ਅਜੋਕੀ ਜੀਵਨਸ਼ੈਲੀ 'ਚ ਸ਼ੂਗਰ, ਚਮੜੀ, ਪੇਟ ਸਬੰਧੀ ਰੋਗ, ਖ਼ੂਨ ਦਾ ਦਬਾਅ ਵਧਣ ਵਰਗੀਆਂ ਕਈ ਬਿਮਾਰੀਆਂ ਇਨਸਾਨ 'ਤੇ ਭਾਰੂ ਹੋ ਰਹੀਆਂ ਹਨ। ਇਸ ਦਾ ਮੁੱਖ ਕਾਰਨ ਬਿਨਾਂ ਸੋਚੇ-ਸਮਝੇ ਖਾਣਾ-ਪੀਣਾ ਤੇ ਸਿਹਤ ਪ੍ਰਤੀ ਲਾਪਰਵਾਹੀ ਹੈ। ਖ਼ੁਰਾਕੀ ਪਦਾਰਥਾਂ ਵਿਚ ਸਿਹਤ ਲਈ ਲੋੜੀਂਦੇ ਤੱਤਾਂ ਬਾਰੇ ਜਾਣਕਾਰੀ ਦੀ ਘਾਟ ਇਨ੍ਹਾਂ ਬਿਮਾਰੀਆਂ ਦਾ ਮੁੱਖ ਕਾਰਨ ਹੈ।

ਖਾਣਯੋਗ ਪਦਾਰਥਾਂ ਵਿਚੋਂ ਅਸੀਂ ਚੀਨੀ ਜਾਂ ਖੰਡ ਕਾਰਨ ਸਰੀਰ ਨੂੰ ਪੁੱਜਣ ਵਾਲੇ ਨੁਕਸਾਨ ਤੋਂ ਅਨਜਾਣ ਹਾਂ। ਇਸੇ ਲਈ ਚੀਨੀ ਨੂੰ 'ਮਿੱਠਾ ਜ਼ਹਿਰ' ਜਾਂ 'ਸਫ਼ੈਦ ਜ਼ਹਿਰ' ਵੀ ਕਿਹਾ ਜਾ ਸਕਦਾ ਹੈ। ਇਹ ਸਰੀਰ ਦੇ ਜ਼ਰੂਰੀ ਅੰਗਾਂ ਹੱਡੀਆਂ, ਦਿਲ, ਦਿਮਾਗ਼ ਆਦਿ ਦੀ ਕਿਰਿਆ ਨੂੰ ਪ੍ਰਭਾਵਿਤ ਕਰਦੀ ਹੈ। ਚੀਨੀ ਨੂੰ ਚਮਕਦਾਰ ਬਣਾਉਣ ਲਈ ਇਸ 'ਚ ਸਲਫਰ ਡਾਈਆਕਸਾਈਡ, ਫਾਸਫੋਰਿਕ ਐਸਿਡ, ਕੈਲਸ਼ੀਅਮ ਐਕਟੀਵੇਟਿਡ ਕਾਰਬਨ ਆਦਿ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਮਗਰੋਂ ਤੇਜ਼ ਤਾਪਮਾਨ 'ਚ ਗਰਮ ਕਰ ਕੇ ਠੰਢੀ ਹਵਾ 'ਚ ਸੁਕਾਇਆ ਜਾਂਦਾ ਹੈ। ਇਸ ਪ੍ਰੀਕਿਰਿਆ 'ਚ ਇਸ ਵਿਚਲੇ ਪੌਸ਼ਟਿਕ ਤੱਤ ਖਣਿਜ, ਪ੍ਰੋਟੀਨ, ਵਿਟਾਮਿਨ ਖ਼ਤਮ ਹੋ ਜਾਂਦੇ ਹਨ। ਕੁਦਰਤ ਨੇ ਬਹੁਤ ਸਾਰੇ ਅਹਿਮ ਗੁਣਾਂ ਵਾਲੇ ਬੂਟੇ ਆਪਣੀ ਬੁੱਕਲ ਵਿਚ ਸਮੇਟੇ ਹੋਏ ਹਨ। ਸਟੀਵੀਆ ਵੀ ਅਜਿਹਾ ਹੀ ਇਕ ਗੁਣਕਾਰੀ ਬੂਟਾ ਹੈ।

ਗੁਣ

ਸਟੀਵੀਆ ਨੂੰ ਮਿੱਠੀ ਤੁਲਸੀ, ਕੇਂਡੀ ਲੀਫ, ਮਧੂ ਪੱਤਰ, ਸਟੀਵੀਆ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਸਟੀਵੀਆ ਵਿਚ ਚੀਨੀ ਨਾਲੋਂ 300 ਗੁਣਾਂ ਜ਼ਿਆਦਾ ਮਿਠਾਸ ਹੁੰਦੀ ਹੈ। ਇਹ ਮਿਠਾਸ ਮੁੱਖ ਤੌਰ 'ਤੇ ਇਸ ਦੇ ਪੱਤਿਆਂ ਵਿਚ ਹੁੰਦੀ ਹੈ। ਬਹੁਤ ਸਾਰੀਆਂ ਕੰਪਨੀਆਂ ਆਪਣੇ ਉਤਪਾਦਾਂ ਵਿਚ ਚੀਨੀ ਦੀ ਥਾਂ ਸਟੀਵੀਆ ਦੀ ਵਰਤੋਂ ਕਰਦੀਆਂ ਹਨ, ਕਿਉਂਕਿ ਇਸ 'ਚ ਕੈਲੋਰੀ ਜ਼ੀਰੋ ਫ਼ੀਸਦੀ ਹੁੰਦੀ ਹੈ। ਕਈ ਦੇਸ਼ਾਂ 'ਚ ਇਸ ਨੂੰ ਮਿੱਠੇ ਦੇ ਬਦਲ ਵਜੋਂ ਵਰਤਿਆ ਜਾਂਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਮਿੱਠੇ ਦਾ ਇਹ ਬਿਹਤਰ ਬਦਲ ਹੈ। ਇਸ ਦੇ ਸੇਵਨ ਨਾਲ ਸ਼ੂਗਰ ਕਾਬੂ 'ਚ ਰਹਿੰਦੀ ਹੈ। ਗੈਸ, ਤੇਜ਼ਾਬ, ਮੋਟਾਪਾ, ਚਮੜੀ ਆਦਿ ਰੋਗਾਂ 'ਚ ਇਹ ਅੰਮ੍ਰਿਤ ਸਾਮਾਨ ਕੰਮ ਕਰਦਾ ਹੈ। ਇਹ ਐਂਟੀਆਕਸੀਡੈਂਟ, ਫਾਈਬਰ, ਪ੍ਰੋਟੀਨ, ਲੋਹਾ, ਪੋਟਾਸ਼ੀਅਮ, ਮੈਗਨੀਸ਼ੀਅਮ, ਸੋਡੀਅਮ, ਵਿਟਾਮਿਨ-ਏ ਅਤੇ ਵਿਟਾਮਿਨ-ਸੀ ਨਾਲ ਭਰਪੂਰ ਹੈ।

ਖੇਤੀ

ਭਾਰਤ ਵਿਚ ਇਸ ਪੌਦੇ ਦੇ ਗੁਣਾਂ ਬਾਰੇ ਜਾਗਰੂਕਤਾ ਵਧਣ ਨਾਲ ਲੋਕਾਂ ਦੀ ਇਸ ਨੂੰ ਉਗਾਉਣ 'ਚ ਰੁਚੀ ਵਧੀ ਹੈ। ਪੰਜਾਬ ਦੀ ਕਿਰਸਾਨੀ ਅੱਜ ਜਿਸ ਦੌਰ 'ਚੋਂ ਲੰਘ ਰਹੀ ਹੈ, ਅਜਿਹੇ ਦੌਰ ਵਿਚ ਉਹ ਛੋਟੇ ਪੱਧਰ 'ਤੇ ਇਸ ਦੀ ਖੇਤੀ ਸ਼ੁਰੂ ਕਰ ਸਕਦੇ ਹਨ ਪਰ ਇਸ ਦੇ ਲਈ ਉਨ੍ਹਾਂ ਨੂੰ ਇਸ ਦੀ ਮਾਰਕੀਟਿੰਗ ਬਾਰੇ ਪਹਿਲਾਂ ਹੀ ਦਵਾਈ ਨਿਰਮਾਤਾ ਜਾਂ ਸਟੀਵੀਆ ਤੋਂ ਚੀਨੀ ਬਣਾਉਣ ਵਾਲੀਆਂ ਕੰਪਨੀਆਂ ਨਾਲ ਕੰਟਰੈਕਟ ਜ਼ਰੂਰ ਕਰ ਲੈਣਾ ਚਾਹੀਦਾ ਹੈ। ਜੇ ਇਕ ਵਾਰ ਸਟੀਵੀਆ ਦੀ ਖੇਤੀ ਕੀਤੀ ਜਾਵੇ ਤਾਂ ਇਸ ਦੀ ਫ਼ਸਲ ਪੰਜ ਸਾਲ ਤਕ ਮੁਨਾਫ਼ਾ ਦਿੰਦੀ ਹੈ। ਹਰ ਤਿੰਨ ਮਹੀਨੇ ਬਾਅਦ ਇਸ ਦੀ ਕਟਾਈ ਹੁੰਦੀ ਹੈ।

ਬਰਸੀਮ ਵਾਂਗ ਇਸ ਨੂੰ ਜੜ੍ਹ ਤੋਂ ਥੋੜ੍ਹਾ ਉੱਪਰੋਂ ਕੱਟਿਆ ਜਾਂਦਾ ਹੈ। ਇਕ ਵਾਰ ਕੱਟਣ ਤੋਂ ਬਾਅਦ ਤਿੰਨ ਮਹਾਨੇ ਬਾਅਦ ਇਹ ਫਿਰ ਹਰੀ ਹੋ ਜਾਂਦੀ ਹੈ। ਹਰ ਤਿੰਨ ਮਹੀਨੇ ਬਾਅਦ ਇਸ ਦੀ ਫ਼ਸਲ ਲਈ ਜਾ ਸਕਦੀ ਹੈ। ਇਕ ਕਟਾਈ 'ਚੋਂ ਇਸ ਦੇ ਸੁੱਕੇ ਪੱਤੇ 400 ਤੋਂ 500 ਕਿੱਲੋ ਪ੍ਰਤੀ ਏਕੜ ਅਤੇ ਤੀਜੀ ਕਟਾਈ 'ਚੋਂ 1500 ਕਿੱਲੋ ਪੱਤੇ ਪ੍ਰਤੀ ਏਕੜ ਲਏ ਜਾ ਸਕਦੇ ਹਨ। ਇਸ ਦੇ ਸੁੱਕੇ ਪੱਤਿਆਂ ਦਾ ਭਾਅ ਲਗਪਗ 120 ਰੁਪਏ ਪ੍ਰਤੀ ਕਿੱਲੋ ਹੈ। ਟਾਹਣੀਆਂ ਦਾ ਟੋਕਾ ਕਰ ਕੇ ਪਸ਼ੂਆਂ ਨੂੰ ਪਾਇਆ ਜਾ ਸਕਦਾ ਹੈ, ਜਿਸ ਨਾਲ ਦੁੱਧ ਉਤਪਾਦਨ ਚ' ਵਾਧਾ ਹੁੰਦਾ ਹੈ। ਕਿਸਾਨਾਂ ਨੂੰ ਪਹਿਲਾਂ ਥੋੜ੍ਹੀ ਜਿਹੀ ਖੇਤੀ ਕਰ ਕੇ ਇਸ ਫ਼ਸਲ ਦਾ ਤਜਰਬਾ ਕਰਨਾ ਚਾਹੀਦਾ ਹੈ। ਤਜਰਬਾ ਸਫਲ ਹੋਣ 'ਤੇ ਅਗਲੀ ਵਾਰ ਇਸ ਦੀ ਖੇਤੀ 'ਚ ਵਾਧਾ ਕਰਨਾ ਚਾਹੀਦਾ ਹੈ।

ਵਾਤਾਵਰਨ ਪੱਖੀ ਪੌਦਾ

ਜ਼ਮੀਨ 'ਚੋਂ ਇਹ ਬਹੁਤ ਘੱਟ ਖ਼ੁਰਾਕ ਲੈਂਦਾ ਹੈ ਜਿਸ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਕਾਇਮ ਰਹਿੰਦੀ ਹੈ। ਪਾਣੀ ਦੀ ਲੋੜ 5 ਤੋਂ 7 ਫ਼ੀਸਦੀ ਤਕ ਹੁੰਦੀ ਹੈ। ਇਸ ਲਈ ਇਹ ਪਾਣੀ ਦੀ ਸੁਚੱਜੀ ਵਰਤੋਂ ਤੇ ਵਾਤਾਵਰਨ ਲਈ ਵੀ ਕਾਰਗਰ ਹੈ। ਪਾਣੀ ਇਸ ਦੀਆਂ ਜੜ੍ਹਾਂ ਨੂੰ ਲਗਾਉਣਾ ਚਾਹੀਦਾ ਹੈ, ਬੂਟੇ ਦੇ ਉੱਪਰ ਪਾਣੀ ਪਾਉਣ ਨਾਲ ਇਸ ਦੇ ਪੱਤੇ ਕਾਲੇ ਹੋ ਜਾਂਦੇ ਹਨ। ਇਸ ਨੂੰ ਘਰ ਦੀ ਬਗ਼ੀਚੀ 'ਚ ਵੀ ਲਾਇਆ ਜਾ ਸਕਦਾ ਹੈ ਤੇ ਖੇਤੀ 'ਚ ਵੀ ਅਜਮਾਇਆ ਜਾ ਸਕਦਾ ਹੈ।

J ਵੈਦ ਬੀਕੇ ਸਿੰਘ

98726-10005

Posted By: Harjinder Sodhi