ਇਸ ਤੋਂ ਕਈ ਗੁਣਾ ਖ਼ਤਰਨਾਕ ਤੇ ਕਿਤੇ ਜ਼ਿਆਦਾ ਹੈ। ਫਿਰ ਹਰ ਕੋਈ ਕਿਸਾਨਾਂ ਦੇ ਦੁਆਲੇ ਹੀ ਡਾਂਗ ਚੁੱਕ ਕੇ ਕਿਉਂ ਖੜ੍ਹਾ ਹੋ ਜਾਂਦਾ ਹੈ?

- ਬਲਤੇਜ ਸੰਧੂ ਬੁਰਜ

Posted By: Harjinder Sodhi