ਕਾਰੋਬਾਰ 'ਚ ਉਤਸੁਕਤਾ ਰੱਖਣ ਵਾਲੇ ਲੋਕਾਂ ਨੂੰ ਤਕਨੀਕੀ ਮੁਹਾਰਤ ਪ੍ਰਦਾਨ ਕਰਨ ਤੇ ਸਥਾਨਕ ਭੋਜਨ ਉਦਯੋਗ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮਈ 2015 'ਚ ਖੇਤਰੀ ਖੋਜ ਸਟੇਸ਼ਨ ਬਠਿੰਡਾ ਵਿਖੇ ਫੂਡ ਪ੍ਰੋਸੈਸਿੰਗ ਸਿਖਲਾਈ ਤੇ ਵਪਾਰ ਕੇਂਦਰ ਸਥਾਪਤ ਕੀਤਾ ਗਿਆ। ਬਠਿੰਡਾ ਵਿਖੇ ਆਰਆਰਐੱਸ ਸੈਂਟਰ ਤੋਂ ਇਲਾਵਾ ਭੋਜਨ ਤਕਨਾਲੋਜੀ ਵਿਭਾਗ ਵੱਲੋਂ ਪੀਏਯੂ ਲੁਧਿਆਣਾ ਵਿਖੇ ਫਲਾਂ, ਸਬਜ਼ੀਆਂ, ਅਨਾਜ ਤੇ ਦਾਲਾਂ ਦੀ ਪ੍ਰੋਸੈਸਿੰਗ ਲਈ ਸਿਖਲਾਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਦਾ ਟੀਚਾ ਕਿਸਾਨ ਔਰਤਾਂ, ਸਵੈ ਸਹਾਇਤਾ ਗਰੁੱਪਾਂ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਆਤਮ ਨਿਰਭਰ ਬਣਾਉਣਾ ਹੈ।

ਸਫਲਤਾ ਵੱਲ ਵਧਦੇ ਕਦਮ

ਇਹ ਲੇਖ ਬਠਿੰਡਾ ਦੀ ਉੱਭਰ ਰਹੀ ਉਦਮੀ ਸ਼੍ਰੀਮਤੀ ਬਲਵਿੰਦਰ ਕੌਰ ਦੀ ਸਫਲਤਾ ਦੀ ਗਾਥਾ ਹੈ। ਇਕ ਸਾਲ ਪਹਿਲਾਂ ਬਲਵਿੰਦਰ ਕੌਰ ਨੇ ਹੁਨਰਮੰਦ ਹੋ ਕੇ ਆਤਮ ਨਿਰਭਰ ਬਣਨ ਦੀ ਜ਼ਰੂਰਤ ਮਹਿਸੂਸ ਕੀਤੀ। ਇਸ ਦੇ ਲਈ ਉਨ੍ਹਾਂ ਆਪਣੇ ਪਤੀ ਦੀ ਸਹਾਇਤਾ ਨਾਲ ਫੂਡ ਪ੍ਰੋਸੈਸਿੰਗ ਸਿਖਲਾਈ ਕਮ ਇਨਕੁਬੇਸ਼ਨ ਕੇਂਦਰ ਬਠਿੰਡਾ ਵਿਖੇ ਫਲਾਂ ਤੇ ਸਬਜ਼ੀਆਂ ਦੇ ਮੁੱਲ ਵਧਾਉਣ ਵਾਲੇ ਸਿਖਲਾਈ ਪ੍ਰੋਗਰਾਮ 'ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ। ਬਲਵਿੰਦਰ ਕੌਰ ਨੇ ਫਲਾਂ ਅਤੇ ਸਬਜ਼ੀਆਂ ਤੋਂ ਜੈਮ, ਚਟਣੀਆਂ, ਮੁਰੱਬੇ, ਕੈਂਡੀ, ਅਚਾਰ ਤੇ ਪੀਣਯੋਗ ਪਦਾਰਥ ਤਿਆਰ ਕਰਨੇ ਸਿੱਖੇ। ਸਿਖਲਾਈ ਤੋਂ ਬਾਅਦ ਉਨ੍ਹਾਂ ਆਪਣੇ ਘਰ ਤੋਂ ਹੀ ਛੋਟੇ ਪੱਧਰ 'ਤੇ ਇਸ ਕਾਰੋਬਾਰ ਦੀ ਸ਼ੁਰੂਆਤ ਕੀਤੀ ਤੇ ਆਪਣੀ ਕੰਪਨੀ 'ਜ਼ੈਬਰਾ ਸਮਾਰਟ ਫੂਡ ਮੈਨੂਫੈਕਚਰਰ' ਦੇ ਨਾਂ ਨਾਲ ਰਜਿਸਟਰਡ ਕਰਵਾਈ ਤੇ ਕਾਰੋਬਾਰ ਦੀ ਦਿਸ਼ਾ 'ਚ ਅਗਲੀਆਂ ਮੰਜ਼ਿਲਾਂ ਸਰ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਜ਼ੈਬਰਾ ਨੂੰ ਬਣਾਇਆ ਬ੍ਰਾਂਡ

ਆਪਣੇ ਉਤਪਾਦਾਂ ਨੂੰ 'ਜ਼ੈਬਰਾ ਬ੍ਰਾਂਡ' ਦਾ ਨਾਂ ਦੇਣ ਦਾ ਕਾਰਨ ਸਾਂਝਾ ਕਰਦਿਆਂ ਬਲਵਿੰਦਰ ਕੌਰ ਨੇ ਦੱਸਿਆ ਕਿ 'ਜ਼ੈੱਡ ਤੋਂ ਬਾਅਦ ਕੋਈ ਅੱਖਰ ਨਹੀਂ ਹੈ, ਇਸ ਤੋਂ ਇਲਾਵਾ ਜ਼ੈਬਰਾ ਕਾਲਾ ਤੇ ਚਿੱਟਾ ਹੁੰਦਾ ਹੈ, ਜਿਸ ਤੋਂ ਭਾਵ ਹੈ ਕਿ ਗਾਹਕ ਉਨ੍ਹਾਂ ਦੇ ਉਤਪਾਦ ਨੂੰ ਇਸ ਬ੍ਰਾਂਡ ਜ਼ਰੀਏ ਬਾਕੀ ਉਤਪਾਦਾਂ ਵਿੱਚੋਂ ਆਸਾਨੀ ਨਾਲ ਪਛਾਣ ਅਤੇ ਖ਼ਰੀਦ ਸਕਦਾ ਹੈ।

ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ ਇਸ ਕਾਰੋਬਾਰ 'ਚ ਉਨ੍ਹਾਂ ਦੀ ਮਦਦ ਕਰਦਾ ਹੈ ਤੇ ਵੱਖ-ਵੱਖ ਸਾਮਾਨ ਤੇ ਪੈਕੇਜਿੰਗ ਸਮੱਗਰੀ ਖ਼ਰੀਦਣ ਲਈ ਅੰਮ੍ਰਿਤਸਰ ਜਾਂਦਾ ਹੈ। ਇਸ ਸਮੇਂ ਉਹ ਆਂਵਲੇ ਦਾ ਮੁਰੱਬਾ, ਸੇਬ, ਮਿਸ਼ਰਤ ਫਲ, ਨਿੰਬੂ, ਅੰਬ, ਟਮਾਟਰ ਤੇ ਲਸਣ ਦੀ ਚਟਣੀ ਤੋਂ ਇਲਾਵਾ ਅਦਰਕ, ਲਸਣ, ਗੋਭੀ ਦਾ ਆਚਾਰ ਵੀ ਤਿਆਰ ਕਰਦੇ ਹਨ। ਕੁਝ ਸਮਾਂ ਪਹਿਲਾ ਹੀ ਮਲਟੀਗ੍ਰੇਨ ਆਟਾ ਤਿਆਰ ਕਰ ਕੇ ਉਨ੍ਹਾਂ ਨੇ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ ਹੈ। ਇਸ ਤੋਂ ਇਲਾਵਾ ਬਲਵਿੰਦਰ ਕੌਰ ਆਪਣੀ ਕੰਪਨੀ ਵਿਚ ਵੱਖ-ਵੱਖ ਤਰ੍ਹਾਂ ਦੇ ਜੂਸ ਵੀ ਤਿਆਰ ਕਰਦੀ ਹੈ।

ਬੇਰੁਜ਼ਗਾਰਾਂ ਨੂੰ ਦਿੱਤਾ ਰੁਜ਼ਗਾਰ

ਬਲਵਿੰਦਰ ਕੌਰ ਇਹ ਦੱਸਦਿਆਂ ਮਾਣ ਮਹਿਸੂਸ ਕਰਦੀ ਹੈ ਕਿ ਇਸ ਸਿਖਲਾਈ ਤੋਂ ਬਾਅਦ ਆਪਣਾ ਕਾਰੋਬਾਰ ਸ਼ੁਰੂ ਕਰ ਕੇ ਉਨ੍ਹਾਂ ਨੇ ਕਈ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਉਹ ਉਸ ਸਮੇਂ ਬੇਹੱਦ ਮਾਣ ਮਹਿਸੂਸ ਕਰਦੀ ਹੈ ਕਿ ਆਪਣੇ ਦੇ ਇਸ ਉਦਮ ਨਾਲ ਜਿੱਥੇ ਉਹ ਖ਼ੁਦ ਵਿੱਤੀ ਤੌਰ 'ਤੇ ਆਤਮ ਨਿਰਭਰ ਬਣੀ ਹੈ ਉੱਥੇ ਬਹੁਤ ਸਾਰੇ ਅਨਪੜ੍ਹ ਲੋਕਾਂ ਨੂੰ ਵੀ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਹੀ ਹੈ।

ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਦੋਸਤਾਂ ਤੇ ਸਥਾਨਕ ਪੱਧਰ 'ਤੇ ਨੈਟਵਰਕਿੰਗ ਜ਼ਰੀਏ ਆਪਣੇ ਉਤਪਾਦਾਂ ਨੂੰ ਵੇਚਦੇ ਹਨ। ਹਾਲ ਹੀ 'ਚ ਬਲਵਿੰਦਰ ਕੌਰ ਨੇ 'ਜ਼ੈਬਰਾ ਸਟੋਰ' ਦੇ ਨਾਂ ਨਾਲ ਆਪਣੇ ਉਤਪਾਦਾਂ ਦੀ ਵਿਕਰੀ ਲਈ ਇਕ ਆਊਟਲੈੱਟ ਸੈਂਟਰ ਵੀ ਖੋਲ੍ਹਿਆ ਹੈ। ਜ਼ੈਬਰਾ ਸਮਾਰਟ ਫੂਡ ਦੀ ਸ਼ੁਰੂਆਤ ਲਈ ਪੀਏਯੂ ਤੇ ਆਰਆਰਐੱਸ ਬਠਿੰਡਾ ਦੇ ਅਧਿਕਾਰੀਆਂ ਤੇ ਸਟਾਫ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਪਾਸੋਂ ਮਿਲੀ ਪ੍ਰੇਰਨਾ ਜ਼ਰੀਏ ਹੀ ਉਹ ਖ਼ੁਦ ਨੂੰ ਇਕ ਉਤਸ਼ਾਹੀ ਉਦਮੀ ਵਜੋਂ ਸਾਬਤ ਕਰਨ 'ਚ ਸਫਲ ਹੋ ਸਕੀ ਹੈ ਅਤੇ ਕਿਸੇ ਵੀ ਕੰਮ ਦੀ ਸਫਲਤਾ ਦਾ ਰਾਜ਼ ਇਸ ਗੱਲ 'ਚ ਲੁਕਿਆ ਹੈ ਕਿ ਸਾਨੂੰ ਆਪਣੇ ਉੱਪਰ ਵਿਸ਼ਵਾਸ ਕਰਨਾ ਚਾਹੀਦਾ ਹੈ।

- ਗੁਰਪ੍ਰੀਤ, ਪੂਨਮ ਅਗਰਵਾਲ

Posted By: Harjinder Sodhi