ਅੱਠ ਗਰੂ ਸਾਹਿਬਾਨ ਦਾ ਵਰਸੋਇਆ ਮਾਝੇ ਦਾ ਇਤਿਹਾਸਕ ਨਗਰ ਖਡੂਰ ਸਾਹਿਬ ਨੂੰ ਜਾਂਦੀਆਂ ਪੰਜ ਸੜਕਾਂ ਜਾਂਦੀਆਂ ਹਨ। ਇਨ੍ਹਾਂ ਸੜਕਾਂ ਦੇ ਦੋਹੀਂ ਪਾਸੀਂ ਫੁੱਲਦਾਰ ਤੇ ਫਲਦਾਰ ਦਰੱਖ਼ਤਾਂ ਦੀ ਹਰਿਆਵਲ ਤੇ ਸੰਘਣੀ ਛਾਂ ਦਾ ਪਸਾਰਾ ਵੇਖ ਕੇ ਮਨ ਤ੍ਰਿਪਤ ਹੁੰਦਾ ਹੈ। ਇਹ ਪੰਜਾਬ ਦੀ ਧਰਤੀ ਤੋਂ ਅਲੋਪ ਰਹੇ ਬਿਰਖ਼ਾਂ ਨੂੰ ਮੁੜ ਪਰਤ ਆਉਣ ਲਈ ਮਾਰੀ ਗਈ ਇਹ ਇਕ ਹਾਕ ਹੈ। ਇਹ ਖੇਤਾਂ ਤੇ ਘਰਾਂ 'ਚੋਂ ਪਰਵਾਸ ਕਰ ਚੁੱਕੇ ਪਰਿੰਦਿਆਂ ਨੂੰ ਇਨ੍ਹਾਂ ਬਿਰਖ਼ਾਂ 'ਤੇ ਆਪਣਾ ਘਰ ਬਣਾਉਣ ਦਾ ਸੁਖਦ ਸੁਨੇਹਾ ਹੈ। ਕੁਦਰਤ ਨਾਲ ਗਵਾਚ ਰਹੀ ਇਕਸਾਰਤਾ ਨੂੰ ਪੁਨਰ-ਸੁਰਜੀਤ ਕਰਨ ਦਾ ਸੁਯੋਗ ਹੰਭਲਾ ਹੈ। ਪਹਿਲੀ ਵਾਰ ਇਨ੍ਹਾਂ ਰਾਹਾਂ 'ਤੋਂ ਲੰਘ ਰਹੇ ਰਾਹੀ ਦੇ ਮਨ ਵਿਚ ਇਕ ਹੁਲਾਸ ਉਪਜਦਾ ਹੈ ਤੇ ਉਹ ਭੁਚੱਕਾ ਰਹਿ ਜਾਂਦਾ ਏ ਕਿ ਕਿਹੜੇ ਕਰਮਯੋਗੀ ਨੇ ਮਾਝੇ ਦੀ ਧਰਤੀ ਨੂੰ ਇਹ ਜਾਗ ਲਾਈ ਹੈ ਕਿ ਗੁਰੂਆਂ ਦੀ ਵਰੋਸਾਈ ਇਹ ਧਰਤੀ ਹਰਿਆਵਾਲ ਨਾਲ ਲਬਰੇਜ਼ ਹੈ!

ਮਨੱਖ ਦੀ ਕੁਦਰਤ ਨਾਲ ਸਦੀਵੀ ਸਾਂਝ ਹੈ ਤੇ ਕੁਦਰਤ ਨਾਲੋਂ ਟੁੱਟ ਕੇ ਮਨੁੱਖ ਦਾ ਜੀਵਤ ਰਹਿਣਾ ਨਾਮੁਮਕਿਨ ਏ। ਅਜੋਕੀਆਂ ਬਹੁਤੀਆਂ ਅਲਾਮਤਾਂ ਦੀ ਜੜ੍ਹ ਮਨੁੱਖ ਦਾ ਕੁਦਰਤ ਤੋਂ ਦੂਰ ਹੋਣਾ।ਏ। ਕੁਦਰਤ ਕਦੇ ਕਿਸੇ ਦਖ਼ਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਦੀ। ਇਸੇ ਦਾ ਸਿੱਟਾ ਏ ਕਿ ਅਜੋਕਾ ਮਨੁੱਖ ਬਿਮਾਰੀਆਂ ਨਾਲ ਜੂਝਦਾ, ਆਪਣੀ ਪਾਲਣਹਾਰੀ ਕੁਦਰਤ ਤੋਂ ਦੂਰੀ ਵਧਾਈ ਜਾ ਰਿਹਾ ਏ। ਇਸ ਦੂਰੀ ਨੂੰ ਘਟਾਉਣ ਦੇ ਨੇਕ ਕਾਰਜ ਵਿਚ ਯਤਨਸ਼ੀਲ ਨੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ।

ਲੰਗਰ ਲਈ ਜ਼ਹਿਰ ਮੁਕਤ ਸਬਜ਼ੀਆਂ

ਖਡੂਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਚ ਬਹੁਤ ਸੁੰਦਰ ਫੁੱਲਦਾਰ ਬਗ਼ੀਚੀ ਫੁੱਲ ਬੂਟਿਆਂ ਦੇ ਸੁੰਦਰ ਡਿਜ਼ਾਈਨ, ਖਿੜੇ ਹੋਏ ਫੁੱਲਾਂ ਨਾਲ ਮਹਿਕਿਆ ਚੌਗਿਰਦਾ, ਰੰਗਾਂ ਤੇ ਮਹਿਕ ਦੀ ਹੱਟ ਵਿਚ ਨਾਮ-ਰਸਲੀਨਤਾ ਦਾ ਚੱਲ ਰਿਹਾ ਪ੍ਰਵਾਅ ਚੌਗਿਰਦੇ ਨੂੰ ਨੂਰਾਨੀ ਅਨੁਭਵ ਬਖ਼ਸ਼ਦਾ ਹੈ। ਗੁਰਦੁਆਰਾ ਤਪਿਆਣਾ ਸਾਹਿਬ ਦੀ ਪਰਿਕਰਮਾ 'ਚ ਲਗਾਏ ਹੋਏ ਸੁੰਦਰ ਪੌਦੇ ਕੁਦਰਤ ਤੇ ਪਰਮਾਤਮਾ ਦੀ ਇਕਸੁਰਤਾ ਤੇ ਇਕਸਾਰਤਾ ਦੀ ਸੁੰਦਰ ਕਲਾ-ਨੱਕਾਸ਼ੀ, ਮਾਨਸਿਕ ਤੇ ਆਤਮਿਕ ਤ੍ਰਿਪਤੀ ਦੇ ਨਾਲ-ਨਾਲ ਕੁਦਰਤ ਦੇ ਆਗੋਸ਼ ਦਾ ਸਰੂਰ ਹਰ ਸ਼ਰਧਾਲੂ ਨੂੰ ਬਖ਼ਸ਼ਦੇ ਹਨ। ਗੁਰਦੁਆਰਾ ਤਪਿਆਣਾ ਸਾਹਿਬ ਦੇ ਨੇੜੇ ਤਿੰਨ ਏਕੜ ਵਿਚ ਫਲਦਾਰ ਬੂਟਿਆਂ ਦਾ ਬਹਿਸ਼ਤੀ ਬਾਗ਼।ਸਮੁੱਚੀ ਮਨੁੱਖਤਾ ਲਈ ਮਾਰਗ ਦਰਸ਼ਕ।ਹੈ। ਅਮਰੂਦ, ਅੰਬ, ਲੁਗਾਠ, ਚੀਕੂ, ਅਨਾਨਾਸ, ਆੜੂ, ਬੇਰ ਆਦਿ।36 ਕਿਸਮਾਂ ਦੇ ਫਲ ਇਨ੍ਹਾਂ ਬੂਟਿਆਂ ਤੋਂ ਬਿਨਾਂ ਰਸਾਇਣਕ ਖਾਦ ਜਾਂ ਕੀਟਨਾਸ਼ਕਾਂ ਤੋਂ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਬੂਟਿਆਂ ਵਿਚਕਾਰਲੀ ਖ਼ਾਲੀ ਜਗ੍ਹਾ 'ਤੇ ਕੁਦਰਤੀ ਤਰੀਕੇ ਨਾਲ ਪੈਦਾ ਹੁੰਦੀਆਂ ਸਬਜ਼ੀਆਂ ਤੇ ਇਨ੍ਹਾਂ ਜ਼ਹਿਰ ਮੁਕਤ ਫਲਾਂ ਦਾ ਲੰਗਰ, ਮਨੁੱਖੀ ਸੋਚ ਨੂੰ ਜ਼ਹੀਨ ਕਰਦਾ ਹੈ ਤੇ ਉਸ ਦੀ ਲੰਮੇਰੀ ਉਮਰ ਦੀ ਕਾਮਨਾ ਵੀ ਕਰਦਾ ਹੈ। ਸਿਆਣੇ ਕਹਿੰਦੇ ਨੇ ਖਾਣਾ ਸਾਡੀ ਸੋਚ ਨੂੰ ਪ੍ਰਭਾਵਤ ਕਰਦਾ ਹੈ ਤੇ ਅਜਿਹੀ ਸਵੱਛ ਤੇ ਸੰਪੂਰਨ ਖ਼ੁਰਾਕ ਖਾਣ ਵਾਲਾ ਵਿਅਕਤੀ ਨਿਰਸੰਦੇਹ ਸੱਚੀ-ਸੁੱਚੀ ਸੋਚ ਦਾ ਮਾਲਕ ਬਣ ਕੇ ਜੀਵਨ ਮਾਰਗ ਨੂੰ ਭਾਗ ਹੀ ਲਾਏਗਾ। ਇਸੇ ਕਰਕੇ ਇਸ ਬਾਗ਼ 'ਚ ਪੈਦਾ ਹੋਣ ਵਾਲੀ ਹਰ ਸਬਜ਼ੀ ਤੇ ਫਲ ਲੰਗਰ ਵਿਚ ਜਾਂਦਾ ਹੈ ਤੇ ਇਸ ਨਾਲ ਸਮੁੱਚੀ ਸੰਗਤ ਦੀ ਸੋਚ ਨੂੰ ਨਵੀਂ ਸੇਧ ਮਿਲਦੀ ਹੈ।।

ਦੂਜੇ ਸੂਬਿਆਂ ਨੂੰ ਵੀ ਮਿਲੀ ਹਰਿਆਵਲ

ਵਿਗੜ ਰਹੇ ਕੁਦਰਤੀ ਸੰਤੁਲਨ ਨੂੰ ਬਰਕਰਾਰ ਰੱਖਣ ਤੇ ਧਰਤੀ ਨੂੰ ਹਰਿਆ-ਭਰਿਆ ਕਰਨ ਲਈ ਬਾਬਾ ਸੇਵਾ ਸਿੰਘ ਵੱਲੋਂ ਦਰੱਖ਼ਤ ਲਗਾਉਣ ਦੀ ਇਹ ਮੁਹਿੰਮ 300 ਸਾਲਾ ਖ਼ਾਲਸਾ ਸਿਰਜਣਾ ਦਿਵਸ ਮੌਕੇ ਸ਼ੁਰੂ ਕੀਤੀ ਗਈ ਸੀ। ਗੁਰੂ ਸਾਹਿਬ ਦਾ ਫ਼ੁਰਮਾਨ ਹੈ, 'ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।' ਬਾਣੀ ਵਿਚ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਸਾਡੇ ਸਮਿਆਂ ਦੀ ਇਹ ਕੇਹੀ ਹੋਣੀ ਹੈ ਕਿ ਅਸੀਂ ਵਿਸ਼ਵੀਕਰਨ ਦੀ ਅੰਨ੍ਹੀ ਦੌੜ 'ਚ ਆਪਣੀ ਜੀਵਨਦਾਤੀ ਨੂੰ ਹੀ ਖ਼ਤਮ ਕਰਨ ਲਈ ਰੁਚਿਤ ਹੋ ਰਹੇ ਹਾਂ। ਬਾਬਾ ਸੇਵਾ ਸਿੰਘ ਵੱਲੋਂ ਸੁੱਧ ਹਵਾ ਦਾ ਅਤੁੱਟ ਲੰਗਰ ਚਲਾਉਣ ਤੇ ਧਰਤੀ ਨੂੰ ਹਰਿਆਵਲ ਦਾ ਕੱਜਣ ਪਹਿਨਾਉਣ ਲਈ ਦਰੱਖ਼ਤ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਕਿ ਸਦੀਆਂ ਤਕ ਚੱਲਣ ਵਾਲੇ ਹਵਾ ਦੇ ਇਸ ਲੰਗਰ ਲਈ ਉਪਰਾਲੇ ਕੀਤੇ ਜਾ ਸਕਣ। ਇਨ੍ਹਾਂ ਉਪਰਾਲਿਆਂ ਸਦਕਾ ਹੀ ਬਾਬਾ ਜੀ ਦੀ ਰਹਿਨੁਮਾਈ ਹੇਠ ਹੁਣ ਤਕ ਸੈਂਕੜੇ ਕਿਲੋਮੀਟਰ ਸੜਕਾਂ 'ਤੇ ਹਰ ਕਿਸਮ ਦੇ ਦਰੱਖ਼ਤ ਲਗਾਏ ਜਾ ਚੁੱਕੇ ਹਨ। ਇਨ੍ਹਾਂ ਵਿਚ ਖਡੂਰ ਸਾਹਿਬ ਨੂੰ ਜਾਂਦੀਆਂ ਪੰਜੇ ਸੜਕਾਂ 'ਤੇ ਫੁੱਲਦਾਰ ਤੇ ਫਲਦਾਰ ਬੂਟੇ, ਅੰਮ੍ਰਿਤਸਰ-ਜਲੰਧਰ ਜੀਟੀ ਰੋਡ, ਮਕਰਾਣਾ (ਰਾਜਸਥਾਨ) ਵਿਚ ਕਈ ਕਿਲੋਮੀਟਰ ਤਕ ਨਿੰਮ ਦੇ ਦਰੱਖ਼ਤ, ਨਰੈਣਾ (ਜੈਪੁਰ) ਵਿਚ ਨਿੰਮ ਦੇ ਦਰੱਖ਼ਤ, ਗਵਾਲੀਅਰ ਵਿਚ ਏਅਰਪੋਰਟ, ਰੇਲਵੇ ਸਟੇਸ਼ਨ ਤੇ ਹਸਪਤਾਲ ਨੇੜੇ ਦਰੱਖ਼ਤ ਲਗਾਏ ਗਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਬਹੁਤ ਸਾਰੇ ਪਿੰਡਾਂ 'ਚ ਰੁੱਖ ਲਗਾਏ ਜਾ ਚੁੱਕੇ ਹਨ। ਹੁਣ ਸਕੂਲਾਂ, ਪਿੰਡਾਂ ਦੇ ਸ਼ਮਸ਼ਾਨਘਾਟਾਂ ਤੇ ਹੋਰ ਸਾਂਝੀਆਂ ਥਾਵਾਂ 'ਤੇ ਰੁੱਖ ਲਗਾਏ ਜਾਣ ਦੇ ਉਪਰਾਲੇ ਜਾਰੀ ਹਨ। ਹੁਣ ਤਕ ਲਗਪਗ ਤਿੰਨ ਲੱਖ ਪੰਦਰਾਂ ਹਜ਼ਾਰ ਰੁੱਖ ਲਗਾਏ ਜਾ ਚੁੱਕੇ ਹਨ। ਇਸ ਪ੍ਰਾਜੈਕਟ ਤਹਿਤ ਸੂਬੇਦਾਰ ਬਲਬੀਰ ਸਿੰਘ ਦੁਆਰਾ ਜਿੱਥੇ ਖਡੂਰ ਸਾਹਿਬ ਦੇ ਗੁਰਦੁਆਰੇ ਵਿਚਲੇ ਬਾਗ਼-ਬਗ਼ੀਚੀ ਦੀ ਸੇਵਾ-ਸੰਭਾਲ ਕੀਤੀ ਜਾ ਰਹੀ ਹੈ ਉੱਥੇ ਫਲਦਾਰ ਬੂਟਿਆਂ ਤੇ ਸਬਜ਼ੀਆਂ ਦਾ ਤਿੰਨ ਏਕੜ ਬਾਗ ਤੇ ਨਰਸਰੀ 'ਚ ਹਰ ਕਿਸਮ ਦੇ ਪੌਦਿਆਂ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ।

ਰੁੱਖਾਂ 'ਤੇ ਨਿਰਭਰ ਹੈ ਮਨੁੱਖੀ ਹੋਂਦ

ਬਾਬਾ ਸੇਵਾ ਸਿੰਘ ਆਖਦੇ ਹਨ ਕਿ ਰੁੱਖ ਉਗਾ ਕੇ ਜਿੱਥੇ ਅਸੀਂ ਧਰਤੀ ਦੇ ਸੁਹੱਪਣ 'ਚ ਵਾਧਾ ਕਰਦੇ ਹਾਂ, ਉੱਥੇ ਇਹ ਰੁੱਖ ਸਾਨੂੰ ਜਿਉਂਦੇ ਰਹਿਣ ਲਈ ਆਕਸੀਜਨ ਦਾ ਅਟੁੱਟ ਪ੍ਰਵਾਅ ਬਖ਼ਸ਼ਦੇ ਹਨ। ਇਹ ਵਾਯੂਮੰਡਲ 'ਚੋਂ ਕਾਰਬਨ ਡਾਇਆਕਸਾਈਡ ਤੇ ਗਰੀਨ ਹਾਊਸ ਗੈਸਾਂ ਦੇ ਪ੍ਰਭਾਵ ਨੂੰ ਖ਼ਤਮ ਕਰਦੇ ਹਨ, ਜਿਸ ਨਾਲ ਵਾਤਾਵਰਣ 'ਚ ਪੈਦਾ ਹੋ ਰਿਹਾ ਵਿਗਾੜ ਘਟਦਾ ਹੈ। ਰੁੱਤਾਂ 'ਚ ਪੈਦਾ ਹੋ ਰਹੀ ਅਣਸੁਖਾਵੀਂ ਤਬਦੀਲੀ ਤੋਂ ਵੀ ਇਹ ਰੁੱਖ ਕਾਫ਼ੀ ਰਾਹਤ ਦਿਵਾਉਂਦੇ ਹਨ। ਮੀਂਹ ਪੈਣ ਦਾ ਸਬੱਬ ਵੀ ਇਹ ਦਰੱਖ਼ਤ ਹੀ ਹਨ। ਇਹ ਦਰੱਖ਼ਤ ਹੀ ਹਨ, ਜੋ ਜੇਠ-ਹਾੜ ਵਿਚ ਥੱਕੇ-ਹਾਰੇ ਰਾਹੀਆਂ ਨੂੰ ਠੰਢੀ ਛਾਂ ਬਖ਼ਸ਼ਦੇ ਹਨ ਤੇ ਮੀਂਹ-ਕਣੀ ਵੇਲੇ ਛੱਤਰੀ ਵੀ ਤਣਦੇ ਹਨ। ਇਨ੍ਹਾਂ ਬਾਬੇ ਬੋਹੜਾਂ ਹੇਠ ਹੀ ਸਾਡੇ ਬਾਬਿਆਂ ਦੀਆਂ ਮਜ਼ਲਸਾਂ ਮੁੜ ਜੁੜਨਗੀਆਂ। ਬਾਬਾ ਜੀ ਦਾ ਕਹਿਣਾ ਹੈ ਕਿ ਜਦ ਧਰਤੀ ਬਿਰਖਾਂ ਨਾਲ ਹਰੀ-ਭਰੀ ਹੋਵੇਗੀ ਤਾਂ ਸਾਡੇ ਤੋਂ ਦੂਰ ਤੁਰ ਗਏ ਪਰਿੰਦੇ ਫਿਰ ਪਰਤ ਆਉਣਗੇ। ਬਿਰਖਾਂ 'ਤੇ ਮੁਰਕੀਆਂ ਵਾਂਗ ਲਟਕਦੇ ਬਿਜੜਿਆਂ ਤੇ ਹੋਰ ਪੰਛੀਆਂ ਦੇ ਆਲ੍ਹਣਿਆਂ 'ਚ ਚਹਿਕਦੇ ਪਰਿੰਦੇ ਸਾਡੀ ਧਰਤੀ ਨੂੰ ਭਾਗ ਲਾਉਣਗੇ। ਬੋਟਾਂ ਦੀ ਚਹਿਕਣੀ, ਪਰਿੰਦਿਆਂ ਦਾ ਅੰਮ੍ਰਿਤ ਵੇਲੇ ਦਾ ਅਲਾਪ ਤੇ ਚਿੜੀਆਂ ਦੀ ਚੀਂ-ਚੀਂ ਇਸ ਧਰਤ ਨੂੰ ਵਸਦੇ-ਰਸਦੇ ਰਹਿਣ ਦੀ ਆਸੀਸ ਦੇਣਗੀਆਂ। ਇਨ੍ਹਾਂ ਬਿਰਖਾਂ ਸਦਕਾ ਹੀ ਕੁਦਰਤੀ ਵਿਗੜਾਂ ਵਿਚ ਮੁੜ ਸੰਤੁਲਨ ਕਾਇਮ ਹੋਵੇਗਾ ਤੇ ਇਹ ਧਰਤੀ ਆਪਣੇ ਪਹਿਲੇ ਸਰੂਪ ਵਿਚ ਜੀਵ-ਜੰਤੂਆਂ ਲਈ ਨਿੱਘੀ ਗੋਦ ਬਣ ਜਾਵੇਗੀ। ਇਹ ਬਿਰਖ ਹੀ ਨੇ, ਜਿਹੜੇ ਜੀਵਾਂ ਦੇ ਸ਼ੁੱਭ-ਚਿੰਤਕ ਨੇ ਤੇ ਇਹ ਬਿਨਾਂ ਭੇਦ-ਭਾਵ ਸਭਨਾਂ ਦੀ ਭਲਾਈ ਕਰਦੇ ਨੇ।।ਇਹ ਬਿਰਖ ਹੀ ਨੇ ਜੋ ਜਨਮ ਤੋਂ ਮਰਨ ਤਕ ਜੀਵਨ ਦੀਆਂ ਤਮਾਮ ਲੋੜਾਂ ਪੂਰੀਆਂ ਕਰਦੇ ਨੇ। ਇਸ ਲਈ ਲੋੜ ਹੈ ਕਿ ਇਨ੍ਹਾਂ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤੇ ਇਨ੍ਹਾਂ ਦੀ ਸਾਂਭ-ਸੰਭਾਲ ਕੀਤੀ ਜਾਵੇ। ਇਨ੍ਹਾਂ ਦੀ ਚਿਰੰਜੀਵਤਾ ਵਿਚੋਂ ਹੀ ਮਨੁੱਖ ਦੀ ਸਦੀਵੀ ਹੋਂਦ ਦੀ ਕਾਮਨਾ ਕੀਤੀ ਜਾ ਸਕਦੀ ਹੈ।

ਵਸੀਹ ਸੋਚ, ਉੱਤਮ ਸੇਵਾ

ਬਾਬਾ ਸੇਵਾ ਸਿੰਘ ਨੇ ਦੱਸਿਆ, ''ਜਦ ਮੈਂ ਸਵੇਰੇ ਸੈਰ ਕਰ ਕੇ ਪਰਤਦਾ ਹਾਂ ਤਾਂ ਡੇਰੇ ਦੀ ਬਾਹਰਲੀ ਕੰਧ 'ਤੇ ਫੈਲੀ ਵੇਲ ਉੱਪਰ ਅਣਗਿਣਤ ਚਿੜੀਆਂ ਦੇ ਚਹਿਚਹਾਟ ਦਾ ਆਲੌਕਿਕ ਆਨੰਦ ਮਾਨਣ ਲਈ ਕਦਮ ਖ਼ੁਦ-ਬ-ਖ਼ੁਦ ਰੁਕ ਜਾਂਦੇ ਹਨ ਤੇ ਇਨ੍ਹਾਂ ਚਿੜੀਆਂ ਦੀ ਚਹਿਕਣੀ ਵਿਚ ਇਉਂ ਲਗਦਾ ਹੈ ਜਿਵੇਂ ਸਮੁੱਚੀ ਕਾਇਨਾਤ ਧਰਤੀ 'ਤੇ ਉਤਰ ਆਈ ਹੋਵੇ ਤੇ ਆਪਣੇ ਅਲਾਹੀ ਨਾਦ ਨੂੰ ਧਰਤੀ ਦੇ ਕਣ-ਕਣ ਦੇ ਨਾਮ ਲਾ ਰਹੀ ਹੋਵੇ। ਕੁਦਰਤ ਨੂੰ ਮਹੁੱਬਤ ਕਰਨ ਵਾਲੇ, ਨਿਮਰਤਾ ਦੀ ਮੂਰਤ, ਸੇਵਾ ਦੇ ਪੁੰਜ, ਵਿਲੱਖਣ, ਨਰੋਈ ਤੇ ਨਿਰਾਲੀ ਪਛਾਣ ਦੇ ਮਾਲਕ, ਬਿਰਖਾਂ ਵਿਚੋਂ ਸਮੁੱਚੀ ਲੋਕਾਈ ਦਾ ਭਲਾ ਤੇ ਸਦੀਵਤਾ ਚਿਤਵਣ ਵਾਲੇ, ਅੱਖਰਾਂ ਦੀ ਜਨਮਦਾਤੀ ਖਡੂਰ ਸਾਹਿਬ ਦੀ ਧਰਤੀ 'ਤੇ ਕੁਦਰਤ ਦਾ ਚਿਰਾਗ਼ ਜਗਾਉਣ ਵਾਲੇ, ਸਿੱਖਾਂ ਦੇ ਪਹਿਲੇ ਆਡੀਓ-ਵਿਜ਼ੁਅਲ ਮਿਊਜ਼ੀਅਮ ਦੇ ਸੰਸਥਾਪਕ ਤੇ 21ਵੀਂ ਸਦੀ ਦੇ ਅਜੂਬੇ 'ਨਿਸ਼ਾਨ-ਏ-ਸਿੱਖੀ' ਦੇ ਸਿਰਜਕ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਅਦੁੱਤੀ ਘਾਲਣਾ 'ਤੋਂ ਬਲਿਹਾਰੇ ਜਾਣ ਨੂੰ ਜੀਅ ਕਰਦਾ ਹੈ। ਉਨ੍ਹਾਂ ਦੀ ਸੇਵਾ ਨਿਸ਼ਕਾਮ ਤੇ ਉੱਤਮ ਹੈ। ਉਨ੍ਹਾਂ ਦੀ ਸੇਵਾ।ਬਹੁਤ ਨੇਕ ਹੈ ਤੇ ਸੋਚ ਦਾ ਦਾਇਰਾ ਬੇਹੱਦ ਵਸੀਹ ਅਤੇ ਇਸੇ ਵਸੀਹ ਸੋਚ ਸਦਕਾ ਖਡੂਰ ਸਾਹਿਬ ਦੀ ਧਰਤੀ 'ਤੇ ਚੰਗਿਆਈ ਦਾ ਪਸਾਰਾ ਹੋ ਰਿਹਾ ਹੈ।

- ਡਾ. ਨਿਰਮਲ ਸਿੰਘ ਲਾਂਬੜਾ

98152-56266

Posted By: Harjinder Sodhi