ਸੁਰੇਂਦਰ ਪ੍ਰਸਾਦ ਸਿੰਘ, ਨਵੀਂ ਦਿੱਲੀ : ਖੇਤੀ ਦੇ ਲਿਹਾਜ਼ ਨਾਲ ਪੂਰੇ ਸਾਲ ਰਿਹਾ ਸ਼ਾਨਦਾਰ ਮੌਸਮ ਤੇ ਸਰਕਾਰੀ ਕੋਸ਼ਿਸ਼ਾਂ ਕਾਰਨ ਖੇਤੀ ਖੇਤਰ ਦੀ ਵਿਕਾਸ ਦਰ 'ਚ ਹੋਰ ਸੁਧਾਰ ਹੋਣ ਦਾ ਅਨੁਮਾਨ ਹੈ। ਹਾਲੀਆ ਦਿਨਾਂ 'ਚ ਨਵੰਬਰ ਤੇ ਹੁਣ ਜਨਵਰੀ 'ਚ ਹੋ ਰਹੀ ਬਾਰਿਸ਼ ਨਾਲ ਸ਼ਹਿਰੀ ਆਬਾਦੀ ਭਾਵੇਂ ਠੰਢ ਮਹਿਸੂਸ ਕਰ ਰਹੀ ਹੈ, ਪਰ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਬਾਰਿਸ਼ ਦੀਆਂ ਬੂੰਦਾਂ ਖੇਤਾਂ 'ਚ ਖੜ੍ਹੀਆਂ ਫ਼ਸਲਾਂ ਘਿਓ ਵਾਂਗ ਹਨ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਮਹੀਨਿਆਂ 'ਚ ਹੋਣ ਵਾਲੀ ਬਾਰਿਸ਼ ਨਾਲ ਖੇਤੀ ਦੀ ਲਾਗਤ ਘੱਟ ਜਾਂਦੀ ਹੈ।

ਮੰਗਲਵਾਰ ਨੂੰ ਜਾਰੀ ਕੁਲ ਘਰੇਲੂ ਉਤਪਾਦ (ਜੀਡੀਪੀ) ਦੇ ਪਹਿਲੇ ਐਡਵਾਂਸ ਐਸਟੀਮੇਟ 'ਚ ਖੇਤੀ ਖੇਤਰ ਦੀ ਵਿਕਾਸ ਦਰ ਨੂੰ 2.8 ਫ਼ੀਸਦੀ ਦਾ ਅਨੁਮਾਨ ਲਾਇਆ ਗਿਆ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 0.1 ਫ਼ੀਸਦੀ ਘੱਟ ਹੈ ਜਦਕਿ ਖੇਤੀ ਮੰਤਰਾਲੇ ਦਾ ਕਹਿਣਾ ਹੈ ਕਿ ਖੇਤੀ ਖੇਤਰ 'ਚ ਸਰਕਾਰ ਦੀਆਂ ਕੋਸ਼ਿਸ਼ਾਂ ਤੇ ਪੂਰੇ ਸਾਲ ਮੌਸਮ ਦੀ ਬਿਹਤਰ ਚਾਲ ਨਾਲ ਇਸ ਦੇ ਪ੍ਰਦਰਸ਼ਨ 'ਚ ਸ਼ਾਨਦਾਰ ਸੁਧਾਰ ਹੋਣ ਦਾ ਅਨੁਮਾਨ ਹੈ।

ਕੇਂਦਰੀ ਖੇਤੀ ਕਮਿਸ਼ਨਰ ਸੁਰੇਸ਼ ਮਲਹੋਤਰਾ ਦਾ ਕਹਿਣਾ ਹੈ ਕਿ ਚਾਲੂ ਫ਼ਸਲ ਸਾਲ 'ਚ ਮੌਨਸੂਨ ਦੇ ਦੇਰ ਤਕ ਸਰਗਰਮ ਰਹਿਣ ਕਾਰਨ ਮਿੱਟੀ 'ਚ ਕਾਫ਼ੀ ਨਮੀ ਹੈ। ਇਸ ਨਾਲ ਹਾੜ੍ਹੀ ਦੀਆਂ ਫ਼ਸਲਾਂ ਦੇ ਬਿਜਾਈ ਰਕਬੇ ਵਿਚ ਵਿਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਖ਼ੁਰਾਕੀ ਅਨਾਜ ਦੀ ਕੁਲ ਪੈਦਾਵਾਰ ਵੀ ਬਹੁਤ ਵਧੇਗੀ। ਇਸ ਤੋਂ ਸਪਸ਼ਟ ਹੈ ਕਿ ਖੇਤੀ ਖੇਤਰ ਦੀ ਵਿਕਾਸ ਦਰ 'ਚ ਸੁਧਾਰ ਹੋਣਾ ਤੈਅ ਹੈ।

ਤਾਜ਼ਾ ਅੰਕੜਿਆਂ ਮੁਤਾਬਕ ਬਿਜਾਈ ਦਾ ਰਕਬਾ ਛੇ ਕਰੋੜ ਹੈਕਟੇਅਰ ਸੀ। ਇਸ ਵਿਚ ਹਾਲੇ ਹੋਰ ਵਾਧਾ ਹੋਵੇਗਾ। ਕਣਕ ਦਾ ਬਿਜਾਈ ਰਕਬਾ 3.16 ਕਰੋੜ ਹੈਕਟੇਅਰ ਹੋ ਚੁੱਕਾ ਹੈ, ਜਿਹੜਾ ਪਿਛਲੇ ਸਾਲ ਸਿਰਫ਼ 2.86 ਕਰੋੜ ਹੈਕਟੇਅਰ ਸੀ। ਅਗੇਤੇ ਗੰਨੇ ਤੇ ਆਲੂ ਤੋਂ ਖ਼ਾਲੀ ਹੋਣ ਵਾਲੇ ਖੇਤਾਂ 'ਚ ਪਛੇਤੀ ਕਣਕ ਦੀ ਬਿਜਾਈ ਹਾਲੇ ਜਾਰੀ ਹੈ। ਦਾਲਾਂ ਦੀਆਂ ਫ਼ਸਲਾਂ ਦਾ ਰਕਬਾ ਪਿਛਲੇ ਸਾਲ ਦੇ ਮੁਕਾਬਲੇ 60 ਹਜ਼ਾਰ ਹੈਕਟੇਅਰ ਜ਼ਿਆਦਾ ਹੋ ਚੁੱਕਾ ਹੈ। ਇਸ ਵਿਚ ਛੋਲਿਆਂ ਦਾ ਬਿਜਾਈ ਰਕਬਾ 98 ਲੱਖ ਹੈਕਟੇਅਰ ਸੀ। ਹਾਲਾਂਕਿ ਸਰ੍ਹੋਂ ਵਰਗੀ ਪ੍ਰਮੁੱਖ ਤੇਲਾਂ ਦੀ ਖੇਤੀ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਗੈਰਸਿੰਚਿਤ ਖੇਤਰਾਂ ਦੀ ਮਿੱਟੀ 'ਚ ਵਧੀ ਨਮੀ ਦਾ ਫ਼ਾਇਦਾ ਹਾੜ੍ਹੀ ਦੀ ਖੇਤੀ ਲਈ ਮੁਫ਼ੀਦ ਸਾਬਿਤ ਹੋਇਆ ਹੈ।

ਕਣਕ ਤੇ ਜੌਂ ਖੋਜ ਡਾਇਰੈਕਟੋਰੇਟ ਦੇ ਡਾਇਰੈਕਟਰ ਜੀਪੀ ਸਿੰਘ ਨੇ ਪਿਛਲੇ ਸਾਲ ਨਵੰਬਰ ਤੇ ਹੁਣ ਇਨ੍ਹਾਂ ਦਿਨਾਂ 'ਚ ਹੋ ਰਹੀ ਬਾਰਿਸ਼ ਬਾਰੇ ਕਿਹਾ, 'ਇਨ੍ਹਾਂ ਦਿਨਾਂ ਦੀ ਬਾਰਿਸ਼ ਖੇਤਾਂ 'ਚ ਖੜ੍ਹੀਆਂ ਹਾੜ੍ਹੀ ਦੀਆਂ ਫ਼ਸਲਾਂ ਲਈ ਘਿਓ ਵਾਂਗ ਹੈ। ਇਸ ਨਾਲ ਕਣਕ, ਦਾਲਾਂ ਤੇ ਤੇਲਾਂ ਦੀਆਂ ਫ਼ਸਲਾਂ ਦੀ ਸਿੰਚਾਈ ਦਾ ਪੈਸਾ ਬਚਿਆ ਹੈ।' ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਦੇ ਗੈਰਸਿੰਚਿਤ ਖੇਤਰਾਂ 'ਚ ਹਾੜ੍ਹੀ ਦੀਆਂ ਫ਼ਸਲਾਂ ਦੀ ਪੈਦਾਵਾਰ 'ਚ ਵਾਧਾ ਹੋ ਜਾਵੇਗਾ।

ਇਸ ਵਾਰੀ ਕਣਕ ਦੀ ਪੈਦਾਵਾਰ ਵੀ ਵਧੇਗੀ, ਜਿਸ ਨਾਲ ਕੁਲ ਪੈਦਾਵਾਰ 11 ਕਰੋੜ ਟਨ ਦੇ ਰਿਕਾਰਡ ਪੱਧਰ ਨੂੰ ਛੂਹ ਸਕਦੀ ਹੈ। ਇਹ ਪਿਛਲੇ ਸਾਲ ਦੀ ਕਣਕ ਪੈਦਾਵਾਰ 10 ਕਰੋੜ ਟਨ ਤੋਂ ਲਗਪਗ ਇਕ ਕਰੋੜ ਟਨ ਜ਼ਿਆਦਾ ਹੋਵੇਗੀ।