ਕਰੀਅਰ ਦੀ ਚੋਣ ਕਰਨਾ ਵਿਦਿਆਰਥੀ ਜੀਵਨ ਦਾ ਅਹਿਮ ਫ਼ੈਸਲਾ ਹੁੰਦਾ ਹੈ। ਕਿਸੇ ਵੀ ਵਿਦਿਆਰਥੀ ਲਈ ਵਿਸ਼ੇ ਦੀ ਚੋਣ ਕਰਨਾ ਬੇਹੱਦ ਔਖਾ ਕੰਮ ਹੈ। ਇਸ ਦੀ ਚੋਣ ਨੂੰ ਬਹੁਤ ਸਾਰੇ ਤੱਤ ਪ੍ਰਭਾਵਿਤ ਕਰਦੇ ਹਨ। ਕੋਈ ਵੀ ਵਿਦਿਆਰਥੀ ਜਦੋਂ ਦਸਵੀਂ ਜਮਾਤ ਪਾਸ ਕਰਦਾ ਹੈ ਤਾਂ ਉਸ ਵਕਤ ਉਸ ਨੂੰ ਸਮਝ ਨਹੀ ਹੁੰਦੀ ਕਿ ਕਿਹੜਾ ਵਿਸ਼ਾ ਉਸ ਨੇ ਚੁਣਨਾ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਉਸ ਨੂੰ ਕਿਸੇ ਵੀ ਵਿਸ਼ੇ ਬਾਰੇ ਜ਼ਿਆਦਾ ਜਾਣਕਾਰੀ ਨਹੀ ਹੁੰਦੀ। ਦਸਵੀਂ ਤਕ ਉਹ ਸਾਰੇ ਵਿਸ਼ੇ ਜਿਵੇਂ ਹਿੰਦੀ, ਗਣਿਤ, ਪੰਜਾਬੀ, ਸਾਇੰਸ, ਸਮਾਜਿਕ ਆਦਿ ਪੜ੍ਹ ਰਿਹਾ ਹੁੰਦਾ ਹੈ। ਦਸਵੀਂ ਪਾਸ ਕਰਨ ਉਪਰੰਤ ਉਸ ਨੂੰ ਕੁਝ ਖ਼ਾਸ ਵਿਸ਼ੇ ਚੁਣਨੇ ਹੁੰਦੇ ਹਨ।

ਕਰੀਅਰ ਦੀ ਚੋਣ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ

ਪਰਿਵਾਰ: ਬਹੁਤ ਸਾਰੇ ਵਿਦਿਆਰਥੀ ਉਹੀ ਵਿਸ਼ਾ ਚੁਣਦੇ ਹਨ, ਜਿਹੜਾ ਵਿਸ਼ਾ ਉਨ੍ਹਾਂ ਦੇ ਮਾਤਾ-ਪਿਤਾ ਜਾਂ ਪਰਿਵਾਰ ਵਾਲੇ ਚੁਣਨ ਨੂੰ ਕਹਿ ਦਿੰਦੇ ਹਨ।

ਦੋਸਤ-ਮਿੱਤਰ: ਕਈ ਵਾਰ ਵਿਦਿਆਰਥੀ ਬਿਨਾਂ ਸੋਚੇ ਵਿਚਾਰੇ ਉਹੀ ਵਿਸ਼ਾ ਚੁਣ ਲੈਂਦਾ ਹੈ, ਜੋ ਉਸ ਦੇ ਦੋਸਤ ਨੇ ਚੁਣਿਆ ਹੁੰਦਾ ਹੈ।

ਰੁਚੀ: ਕਿਸੇ ਖ਼ਾਸ ਵਿਸ਼ੇ ’ਚ ਵਿਦਿਆਰਥੀ ਦੀ ਰੁਚੀ ਹੋਣਾ ਵੀ ਇਕ ਤੱਤ ਹੈ, ਜਿਸ ਤਹਿਤ ਵਿਦਿਆਰਥੀ ਵਿਸ਼ਾ ਚੁਣਦੇ ਹਨ। ਇਸ ਨੂੰ ਬਿਹਤਰੀਨ ਤੱਤ ਮੰਨਿਆ ਜਾਂਦਾ ਹੈ ਕਿਉਂਕਿ ਜਿਹੜਾ ਵਿਦਿਆਰਥੀ ਆਪਣੀ ਰੁਚੀ ਮੁਤਾਬਿਕ ਵਿਸ਼ਾ ਚੁਣਦਾ ਹੈ, ਉਹ ਉਸ ਵਿਸ਼ੇ ਨੂੰ ਬਹੁਤ ਵਧੀਆ ਤਰੀਕੇ ਨਾਲ ਪੜ੍ਹ ਸਕਦਾ ਹੈ।

ਵਿੱਤੀ ਸਹੂਲਤਾਂ: ਬਹੁਤੀ ਵਾਰ ਵਿਦਿਆਰਥੀ ਉਸ ਵਿਸ਼ੇ ਦੀ ਚੋਣ ਕਰਨਾ ਬਿਹਤਰ ਸਮਝਦੇ ਹਨ, ਜਿਸ ’ਚ ਕੋਰਸ ਪੂਰਾ ਕਰਨ ਉਪਰੰਤ ਆਮਦਨ ਜ਼ਿਆਦਾ ਹੁੰਦੀ ਹੈ।

ਚੁਣੇ ਜਾਣ ਵਾਲੇ ਵਿਸ਼ੇ

ਇੰਟਰਮੀਡੀਏਟ ਕੋਰਸ

ਇਹ ਕੋਰਸ ਦੋ ਸਾਲ ਦਾ ਹੁੰਦਾ ਹੈ। ਇਸ ਕੋਰਸ ਨੂੰ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਕਿਹਾ ਜਾਂਦਾ ਹੈ। ਇਹ ਕੋਰਸ ਚਾਰ ਅਲੱਗ-ਅਲੱਗ ਸਟ੍ਰੀਮਾਂ ’ਚ ਕੀਤਾ ਜਾਂਦਾ ਹੈ। ਇਨ੍ਹਾਂ ਦੀ ਵੰਡ ਕੁਝ ਇਸ ਤਰ੍ਹਾਂ ਹੈ:

ਆਰਟਸ : ਇਸ ’ਚ ਬਹੁਤ ਸਾਰੇ ਵਿਸ਼ੇ ਆਉਂਦੇ ਹਨ, ਜਿਵੇਂ ਇਤਿਹਾਸ, ਅਰਥ-ਸ਼ਾਸਤਰ, ਭੂਗੋਲ, ਸਰੀਰਕ ਸਿੱਖਿਆ, ਗਣਿਤ, ਸੰਗੀਤ, ਪੰਜਾਬੀ, ਹਿੰਦੀ ਆਦਿ। ਆਰਟਸ ਚੁਣਨ ਵਾਲਾ ਵਿਦਿਆਰਥੀ ਆਪਣੀ ਪਸੰਦ ਦੇ ਤਿੰਨ ਵਿਸ਼ੇ ਚੁਣ ਸਕਦਾ ਹੈ ਅਤੇ ਇਨ੍ਹਾਂ ਚੋਣਵੇਂ ਵਿਸ਼ਿਆਂ ਤੋਂ ਇਲਾਵਾ ਲਾਜ਼ਮੀ ਵਿਸ਼ੇ ਵੀ ਉਸ ਨੂੰ ਪੜ੍ਹਨੇ ਪੈਂਦੇ ਹਨ।

ਕਾਮਰਸ: ਇਸ ਵਿਸ਼ੇ ਨੂੰ ਪੜ੍ਹਨ ਵਾਲੇ ਵਿਦਿਆਰਥੀ ਅਕਾਊਂਟਸ, ਮੈਨੇਜਮੈਂਟ, ਅਰਥ-ਸ਼ਾਸਤਰ, ਆਪਰੇਸ਼ਨ ਰਿਸਰਚ ਆਦਿ ਵਿਸ਼ੇ ਪੜ੍ਹਦੇ ਹਨ। ਇਹ ਵਿਦਿਆਰਥੀ ਕਾਮਰਸ ਦੇ ਵਿਸ਼ਿਆਂ ਤੋਂ ਇਲਾਵਾ ਬਾਕੀ ਲਾਜ਼ਮੀ ਵਿਸ਼ੇ ਜੋ ਆਰਟਸ ਦਾ ਵਿਦਿਆਰਥੀ ਪੜ੍ਹਦਾ ਹੈ, ਉਹ ਵੀ ਪੜ੍ਹਦੇ ਹਨ।

ਸਾਇੰਸ : ਸਾਇੰਸ ਵਿਸ਼ੇ ਨੂੰ ਅੱਗਿਓਂ ਦੋ ਭਾਗਾਂ ’ਚ ਵੰਡਿਆ ਜਾਂਦਾ ਹੈ। ਇਕ ਮੈਡੀਕਲ ਅਤੇ ਦੂਜਾ ਨਾਨ-ਮੈਡੀਕਲ। ਮੈਡੀਕਲ ’ਚ ਬਾਇਓਲੋਜੀ ਵਿਸ਼ੇ ਬਾਬਤ ਪੜ੍ਹਾਈ ਹੁੰਦੀ ਹੈ ਅਤੇ ਨਾਨ-ਮੈਡੀਕਲ ਵਿਸ਼ੇ ’ਚ ਬਾਇਓਲੋਜੀ ਦੀ ਜਗ੍ਹਾ ਵਿਦਿਆਰਥੀ ਮੈਥ ਵਿਸ਼ਾ ਪੜ੍ਹਦੇ ਹਨ। ਜਿਹੜੇ ਵਿਦਿਆਰਥੀ ਡਾਕਟਰ ਬਣਨਾ ਚਾਹੁੰਦੇ ਹਨ, ਉਹ ਮੈਡੀਕਲ ਵਿਸ਼ਾ ਚੁਣਦੇ ਹਨ ਅਤੇ ਜੋ ਵਿਦਿਆਰਥੀ ਇੰਜੀਨੀਅਰ ਬਣਨਾ ਚਾਹੁੰਦੇ ਹਨ, ਉਹ ਨਾਨ-ਮੈਡੀਕਲ ਚੁਣਦੇ ਹਨ।

ਵੋਕੇਸ਼ਨਲ: ਇਹ ਵਿਸ਼ਾ ਕਿੱਤਾਮੁਖੀ ਵਿਸ਼ਾ ਹੈ। ਇਸ ’ਚ ਵੱਖ-ਵੱਖ ਟਰੇਡ ਹੁੰਦੇ ਹਨ, ਜਿਹੜੇ ਵਿਦਿਆਰਥੀ ਨੂੰ ਕਿੱਤਾਮੁਖੀ ਸਿੱਖਿਆ ਪ੍ਰਦਾਨ ਕਰਦੇ ਹਨ। ਇਸ ’ਚ 30-35 ਤਰ੍ਹਾਂ ਦੇ ਟਰੇਡ ਹੁੰਦੇ ਹਨ, ਜਿਨ੍ਹਾਂ ਨੂੰ ਮੁੱਖ ਚਾਰ ਭਾਗਾਂ ਵਿਚ ਵੰਡਿਆ ਜਾਂਦਾ ਹੈ। ਬਿਜ਼ਨਸ ਅਤੇ ਕਾਮਰਸ ਗਰੁੱਪ, ਐਗਰੀਕਲਚਰ ਗਰੁੱਪ, ਇੰਜੀਨੀਅਰਿੰਗ ਗਰੁੱਪ ਅਤੇ ਹਿਊਮੈਨਟੀਜ਼ ਗਰੁੱਪ। ਇਹ ਚਾਰ ਗਰੁੱਪ ਵਿਦਿਆਰਥੀਆਂ ਨੂੰ ਸਵੈ-ਰੁਜ਼ਗਾਰ ਲਈ ਤਿਆਰ ਕਰਦੇ ਹਨ।

ਬਾਰ੍ਹਵੀਂ ਪਾਸ ਦਾ ਸਰਟੀਫਿਕੇਟ

ਇੰਟਰਮੀਡੀਏਟ ਕੋਰਸ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਨੂੰ ਬਾਰ੍ਹਵੀਂ ਪਾਸ ਦਾ ਸਰਟੀਫਿਕੇਟ ਮਿਲਦਾ ਹੈ, ਜਿਵੇਂ ਬਾਰ੍ਹਵੀਂ ਆਰਟਸ, ਕਾਮਰਸ, ਸਾਇੰਸ ਅਤੇ ਵੋਕੇਸ਼ਨਲ। ਆਰਟਸ ਵਾਲੇ ਵਿਦਿਆਰਥੀ ਅੱਗੇ ਜਾ ਕੇ ਬੀਏ ’ਚ ਦਾਖ਼ਲਾ ਲੈ ਸਕਦੇ ਹਨ। ਇਸੇ ਤਰ੍ਹਾਂ ਕਾਮਰਸ ਵਾਲੇ ਵਿਦਿਆਰਥੀ ਬੀਕਾਮ, ਬੀਬੀਏ ਆਦਿ ’ਚ ਗ੍ਰੈਜੂਏਸ਼ਨ ਕਰ ਸਕਦੇ ਹਨ। ਸਾਇੰਸ ਪਾਸ ਵਿਦਿਆਰਥੀ ਬੀਐੱਸਸੀ, ਇੰਜੀਨੀਅਰਿੰਗ ਡਿਪਲੋਮਾ, ਬੀਟੈੱਕ ਆਦਿ ਕਰ ਸਕਦੇ ਹਨ। ਇਸੇ ਤਰ੍ਹਾਂ ਵੋਕੇਸ਼ਨਲ ਪਾਸ ਵਿਦਿਆਰਥੀ ਬੀਏ, ਬੀਕਾਮ, ਇੰਜੀਨੀਅਰਿੰਗ ਡਿਪਲੋਮਾ ਆਦਿ ਕਰ ਸਕਦੇ ਹਨ। ਇਸ ਦੇ ਨਾਲ ਹੀ ਵੋਕੇਸ਼ਨਲ ਪਾਸ ਵਿਦਿਆਰਥੀ ਸਵੈ-ਰੁਜ਼ਗਾਰ ਵੀ ਕਰ ਸਕਦੇ ਹਨ।

ਪੈਰਾ-ਮੈਡੀਕਲ ਕੋਰਸ

ਵਿਦਿਆਰਥੀ ਦਸਵੀਂ ਪਾਸ ਕਰਨ ਤੋਂ ਬਾਅਦ ਪੈਰਾ ਮੈਡੀਕਲ ਕੋਰਸ ’ਚ ਵੀ ਦਾਖ਼ਲਾ ਲੈ ਸਕਦਾ ਹੈ। ਇਹ ਕੋਰਸ ਤਿੰਨ ਸਾਲ ਦਾ ਹੁੰਦਾ ਹੈ। ਇਹ ਕੋਰਸ ਅੱਗਿਓਂ ਕਈ ਹਿੱਸਿਆਂ ’ਚ ਵੰਡੇ ਹੁੰਦੇ ਹਨ। ਵਿਦਿਆਰਥੀ ਆਪਣੀ ਰੁਚੀ ਮੁਤਾਬਿਕ ਕਿਸੇ ਵੀ ਵਿਸ਼ੇ ’ਚ ਦਾਖ਼ਲਾ ਲੈ ਸਕਦਾ ਹੈ। ਪੈਰਾ-ਮੈਡੀਕਲ ਕੋਰਸ ਕੁਝ ਇਸ ਤਰ੍ਹਾਂ ਹਨ:

ਡਿਪਲੋਮਾ ਇਨ ਮੈਡੀਕਲ ਲੈਬੋਰਟਰੀ ਤਕਨਾਲੋਜੀ।

ਡਿਪਲੋਮਾ ਇਨ ਹੋਸਪਿਟਲ ਫੂਡ ਸਰਵਿਸ ਮੈਨੇਜਮੈਂਟ।

ਹੈਲਥ ਇੰਸਪੈਕਟਰ।

ਹੈਲਥ ਸੈਨੇਟਰੀ ਇੰਸਪੈਕਟਰ।

ਆਈਟੀਆਈ

ਇਹ ਡਿਪਲੋਮਾ ਕੋਰਸ ਹੁੰਦੇ ਹਨ ਅਤੇ ਇਨ੍ਹਾਂ ਦੀ ਮਿਆਦ ਦੋ ਸਾਲ ਦੀ ਹੁੰਦੀ ਹੈ। ਇਸ ’ਚ ਵੀ ਵਿਦਿਆਰਥੀ ਲਈ ਉਸ ਦੀ ਰੁਚੀ ਅਨੁਸਾਰ ਬਹੁਤ ਸਾਰੇ ਕੋਰਸ ਮੌਜੂਦ ਹਨ, ਜਿਵੇਂ ਫਿਟਰ, ਪਲੰਬਰ, ਕੰਪਿਊਟਰ ਕੋਰਸ, ਇਲੈਕਟ੍ਰੀਕਲ, ਬਿਊਟੀਸ਼ੀਅਨ, ਕੁਕਿੰਗ, ਸਿਲਾਈ-ਕਢਾਈ, ਸਰਵੇਅਰ, ਰੇਡੀਓ ਤੇ ਟੀਵੀ ਰਿਪੇਅਰ, ਮੋਟਰ ਵ੍ਹੀਕਲ, ਆਟੋਮੋਬਾਈਲ ਆਦਿ। ਇਹ ਛੋਟੇ ਕੋਰਸ ਵਿਦਿਆਰਥੀ ਨੂੰ ਸਵੈ-ਰੁਜ਼ਗਾਰ ਲਈ ਤਿਆਰ ਕਰਦੇ ਹਨ।

ਛੋਟੀ ਮਿਆਦ ਵਾਲੇ ਕੋਰਸ

ਆਮ ਤੌਰ ’ਤੇ ਇਹ ਸਾਰੇ ਕੋਰਸ ਵੀ ਕਿੱਤਾਮੁਖੀ ਹੁੰਦੇ ਹਨ, ਯਾਨੀ ਇਨ੍ਹਾਂ ਸਾਰੇ ਕੋਰਸਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਹੁੰਦਾ ਹੈ ਕਿ ਇਨ੍ਹਾਂ ਨੂੰ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਸਬੰਧਤ ਕੰਮ ਕਰਨ ਦੇ ਕਾਬਿਲ ਹੋ ਜਾਂਦੇ ਹਨ। ਜਦੋਂ ਉਨ੍ਹਾਂ ਦੀ ਵਿਸ਼ੇ ’ਤੇ ਮੁਹਾਰਤ ਹਾਸਿਲ ਹੋ ਜਾਂਦੀ ਹੈ ਤਾਂ ਬਹੁਤ ਸਾਰੇ ਅਦਾਰਿਆਂ ਵੱਲੋਂ ਉਨ੍ਹਾਂ ਨੂੰ ਨੌਕਰੀ ਲਈ ਨਿਯੁਕਤ ਕੀਤਾ ਜਾਂਦਾ ਹੈ। ਇਹ ਕੋਰਸ ਤਿੰਨ ਤੋਂ ਛੇ ਮਹੀਨੇ ਦੀ ਮਿਆਦ ਦੇ ਹੁੰਦੇ ਹਨ। ਕਿਸੇ ਕੋਰਸ ਦੀ ਮਿਆਦ ਇਕ ਸਾਲ ਤਕ ਵੀ ਹੁੰਦੀ ਹੈ ਪਰ ਕਿਸੇ ਕੋਰਸ ਦੀ ਮਿਆਦ ਸਾਲ ਤੋਂ ਜ਼ਿਆਦਾ ਨਹੀ ਹੁੰਦੀ।

- ਪਰਜਿੰਦਰ ਕੌਰ

Posted By: Harjinder Sodhi