ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਆਨਲਾਈਨ ਸਮਾਗਮ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਫ਼ਸਲ ਵਿਗਿਆਨ ਵਿਭਾਗ ਦੀ ਇਮਾਰਤ ਦਾ ਨਾਂ ਆਪਣੇ ਸਾਬਕਾ ਵਿਦਿਆਰਥੀ ਅਤੇ ਵਿਸ਼ਵ ਭੋਜਨ ਇਨਾਮ ਜੇਤੂ (ਵਰਲਡ ਫੂਡ ਪੁਰਸਕਾਰ) ਵਿਗਿਆਨੀ ਡਾ. ਰਤਨ ਲਾਲ ਦੇ ਨਾਂ ’ਤੇ (ਡਾ.ਰਤਨ ਲਾਲ ਲੈਬਾਰਟਰੀਜ਼) ਰੱਖਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਵਿੱਚ ਓਹਾਈਓ ਸਟੇਟ ਯੂਨੀਵਰਸਿਟੀ ਅਮਰੀਕਾ ਤੋਂ ਖੁਦ ਡਾ. ਰਤਨ ਲਾਲ, ਵਿਸ਼ਵ ਭੋਜਨ ਇਨਾਮ ਜੇਤੂ ਅਤੇ ਓਹਾਈਓ ਸਟੇਟ ਯੂਨੀਵਰਸਿਟੀ ਦੇ ਕਾਰਬਨ ਪ੍ਰਬੰਧਨ ਕੇਂਦਰ ਦੇ ਨਿਰਦੇਸ਼ਕ ਡਾ. ਕਿ੍ਰਸਟੀਨਾ ਜੌਨਸਨ, ਡਾ. ਗਿੱਲ ਲੈਟਜ਼ ਅਤੇ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਸਮੇਤ ਪੀਏਯੂ ਦੇ ਡੀਨ ਡਾਇਰੈਕਟਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸ਼ਾਮਿਲ ਹੋਏ।

ਜ਼ਿਕਰਯੋਗ ਹੈ ਕਿ ਖੇਤੀ ਦੇ ਖੇਤਰ ਵਿੱਚ ਵਰਲਡ ਫੂਡ ਪੁਰਸਕਾਰ ਨੂੰ ਨੋਬਲ ਪੁਰਸਕਾਰ ਦੇ ਬਰਾਬਰ ਮੰਨਿਆ ਜਾਂਦਾ ਹੈ। ਇਸ ਮੌਕੇ ਫ਼ਸਲ ਵਿਗਿਆਨ ਵਿਭਾਗ ਦੀ ਇਮਾਰਤ ਦਾ ਨਾਮਕਰਨ ਡਾ. ਰਤਨ ਲਾਲ ਦੇ ਸਨਮਾਨ ਵਿੱਚ ਕਰਨ ਤੋਂ ਬਾਅਦ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਪੀਏਯੂ ਦੇ ਇਤਿਹਾਸ ਦਾ ਮਾਣਮੱਤਾ ਦਿਨ ਹੈ।

ਆਉਣ ਵਾਲੀਆਂ ਪੀੜੀਆਂ ਬਹੁਤ ਮਾਣ ਨਾਲ ਪੀਏਯੂ ਦੇ ਸਾਬਕਾ ਵਿਦਿਆਰਥੀ ਕੋਲੋਂ ਪ੍ਰੇਰਿਤ ਹੋਣਗੀਆਂ। ਉਨਾਂ ਕਿਹਾ ਕਿ ਡਾ. ਰਤਨ ਲਾਲ ਨੇ ਵਿਸ਼ਵ ਭੋਜਨ ਨਾਮ ਹਾਸਲ ਕਰਕੇ ਓਹਾਈਓ ਸਟੇਟ ਯੂਨੀਵਰਸਿਟੀ ਦੇ ਨਾਲ-ਨਾਲ ਪੀਏਯੂ ਦਾ ਵੀ ਮਾਣ ਵਧਾਇਆ ਹੈ। ਓਹਾਈਓ ਸਟੇਟ ਯੂਨੀਵਰਸਿਟੀ ਦੇ 16ਵੇਂ ਪ੍ਰਧਾਨ ਡਾ. ਕਿ੍ਰਸਟੀਨਾ ਜੌਨਸਨ ਨੇ ਡਾ. ਰਤਨ ਲਾਲ ਨੂੰ ਅਸਾਧਾਰਨ ਸ਼ਖਸੀਅਤ ਕਿਹਾ ਜੋ ਬਹੁਤ ਨਿਮਰਤਾ ਨਾਲ ਦੂਸਰਿਆਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਮੌਕੇ ਆਪਣਾ ਜਨਮ ਦਿਨ ਮਨਾ ਰਹੇ ਡਾ. ਰਤਨ ਲਾਲ ਨੇ ਆਪਣੀ ਵਿਸ਼ੇਸ਼ ਟਿੱਪਣੀ ਕਰਦਿਆਂ ਕਿਹਾ ਕਿ ਇਹ ਉਨਾਂ ਦਾ ਸਭ ਤੋਂ ਸ਼ਾਨਦਾਰ ਜਨਮ ਦਿਨ ਹੈ।

ਇਸ ਮੌਕੇ ਡਾ. ਗਿੱਲ ਲੈਟਜ਼ ਨੇ ਡਾ. ਰਤਨ ਲਾਲ ਦੀ ਕਾਮਯਾਬੀ ਲਈ ਉਨਾਂ ਦੀ ਮਿਹਨਤ ਅਤੇ ਲਗਨ ਦਾ ਜ਼ਿਕਰ ਕੀਤਾ। ਸਮੁੱਚੇ ਸਮਾਗਮ ਦਾ ਸੰਚਾਲਨ ਕਾਰਜ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ.ਓਪੀ ਚੌਧਰੀ ਨੇ ਕੀਤਾ ਜਦ ਕਿ ਸਭ ਦਾ ਧੰਨਵਾਦ ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ ਵੱਲੋਂ ਕੀਤਾ ਗਿਆ।

Posted By: Jagjit Singh