ਮੂੰਗਫਲੀ ਸਾਉਣੀ ਰੁੱਤ ਦੀ ਮੁੱਖ ਤੇਲਬੀਜ ਫ਼ਸਲ ਹੈ। ਬਰਾਨੀ ਹਾਲਾਤ ਵਿਚ, ਜਿੱਥੇ ਪਾਣੀ ਦੀ ਘਾਟ ਹੋਵੇ, ਉੱਥੇ ਇਸ ਫ਼ਸਲ ਦੀ ਕਾਸ਼ਤ ਕਰ ਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਮੂੰਗਫ਼ਲੀ ਦੀ ਫ਼ਸਲ ਮਿੱਟੀ ਦੀ ਉਪਜਾਊ ਸਕਤੀ ਨੂੰ ਵੀ ਵਧਾਉਂਦੀ ਹੈ।

ਉੱਨਤ ਕਿਸਮਾਂ

ਐੱਸਜੀ-99 : ਇਸ ਦੀਆਂ ਗੱਠੀਆਂ ਦਰਮਿਆਨੇ ਆਕਾਰ ਦੀਆਂ ਤੇ ਮੁੱਖ ਜੜ੍ਹ ਦੇ ਨੇੜੇ ਲਗਦੀਆਂ ਹਨ, ਜਿਸ ਕਾਰਨ ਪੁਟਾਈ ਸਮੇਂ ਘੱਟ ਨੁਕਸਾਨ ਹੁੰਦਾ ਹੈ। ਇਕ ਕੁਇੰਟਲ ਗੱਠੀਆਂ ਵਿਚੋਂ 66 ਕਿੱਲੋ ਗਿਰੀਆਂ ਨਿਕਲਦੀਆਂ ਹਨ। 100 ਗਿਰੀਆਂ ਦਾ ਭਾਰ 54 ਗ੍ਰਾਮ ਹੁੰਦਾ ਹੈ, ਜਿਨ੍ਹਾਂ ਵਿਚ 52 ਫ਼ੀਸਦੀ ਤੇਲ ਹੁੰਦਾ ਹੈ। ਇਹ ਕਿਸਮ ਤਕਰੀਬਨ 123 ਦਿਨਾਂ 'ਚ ਪੱਕ ਜਾਂਦੀ ਹੈ।ਤੇ ਵਿਸ਼ਾਣੂ ਰੋਗ ਨੂੰ ਸਹਿਣ ਕਰਨ ਵਾਲੀ ਹੈ। ਇਸ ਦਾ ਔਸਤ ਝਾੜ 10 ਕੁਇੰਟਲ ਪ੍ਰਤੀ ਏਕੜ ਹੈ।

ਟੀਜੀ-37-ਏ : ਇਹ ਅਗੇਤੀ ਪੱਕਣ ਵਾਲੀ ਗੁੱਛੇਦਾਰ ਕਿਸਮ ਹੈ। ਇਸ ਦੀ ਕਾਸ਼ਤ ਬਹਾਰ ਰੁੱਤ ਕਰਨੀ ਚਾਹੀਦੀ ਹੈ। ਇਕ ਕੁਇੰਟਲ ਗੱਠੀਆਂ 'ਚੋ 65 ਕਿੱਲੋ ਗਿਰੀਆਂ ਨਿਕਲਦੀਆਂ ਹਨ। ਇਕ ਗੱਠੀ 'ਚ 2-3 ਗਿਰੀਆਂ ਹੁੰਦੀਆਂ ਹਨ। ਗਿਰੀਆਂ 'ਚ 48.6 ਫ਼ੀਸਦੀ ਤੇਲ ਹੁੰਦਾ ਹੈ। ਇਹ ਕਿਸਮ 101 ਦਿਨਾਂ 'ਚ ਪੱਕਦੀ ਹੈ।ਤੇ ਔਸਤ ਝਾੜ 12.3 ਕੁਇੰਟਲ ਪ੍ਰਤੀ ਏਕੜ ਹੈ।

ਐੱਮ-522 : ਇਹ ਵਿਛਵੀਂ ਕਿਸਮ ਹੈ, ਜਿਸ ਦੀਆਂ ਗੱਠੀਆਂ ਦਰਮਿਆਨੀਆਂ ਮੋਟੀਆਂ ਹੁੰਦੀਆਂ ਹਨ। ਇਕ ਕੁਇੰਟਲ ਗੱਠੀਆਂ 'ਚੋਂ 68 ਕਿੱਲੋ ਗਿਰੀਆਂ ਨਿਕਲਦੀਆਂ ਹਨ। 100 ਗਿਰੀਆਂ ਦਾ ਭਾਰ 65 ਗ੍ਰਾਮ ਹੁੰਦਾ ਹੈ, ਜਿਨ੍ਹਾਂ ਵਿਚ 51 ਫ਼ੀਸਦੀ ਤੇਲ ਹੁੰਦਾ ਹੈ। ਇਹ 120 ਦਿਨਾਂ 'ਚ ਪੱਕਦੀ ਹੈ ਤੇ ਔਸਤ ਝਾੜ 9 ਕੁਇੰਟਲ ਪ੍ਰਤੀ ਏਕੜ ਹੈ।

ਜ਼ਮੀਨ ਦੀ ਤਿਆਰੀ

ਬਿਜਾਈ ਤੋਂ ਪਹਿਲਾਂ ਤਵੀਆਂ ਜਾਂ ਹਲਾਂ ਨਾਲ ਦੋ ਵਾਰ ਵਹਾਈ ਕਰ ਕੇ ਖੇਤ ਨੂੰ ਤਿਆਰ ਕਰੋ। ਲੋੜ ਪਵੇ ਤਾਂ ਬਰਾਨੀ ਹਾਲਾਤ ਵਿਚ ਤੀਸਰੀ ਵਹਾਈ ਜੁਲਾਈ ਦੇ ਅਖ਼ੀਰ ਵਿਚ ਕਰੋ।

ਬੀਜ ਦੀ ਸੋਧ

ਬਿਜਾਈ ਤੋਂ 15 ਦਿਨ ਪਹਿਲਾਂ ਗੱਠੀਆਂ 'ਚੋਂ ਗਿਰੀਆਂ ਕੱਢ ਲਵੋ। ਛੋਟੀਆਂ ਤੇ ਬਿਮਾਰੀ ਵਾਲੀਆਂ ਗਿਰੀਆਂ ਬੀਜ ਲਈ ਨਾ ਵਰਤੋ। ਸਿਹਤਮੰਦ ਤੇ ਨਰੋਈਆਂ ਗਿਰੀਆਂ ਨੂੰ ਛਾਂਟ ਕੇ 5 ਗ੍ਰਾਮ ਥੀਰਮ ਪ੍ਰਤੀ ਕਿੱਲੋ ਜਾਂ 3 ਗ੍ਰਾਮ ਇੰਡੋਫਿਲ ਐੱਮ-45 ਨਾਲ ਪ੍ਰਤੀ ਕਿੱਲੋ ਗਿਰੀਆਂ ਦੇ ਹਿਸਾਬ ਨਾਲ ਸੋਧ ਲਵੋ।

ਬਿਜਾਈ ਦਾ ਸਮਾਂ ਤੇ ਢੰਗ

ਬਰਾਨੀ ਹਾਲਾਤ 'ਚ ਮੂੰਗਫਲੀ ਦੀ ਬਿਜਾਈ ਮੌਨਸੂਨ ਸ਼ੁਰੂ ਹੋਣ 'ਤੇ ਕਰੋ। ਇਸ ਤਰ੍ਹਾਂ ਇਹ ਫ਼ਸਲ ਕਣਕ ਬੀਜਣ ਲਈ ਖੇਤ ਨੂੰ ਵੇਲੇ ਸਿਰ ਵਿਹਲਾ ਕਰ ਦੇਵੇਗੀ। ਬਿਜਾਈ ਤੋਂ ਬਾਅਦ ਖੇਤ 'ਚ ਵੱਟਾਂ ਪਾ ਕੇ ਲੋੜ ਅਨੁਸਾਰ ਕਿਆਰੇ ਬਣਾ ਲਵੋ ਤਾਂ ਜੋ ਲੋੜ ਪੈਣ 'ਤੇ ਹਲਕਾ ਪਾਣੀ ਲਾਇਆ ਜਾ ਸਕੇ। ਪੰਜ ਸੈਂਟੀਮੀਟਰ ਡੂੰਘਾਈ 'ਤੇ ਕੇਰੇ, ਪੋਰੇ ਜਾਂ ਡਰਿਲ ਨਾਲ ਬਿਜਾਈ ਕਰੋ। ਮੂੰਗਫਲੀ ਦੀ ਬਿਜਾਈ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ।

ਬੀਜ ਦੀ ਮਾਤਰਾ

ਟੀਜੀ-37-ਏ ਕਿਸਮ ਲਈ 32 ਕਿੱਲੋ, ਐੱਸਜੀ-99 ਲਈ 40 ਕਿੱਲੋ ਤੇ ਐੱਮ-522 ਕਿਸਮ ਲਈ 38 ਕਿੱਲੋ ਬੀਜ ਪ੍ਰਤੀ ਏਕੜ ਵਰਤੋ।

ਖਾਦਾਂ

ਕਣਕ-ਮੂੰਗਫ਼ਲੀ ਦੇ ਫ਼ਸਲੀ ਚੱਕਰ ਵਿਚ ਜੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ 'ਚ ਫਾਸਫੋਰਸ ਤੱਤ ਪਾਇਆ ਗਿਆ ਹੋਵੇ ਤਾਂ ਉਸ ਖੇਤ 'ਚ ਮੂੰਗਫਲੀ ਨੂੰ ਫਾਸਫੋਰਸ ਤੱਤ ਪਾਉਣ ਦੀ ਲੋੜ ਨਹੀਂ। ਮਿੱਟੀ ਦੀ ਪਰਖ ਅਨੁਸਾਰ ਪੋਟਾਸ਼ ਦੀ ਘਾਟ ਹੋਣ 'ਤੇ ਇਸ ਤੱਤ ਦੀ ਵਰਤੋ ਕਰੋ। ਜਿਪਸਮ ਦਾ ਛੱਟਾ ਦੇ ਦਿਓ ਤੇ ਹੋਰ ਸਾਰੀ ਖਾਦ ਬਿਜਾਈ ਸਮੇਂ ਡਰਿਲ ਕਰ ਦਿਓ। ਨਾਈਟ੍ਰੋਜਨ ਤੱਤ 6 ਕਿੱਲੋ ਪ੍ਰਤੀ ਏਕੜ, ਫਾਸਫੋਰਸ - 8 ਕਿੱਲੋ, ਪੋਟਾਸ਼ 10 ਕਿੱਲੋ, ਯੂਰੀਆ 13 ਕਿੱਲੋ, ਸਿੰਗਲ ਸੁਪਰਫਾਸਫੇਟ 50 ਕਿੱਲੋ, ਮਿਊਰੇਟ ਆਫ ਪੋਟਾਸ਼ 17 ਕਿੱਲੋ ਅਤੇ ਜਿਪਸਮ 50 ਕਿੱਲੋ ਪ੍ਰਤੀ ਏਕੜ ਵਰਤੋਂ ਕਰੋ।

ਜ਼ਿੰਕ ਦੀ ਘਾਟ

ਪੌਦੇ ਦੇ ਉੱਪਰਲੇ ਅੱਧੇ ਹਿੱਸੇ ਦੇ ਪੱਤੇ ਛੋਟੇ ਰਹਿ ਜਾਂਦੇ ਹਨ। ਪੱਤਿਆਂ ਦਾ ਰੰਗ ਹਲਕਾ ਪੀਲਾ ਹੋ ਜਾਂਦਾ ਹੈ। ਜਦੋਂ ਜ਼ਿੰਕ ਦੀ ਘਾਟ ਗੰਭੀਰ ਹੋਵੇ ਤਾਂ ਪੌਦਾ ਵਧਦਾ-ਫੁੱਲਦਾ ਨਹੀਂ ਤੇ ਗਿਰੀਆਂ ਸੁੰਗੜ ਜਾਂਦੀਆਂ ਹਨ। ਇਸ ਹਾਲਤ ਵਿਚ 25 ਕਿੱਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21ਫ਼ੀਸਦੀ) ਜਾਂ 16 ਕਿੱਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33ਫ਼ੀਸਦੀ) ਪ੍ਰਤੀ ਏਕੜ ਪਾਓ। ਜ਼ਿੰਕ ਸਲਫੇਟ ਦੀ ਏਨੀਂ ਮਾਤਰਾ ਦੋ-ਤਿੰਨ ਸਾਲ ਫ਼ਸਲ ਪੈਦਾ ਕਰਨ ਲਈ ਕਾਫ਼ੀ ਹੈ।

ਨਦੀਨਾਂ ਦੀ ਰੋਕਥਾਮ

ਦੋ ਗੋਡੀਆਂ ਬਿਜਾਈ ਤੋਂ 3 ਹਫ਼ਤੇ ਤੇ 6 ਹਫ਼ਤੇ ਬਾਅਦ ਕਰੋ। ਅਰੈਕਨੀ ਘਾਹ, ਕਾਂ ਮੱਕੀ ਆਦਿ ਦੀ ਰੋਕਥਾਮ ਲਈ ਬਿਜਾਈ ਦੇ ਦੋ ਦਿਨਾਂ ਦੇ ਅੰਦਰ ਇਕ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਟੌਂਪ-30 ਈਸੀ (ਪੈਂਡੀਮੈਥਾਲਿਨ) ਨੂੰ 200 ਲੀਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ ਤੇ ਬਿਜਾਈ ਤੋਂ 45 ਦਿਨਾਂ ਬਾਅਦ ਇਕ ਗੋਡੀ ਕਰੋ।

ਸਿੰਜਾਈ

ਬਰਸਾਤ ਅਨੁਸਾਰ ਮੂੰਗਫਲੀ ਨੂੰ 2 ਜਾਂ 3 ਪਾਣੀਆਂ ਦੀ ਜ਼ਰੂਰਤ ਹੁੰਦੀ ਹੈ। ਜੇ ਬਰਸਾਤ ਲੋੜ ਮੁਤਾਬਿਕ ਨਾ ਹੋਵੇ ਤਾਂ ਪਹਿਲਾ ਪਾਣੀ ਫੁੱਲ ਪੈਣ ਸਮੇਂ ਲਾਓ। ਗੱਠੀਆਂ ਦੇ ਵਾਧੇ ਲਈ ਗੱਠੀਆਂ ਪੈਣ ਸਮੇਂ ਮੌਨਸੂਨ ਅਨੁਸਾਰ ਇਕ ਜਾਂ ਦੋ ਪਾਣੀ ਹੋਰ ਲਾਓ। ਮੂੰਗਫਲੀ ਦੀ ਆਸਾਨ ਪੁਟਾਈ ਲਈ ਪੁਟਾਈ ਤੋਂ ਕੁਝ ਦਿਨ ਪਹਿਲਾਂ ਹਲਕਾ ਪਾਣੀ ਲਗਾਓ।

ਪੁਟਾਈ ਤੇ ਝਾੜ

ਬਹਾਰ ਤੇ ਸਾਉਣੀ ਦੀ ਫ਼ਸਲ ਦਾ ਪਤਰਾਲ ਪੱਕਣ ਸਮੇਂ ਹਰਾ ਰਹਿੰਦਾ ਹੈ। ਪੁਟਾਈ ਉਪਰੰਤ ਜੇ ਦੋ-ਤਿਹਾਈ ਗਿਰੀਆਂ ਦਾ ਰੰਗ ਗੁਲਾਬੀ ਤੇ ਗੱਠੀਆਂ ਦਾ ਛਿੱਲਕਾ ਭੂਰਾ ਜਾਂ ਕਾਲਾ ਹੋਵੇ ਤਾਂ ਫ਼ਸਲ ਪੁਟਾਈ ਲਈ ਤਿਆਰ ਹੈ। ਬਰਾਨੀ ਫ਼ਸਲ ਨਵੰਬਰ ਦੇ ਸ਼ੁਰੂ 'ਚ ਪੱਕ ਜਾਂਦੀ ਹੈ। ਫ਼ਸਲ ਪੱਕਣ 'ਤੇ ਸਾਰੀ ਫ਼ਸਲ ਇਕਸਾਰ ਪੀਲੀ ਹੋ ਜਾਂਦੀ ਹੈ ਤੇ ਪੁਰਾਣੇ ਪੱਤੇ ਝੜ ਜਾਂਦੇ ਹਨ। ਮੂੰਗਫਲੀ ਦੀ ਪੁਟਾਈ ਲਈ ਟ੍ਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਪੁੱਟੀ ਹੋਈ ਫ਼ਸਲ ਦੇ ਛੋਟੇ-ਛੋਟੇ ਢੇਰਾਂ ਨੂੰ ਦੋ ਦਿਨਾਂ ਲਈ ਖੇਤ 'ਚ ਪਏ ਰਹਿਣ ਦਿਓ। ਇਸ ਪਿੱਛੋਂ ਫ਼ਸਲ ਨੂੰ ਇਕ ਥਾਂ ਇਕੱਠੀ ਕਰ ਕੇ ਦੋ-ਤਿੰਨ ਦਿਨਾਂ ਲਈ ਰੋਜ਼ਾਨਾ ਦੋ-ਤਿੰਨ ਵਾਰ ਤਰੰਗਲੀ ਨਾਲ ਝਾੜਦੇ ਰਹੋ ਤੇ ਟਾਂਗਰ ਨਾਲੋਂ ਗੱਠੀਆਂ ਤੇ ਪੱਤੇ ਵੱਖ ਕਰ ਲਵੋ, ਫਿਰ ਉਡਾਈ ਕਰ ਕੇ ਗੱਠੀਆਂ ਨੂੰ ਪੱਤਿਆਂ ਨਾਲੋਂ ਵੱਖ ਕਰ ਲਵੋ।

- ਡਾ. ਬਲਵਿੰਦਰ ਸਿੰਘ ਢਿੱਲੋਂ

94654-20097

Posted By: Harjinder Sodhi