ਮਾਲਵਾ ਦੀ ਨਰਮਾ-ਪੱਟੀ ਚਿੱਟਾ ਸੋਨਾ ਪੈਦਾ ਕਰਨ ਲਈ ਜਾਣੀ ਜਾਂਦੀ ਸੀ। ਇਲਾਕੇ 'ਚ 1960 ਤੋਂ 1980 ਦੇ ਦਹਾਕਿਆਂ ਤਕ ਨਰਮਾ ਉਤਪਾਦਕਾਂ ਦੀ ਵਿੱਤੀ ਹਾਲਤ ਮਜ਼ਬੂਤ ਹੋਈ। ਨਰਮਾ-ਕਪਾਹ ਦੇ ਫ਼ਸਲੀ ਖ਼ਰਚੇ ਨਾਮਾਤਰ ਸਨ ਤੇ ਝਾੜ ਚੋਖਾ ਹੁੰਦਾ ਸੀ। ਕਿਸਾਨ ਨਰਮੇ ਦਾ ਗੱਡਾ ਭਰ ਕੇ ਮੰਡੀ ਵੇਚਣ ਜਾਂਦਾ ਤਾਂ ਪੈਸਿਆਂ ਦੀ ਪੰਡ ਬੰਨ੍ਹ ਕੇ ਲਿਆਉਂਦਾ ਸੀ। ਨਰਮਾ ਵੇਚ ਕੇ ਆਏ ਕਿਸਾਨ ਤੋਂ ਤ੍ਰੀਮਤ ਕੰਨਾਂ ਲਈ ਵਾਲੀਆਂ ਦੀ ਮੰਗ ਕਰਦੀ। ਵਾਲੀਆਂ ਦੀ ਮੰਗ ਪੂਰੀ ਨਾ ਹੋਣ 'ਤੇ ਤ੍ਰੀਮਤ ਪਤੀ ਨੂੰ ਨਿਹੋਰਾ ਦਿੰਦੀ ਆਖਦੀ ਸੀ, ''ਨਰਮਾ ਬੀਜ ਲਿਆ ਕੜਮਾਂ, ਮੈਂ ਕੋਡੀ-ਕੋਡੀ ਚੁਗਦੀ ਫਿਰਾਂ।'' ਇੰਜ ਹੀ ਇਕ ਗੀਤ ਦੇ ਬੋਲ ਸਨ :

ਚਿੱਟੀਆਂ ਕਪਾਹ ਦੀਆਂ ਫੁੱਟੀਆਂ

ਹਾੜਾ ਨੀ ਪੱਤ ਹਰੇ ਹਰੇ,

ਆਖ ਨੀ ਨਣਾਨੇ ਤੇਰੇ ਵੀਰ ਨੂੰ

ਕਦੇ ਤਾਂ ਭੈੜਾ ਹੱਸਿਆ ਕਰੇ।

ਬਿਮਾਰੀਆਂ ਤੇ

ਕੀਟਾਂ ਦਾ ਹਮਲਾ

ਨਰਮਾ ਪੱਟੀ ਦੇ ਇਹ ਸੁਹਾਵਣੇ ਦਿਨ ਸਨ ਜਦੋਂ ਭਾਦੋਂ ਦੀ ਤਿੱੜਕੀ ਦਾ ਤਪਾਇਆ ਜੱਟ ਸਾਧ ਹੋ ਜਾਂਦਾ ਸੀ। ਨਰਮੇ ਦੀ ਫ਼ਸਲ ਦਾ ਜੀਵਨ-ਕਾਲ ਸੱਤ-ਅੱਠ ਮਹੀਨੇ ਲੰਬਾ ਹੈ। ਨਰਮੇ ਦਾ ਬੂਟਾ ਉੱਗਣ ਵੇਲੇ ਅੰਤਾਂ ਦੀ ਗਰਮੀ ਸਹਿਣ ਕਰਦਾ ਹੈ। ਪੁੰਗਰਨ ਵੇਲੇ ਇਸ ਦੀਆਂ ਦੋ ਕਰੂੰਬਲਾਂ ਨੂੰ ਅਪ੍ਰੈਲ ਦੀਆਂ ਧੁੱਪਾਂ ਤੇ ਹਵਾਵਾਂ ਸਹਿਣ ਕਰਨੀਆਂ ਪੈਦੀਆਂ ਹਨ। ਉਂਜ ਨਰਮੇ ਦਾ ਪੌਦਾ ਬਹੁਤ ਸਖ਼ਤ ਜਾਨ ਹੁੰਦਾ ਹੈ ਜਿਹੜਾ ਜੇਠ-ਹਾੜ ਦੀਆਂ ਧੁੱਪਾਂ ਤੇ ਲੂਆਂ ਨੂੰ ਆਸਾਨੀ ਨਾਲ ਝੱਲ ਲੈਂਦਾ ਹੈ।

ਇਹ ਫ਼ਸਲ ਉੱਪਰੋਂ ਤੇਜ਼ ਗਰਮੀ ਤੇ ਸਿੰਚਾਈ ਲਈ ਪਾਣੀ ਭਾਲਦੀ ਹੈ। ਚੁਗਾਈ ਸਮੇਂ ਇਸ ਨੂੰ ਧੁੱਪਾਂ ਵਾਲੇ 40-50 ਦਿਨ ਚਾਹੀਦੇ ਹਨ। 1980 ਦੇ ਦਹਾਕੇ ਤੋਂ ਬਾਅਦ ਨਰਮਾ ਪੱਟੀ ਨੂੰ ਅਮਰੀਕਨ ਸੁੰਡੀ ਦੀ ਐਸੀ ਮਾਰ ਪਈ ਕਿ ਇਹ ਮੁੜ ਪੈਰਾਂ ਭਾਰ ਨਾ ਹੋ ਸਕੀ। ਨਰਮੇ-ਕਪਾਹ ਨੂੰ ਵੱਖ-ਵੱਖ ਬਿਮਾਰੀਆਂ ਨੇ ਘੇਰਾ ਪਾ ਲਿਆ। ਕਿਸਾਨ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕਰਨ ਲੱਗੇ। ਰੇਹਾਂ-ਸਪਰੇਆਂ ਨਾਲ ਨਰਮਾ ਉਤਪਾਦਕਾਂ ਤੇ ਖੇਤ-ਮਜ਼ਦੂਰ ਗੰਭੀਰ ਰੋਗਾਂ ਦੀ ਗ੍ਰਿਫ਼ਤ 'ਚ ਆ ਗਏ। 1984-85 ਤੋਂ ਬਾਅਦ ਨਰਮਾ ਪੱਟੀ ਦੇ ਕਿਸਾਨ ਖ਼ਰਚਿਆਂ ਨੇ ਕੰਗਾਲ ਕਰ ਦਿੱਤੇ। ਅਮਰੀਕਨ ਸੁੰਡੀ ਤੇ ਮੀਲੀ-ਬੱਗ ਨੇ ਨਰਮਾ ਪੱਟੀ ਨੂੰ ਲਗਪਗ ਸਮਾਪਤ ਕਰ ਦਿੱਤਾ।

ਬਠਿੰਡਾ, ਮਾਨਸਾ, ਮੁਕਤਸਰ, ਅਬੋਹਰ ਤੇ ਫਾਜ਼ਿਲਕਾ ਜ਼ਿਲ੍ਹਿਆਂ 'ਚ ਕਈ ਸਾਲ ਨਰਮੇ ਦੀ ਫ਼ਸਲ ਬਿਨਾਂ ਚੁਗਾਈ ਕੀਤੇ ਵਾਹੁਣੀ ਪਈ ਪਰ ਕਿਸਾਨਾਂ ਨੇ ਨਰਮੇ ਦੀ ਫ਼ਸਲ ਦਾ ਲੜ ਨਾ ਛੱਡਿਆ। ਨਰਮੇ ਉੱਪਰ ਕੀਟਾਂ ਦੇ ਹਮਲੇ ਤੇ ਸਪਰੇਆਂ ਨੇ ਕਿਸਾਨਾਂ ਦੇ ਖੀਸੇ ਖ਼ਾਲੀ ਕਰ ਦਿੱਤੇ। ਉਹ ਆੜਤੀਆਂ, ਰਾਸ਼ਟਰੀ ਤੇ ਸਹਿਕਾਰੀ ਬੈਂਕਾਂ ਦੇ ਕਰਜ਼ਾਈ ਹੋ ਗਏ।

ਨਕਲੀ ਬੀਟੀ

ਬੀਜਾਂ ਦੀ ਭਰਮਾਰ

ਸੁਧਰੇ ਹੋਏ ਬੀਟੀ ਕੌਟਨ ਬੀਜ ਮੌਜੂਦਾ ਦਹਾਕੇ 'ਚ ਨਰਮਾ ਉਤਪਾਦਕਾਂ ਲਈ ਨਵੀਂ ਆਸ ਲੈ ਕੇ ਆਏ। ਬੀਟੀ ਬੀਜ ਦੇ ਪੈਕਟਾਂ 'ਚ ਗਿਣਵੇਂ ਤੇ ਮਹਿੰਗੇ ਬੀਜਾਂ ਨੇ ਕਿਸਾਨਾਂ ਨੂੰ ਚੂੰਡੀਆਂ ਨਾਲ ਬਿਜਾਈ ਕਰਨ ਲਗਾ ਦਿੱਤਾ। ਕਿਸਾਨ ਮਹਾਰਾਸ਼ਟਰ ਤੇ ਗੁਜਰਾਤ 'ਤੋਂ ਬੀਟੀ ਬੀਜ ਲੈਣ ਲਈ ਜਾਣ ਲੱਗੇ। ਬੀਟੀ ਬੀਜ ਦੇ ਜਾਲ 'ਚ ਫਸ ਕੇ ਕਿਸਾਨ ਲੁੱਟ ਦੇ ਸ਼ਿਕਾਰ ਹੋਣ ਲੱਗੇ। ਬਾਜ਼ਾਰਾਂ 'ਚ ਨਕਲੀ ਬੀਜਾਂ ਦੀ ਭਰਮਾਰ ਹੋ ਗਈ। ਬੀਟੀ ਬੀਜਾਂ ਤੇ ਕੀਟਨਾਸ਼ਕਾਂ ਦੇ ਵਿਕਰੇਤਾ ਕਰੋੜਾਂ-ਅਰਬਾਂ ਦਾ ਵਪਾਰ ਕਰ ਕੇ ਅਮੀਰ ਹੋ ਗਏ ਪਰ ਨਰਮਾ ਉਤਪਾਦਕ ਕਰਜ਼ੇ 'ਚ ਧਸਦੇ ਗਏ। ਕਰਜ਼ੇ ਨੇ ਕਿਸਾਨਾਂ ਨੂੰ ਆਤਮ ਹੱਤਿਆ ਜਿਹਾ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ। ਇਕੱਲੀ ਮਾਲਵਾ ਪੱਟੀ 'ਚ ਔਸਤ ਦੋ ਤੋਂ ਤਿੰਨ ਕਿਸਾਨ ਫ਼ਸਲ 'ਚੋਂ ਪਏ ਘਾਟੇ ਕਾਰਨ ਮੌਤ ਨੂੰ ਗਲੇ ਲਗਾਉਣ ਲਈ ਮਜਬੂਰ ਹੋ ਗਏ।

ਸਰਕਾਰ ਦਾ ਅਵੇਸਲਾਪਣ

ਨਕਲੀ ਬੀਟੀ ਬੀਜਾਂ 'ਚ ਕਿਸਾਨ ਠੱਗੀ ਦਾ ਸ਼ਿਕਾਰ ਹੋਏ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਬੀਟੀ ਬੀਜ ਮੁਹੱਈਆ ਕਰਵਾਉਣ ਦਾ ਕੰਮ ਨਹੀਂ ਕੀਤਾ। ਮਾਨਸਾ ਜ਼ਿਲ੍ਹੇ 'ਚ ਨਕਲੀ ਬੀਟੀ ਬੀਜਾਂ ਕਾਰਨ ਪਿਛਲੇ ਸਾਲ ਨਰਮੇ 'ਤੇ ਮੀਲੀ ਬੱਗ ਦਾ ਹਮਲਾ ਹੋਇਆ ਤਾਂ ਕਿਸਾਨਾਂ ਨੇ ਜ਼ੋਰਦਾਰ ਸੰਘਰਸ਼ ਕੀਤਾ ਪਰ ਕੋਈ ਮੁਆਵਜ਼ਾ ਨਾ ਮਿਲਿਆ। ਪੰਜਾਬ ਦੇ ਕਿਸਾਨ ਮਿਹਨਤੀ ਤੇ ਲਗਨ ਨਾਲ ਕੰਮ ਕਰਨ ਵਾਲੇ ਹਨ। ਉਨ੍ਹਾਂ ਨੇ ਆਪਣੇ ਬਲਬੂਤੇ ਨਰਮੇ ਦੀ ਫ਼ਸਲ ਨੂੰ ਮੁੜ ਪੈਰਾਂ ਭਾਰ ਕਰ ਲਿਆ ਹੈ।

ਭਾਰਤੀ ਕਪਾਹ ਨਿਗਮ ਦੀ ਨੀਰਸ ਕਾਰਗੁਜ਼ਾਰੀ

ਕੇਂਦਰ ਸਰਕਾਰ ਨੇ 2008-09 ਵਿਚ ਨਰਮੇ ਦਾ ਘੱਟੋ-ਘੱਟ ਸਮਰਥਨ ਮੁੱਲ 2900 ਰੁਪਏ, 2015-16 'ਚ 4,000 ਰੁਪਏ ਤੇ 2018-19 ਵਿਚ 5,350 ਰੁਪਏ ਪ੍ਰਤੀ ਕੁਇੰਟਲ ਤਹਿ ਕੀਤਾ ਸੀ, ਜੋ ਉਤਪਾਦਨ ਲਾਗਤ ਤੋਂ ਕਿਤੇ ਘੱਟ ਸੀ। ਭਾਰਤ ਸਰਕਾਰ ਵੱਲੋਂ ਕਪਾਹ ਤੇ ਨਰਮਾ ਉਤਪਾਦਕਾਂ ਦੇ ਹਿੱਤਾਂ ਵਾਸਤੇ 'ਭਾਰਤੀ ਕਪਾਹ ਨਿਗਮ' ਦਾ ਗਠਨ ਕੀਤਾ ਗਿਆ। ਨਿਗਮ ਦਾ ਮੁੱਖ ਉਦੇਸ਼ ਕਿਸਾਨਾਂ ਦੀ ਫ਼ਸਲ ਦੇ ਮੰਡੀਕਰਨ ਸਮੇਂ ਨਿੱਜੀ ਖ਼ਰੀਦਦਾਰਾਂ ਦੇ ਮੁਕਾਬਲੇ ਬੋਲੀ ਦੇ ਕੇ ਘੱਟੋ ਘੱਟ ਸਮਰਥਨ ਮੁੱਲ ਤੋਂ ਵੱਧ ਕੀਮਤ ਦਿਵਾਉਣ ਦੇ ਯਤਨ ਕਰਨਾ ਹੈ। ਇਸ ਸਮੇ ਨਰਮਾ ਉਤਪਾਦਕਾਂ ਦੀ ਮੰਡੀਆਂ ਵਿਚ ਲੁੱਟ ਜਾਰੀ ਹੈ।

ਕਿਸਾਨਾਂ ਨੂੰ ਚਿੱਟੇ ਸੋਨੇ ਦਾ ਘੱਟੋ-ਘੱਟ ਸਮਰਥਨ ਮੁੱਲ ਵੀ ਨਹੀਂ ਮਿਲ ਰਿਹਾ ਹੈ। ਭਾਰਤੀ ਕਪਾਹ ਨਿਗਮ ਮੰਡੀਆਂ 'ਚ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਦੀ ਬਜਾਏ ਵਪਾਰੀਆਂ ਨਾਲ ਮਿਲ ਗਈ ਹੈ। 5-7 ਸਾਲਾਂ ਤੋਂ ਕਿਸਾਨ ਨਰਮਾ ਪੱਟੀ ਨੂੰ ਸੁਰਜੀਤ ਰੱਖਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਨਰਮੇ ਦੇ ਖੇਤ ਟੀਂਡਿਆਂ ਨਾਲ ਭਰ ਲÂਏ ਹਨ। ਟੀਂਡਿਆਂ 'ਚੋਂ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਖਿੜਣ ਲੱਗੀਆਂ ਹਨ। ਚਿੱਟੇ-ਸੋਨੇ ਦੇ ਢੇਰਾਂ ਦੀ ਬੋਲੀ ਸਮੇਂ ਭਾਰਤੀ ਕਪਾਹ ਨਿਗਮ ਦੇ ਅਧਿਕਾਰੀਆਂ ਦੀ ਗ਼ੈਰਹਾਜ਼ਰੀ ਕਿਸਾਨਾਂ ਦੀ ਲੁੱਟ ਦਾ ਕਾਰਨ ਬਣ ਰਹੀ ਹੈ। ਬਠਿੰਡਾ, ਮਾਨਸਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਨਰਮਾ ਉਤਪਾਦਕ ਬਠਿੰਡਾ ਵਿਖੇ ਕਪਾਹ ਨਿਗਮ ਦੇ ਖੇਤਰੀ ਦਫ਼ਤਰ ਸਹਾਮਣੇ ਖ਼ਰੀਦ 'ਚ ਹੋ ਰਹੀ ਲੁੱਟ ਵਿਰੁੱਧ ਰੋਸ-ਮਜ਼ਾਹਰੇ ਕਰ ਰਹੇ ਹਨ ਪਰ ਉਨ੍ਹਾਂ ਦੀ ਆਵਾਜ਼ ਕਿਸੇ ਨੇਤਾ ਜਾਂ ਅਧਿਕਾਰੀ ਦੇ ਕੰਨ੍ਹੀਂ ਨਹੀਂ ਪੈ ਰਹੀ। ਮੌਜੂਦਾ ਸਮੇਂ ਨਰਮਾ ਉਤਪਾਦਨ ਦੀਆਂ ਸਮੁੱਚੀਆਂ ਲਾਗਤਾਂ 6,500 ਰੁਪਏ ਪ੍ਰਤੀ ਕੁਇੰਟਲ ਹਨ ਜਦਕਿ ਚੰਗੀ ਕਿਸਮ ਦੇ ਨਰਮੇ ਦਾ ਬਾਜ਼ਾਰ 'ਚ ਮੁੱਲ 5,000 ਤੋਂ 5,200 ਰੁਪਏ ਕੁਇੰਟਲ ਤਕ ਮਿਲ ਰਿਹਾ ਹੈ। ਇਸ ਨਾਲ ਨਰਮਾ ਉਤਪਾਦਕ ਨਿਰਾਸ਼ਾ ਦੇ ਆਲਮ 'ਚ ਹਨ।।ਘੱਟ ਭਾਅ ਕਾਰਨ ਇਲਾਕੇ 'ਚ ਇਹ ਟੋਟਕਾ ਹਰ ਜ਼ੁਬਾਨ 'ਤੇ ਹੈ :

ਵਾਲ ਕੰਘੀ ਦੇ ਦੋ ਹਜ਼ਾਰ ਨੂੰ

ਕਿੱਲੋ ਵਿਕਦੇ,

ਸਾਡਾ ਚਿੱਟਾ ਸੋਨਾ ਪੈਰਾਂ ਹੇਠ

ਰੁਲ਼ਦਾ ਫਿਰੇ।

ਨੇਤਾ, ਜੋ ਸੱਥਰਾਂ 'ਤੇ ਧਰਵਾਸੇ

ਸਾਨੂੰ ਦਿੰਦੇ ਨੇ,

ਸਾਡੀ ਸ਼ਰੇਆਮ ਲੁੱਟ ਵੇਲੇ ਬਾਂਹ

ਨਾ ਫੜਦੇ।

ਸਰਕਾਰਾਂ ਦੀ ਜ਼ਿੰਮੇਵਾਰੀ

ਨਰਮਾ ਉਤਪਾਦਕਾਂ ਦੀ ਵਿੱਤੀ ਹਾਲਤ ਪਹਿਲਾਂ ਹੀ ਬਹੁਤ ਮਾੜੀ ਹੈ। ਜੇਕਰ ਨਰਮੇ ਦਾ ਵਾਜ਼ਬ ਮੁੱਲ ਮਿਲੇ ਤਾਂ ਪੰਜਾਬ ਦੇ ਨਰਮਾ ਉਤਪਾਦਕ ਕਿਸਾਨ ਦੇਸ਼ ਦੀ ਇਸ ਅਹਿਮ ਫ਼ਸਲ ਨੂੰ ਮੁੜ ਸੁਰਜੀਤ ਕਰ ਸਕਦੇ ਹਨ। ਪੰਜਾਬ 'ਚ ਇਸ ਵਾਰ ਨਰਮੇ ਦੀ ਫ਼ਸਲ ਭਾਰਤੀ ਕਪਾਹ ਨਿਗਮ ਦੇ ਰੇਸ਼ਾ-ਗੁਣਵੱਤਾ ਮਾਪਦੰਡਾਂ 'ਤੇ ਪੂਰੀ ਉਤਰਦੀ ਹੈ। ਨਰਮੇ ਦੀ ਫ਼ਸਲ ਸਰਕਾਰ ਉੱਤੇ ਬੋਝ ਨਹੀਂ ਹੈ, ਇਸ ਦਾ ਮੰਡੀਕਰਨ ਜਾਂ ਵਪਾਰੀਕਰਨ ਨਿੱਜੀ ਉਦਯੋਗਪਤੀਆਂ ਦੇ ਹੱਥਾਂ 'ਚ ਹੈ। ਏਕਾਧਿਕਾ ਵਾਲੀਆਂ ਇਹ ਤਾਕਤਾਂ ਕਿਸਾਨਾਂ ਦੀ ਮੰਡੀਆਂ 'ਚ ਲੁੱਟ ਨਾ ਕਰ ਸਕਣ, ਇਸੇ ਲਈ ਭਾਰਤੀ ਕਪਾਹ ਨਿਗਮ ਦੀ ਸਥਾਪਨਾ ਕੀਤੀ ਗਈ ਸੀ। ਇਸ ਲਈ ਸੀਸੀਆਈ ਨੂੰ ਨਿੱਜੀ ਮਿਲ ਮਾਲਕਾਂ ਦੇ ਮੁਕਾਬਲੇ ਬੋਲੀ ਦੇਣ ਲਈ ਸਾਹਮਣੇ ਆ ਕੇ ਨਰਮੇ ਦੀ ਖ਼ਰੀਦ ਕਰਨੀ ਚਾਹੀਦੀ ਹੈ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਸੀਸੀਆਈ ਨੂੰ ਨਰਮੇ ਦੀ ਖ਼ਰੀਦ ਦਾ ਕੋਟਾ ਜਾਂ ਟੀਚਾ ਦਿੱਤਾ ਜਾਵੇ ਤਾਂ ਜੋ ਮੰਡੀਆਂ 'ਚ ਕਿਸਾਨਾਂ ਦੇ ਹਿੱਤ ਸੁਰੱਖਿਅਤ ਰਹਿ ਸਕਣ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਮਾਮਲੇ ਦੀ ਨਜ਼ਰਸਾਨੀ ਕਰੇ ਤਾਂ ਕਿ ਕਿਸਾਨਾਂ ਨੂੰ ਫ਼ਸਲ ਦਾ ਵਾਜ਼ਬ ਮੁੱਲ ਮਿਲ ਸਕੇ।

- ਗੁਰਦੀਪ ਸਿੰਘ ਦੌਲਾ

98551-59637

Posted By: Harjinder Sodhi