ਨਈ ਦੁਨੀਆ, ਨਵੀਂ ਦਿੱਲੀ : ਦੇਸ਼ ਦੇ ਆਰਥਿਕ ਤੌਰ 'ਤੇ ਕਮਜ਼ੋਰ ਕਿਸਾਨਾਂ ਨੂੰ ਰਾਹਤ ਰਾਸ਼ੀ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Scheme) ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਤਹਿਤ ਹੁਣ ਤਕ 9 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ। ਇਸ ਯੋਜਨਾ ਤਹਿਤ ਕੇਂਦਰ ਵੱਲੋਂ ਹਰੇਕ ਲਾਭਪਾਤਰੀ ਕਿਸਾਨ ਲਈ ਸਾਲਾਨਾ 6000 ਰੁਪਏ ਦੀ ਰਕਮ ਸਿੱਧੇ ਬੈਂਕ ਖਾਤੇ 'ਚ ਜਮ੍ਹਾਂ ਕਰਵਾਈ ਜਾਂਦੀ ਹੈ। ਇਹ ਰਕਮ ਤਿੰਨ ਕਿਸ਼ਤਾਂ 'ਚ ਜਮ੍ਹਾਂ ਹੁੰਦੀ ਹੈ। ਇਸ ਵਾਰ ਲਾਕਡਾਊਨ ਕਾਰਨ ਕਿਸਾਨਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਅਪ੍ਰੈਲ ਮਹੀਨੇ ਹੀ ਪਹਿਲੀ ਕਿਸ਼ਤ ਦੇ ਦਿੱਤੀ। ਇਹ ਰਕਮ 9.59 ਕਰੋੜ ਕਿਸਾਨਾਂ ਦੇ ਬੈਂਕ ਖਾਤੇ 'ਚ ਜਮ੍ਹਾਂ ਹੋ ਚੁੱਕੀ ਹੈ। ਸਰਕਾਰ ਦਾ ਟੀਚਾ ਇਸ ਯੋਜਨਾ ਤਹਿਤ ਦੇਸ਼ ਦੇ 14.5 ਕਰੋੜ ਆਰਥਿਕ ਤੌਰ 'ਤੇ ਕਮਜ਼ੋਰ ਕਿਸਾਨਾਂ ਨੂੰ ਲਾਭ ਪਹੁੰਚਾਉਣਾ ਹੈ।

9.59 ਕਰੋੜ ਕਿਸਾਨਾਂ ਨੂੰ ਮਿਲਿਆ ਫਾਇਦਾ

ਪੀਐੱਮ ਕਿਸਾਨ ਸਨਮਾਨ ਨਿਧੀ ਤਹਿਤ ਮੋਦੀ ਸਰਕਾਰ ਨੇ ਪਹਿਲੀ ਕਿਸ਼ਤ ਦੀ 2000 ਰੁਪਏ ਦੀ ਰਕਮ ਦੇਸ਼ ਦੇ 9 ਕਰੋੜ 59 ਲੱਖ 35 ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਦੇ ਖਾਤੇ 'ਚ ਜਮ੍ਹਾਂ ਕਰਵਾ ਦਿੱਤੀ ਹੈ। ਹਰ ਸਾਲ ਸਰਕਾਰ ਵੱਲੋਂ 6000 ਰੁਪਏ ਦੀ ਸਾਲਾਨਾ ਰਕਮ ਕਿਸਾਨਾਂ ਦੇ ਖਾਤੇ "ਚ ਜਮ੍ਹਾਂ ਕੀਤੀ ਜਾਂਦੀ ਹੈ। ਦੇਸ਼ ਦੇ ਲਗਪਗ 5 ਕਰੋੜ ਕਿਸਾਨ ਹਾਲੇ ਵੀ ਇਸ ਯੋਜਨਾ ਤੋਂ ਵਾਂਝੇ ਹਨ।

ਸਕੀਮ ਲਈ ਇੰਝ ਕਰਵਾਓ ਆਨਲਾਈਨ ਰਜਿਸਟ੍ਰੇਸ਼ਨ

-ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਅਧਿਕਾਰਤ ਵੈੱਬਸਾਈਟ ਲਾਂਚ ਕੀਤੀ ਗਈ ਹੈ ਜਿਸ 'ਤੇ ਜਾ ਕੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਸਭ ਤੋਂ ਪਹਿਲਾਂ https://www.pmkisan.gov.in/ 'ਤੇ ਜਾਓ।

-ਹੋਮ ਪੇਜ 'ਤੇ ਦਿੱਤੀਆਂ ਆਪਸ਼ਨਾਂ 'ਚੋਂ Farmer Corner ਆਪਸ਼ਨ 'ਤੇ ਕਲਿੱਕ ਕਰੋ।

- ਇੱਥੇ ਦਿੱਤੇ ਗਏ ਬਦਲਾਂ 'ਚੋਂ New Farmers Registration ਦਾ ਬਦਲ ਚੁਣੋ।

- ਨਵਾਂ ਪੇਜ ਖੁੱਲ੍ਹਣ ਤੋਂ ਬਾਅਦ ਆਧਾਰ ਨੰਬਰ ਦੀ ਜਾਣਕਾਰੀ ਦਰਜ ਕਰੋ, ਇਸ ਤੋਂ ਬਾਅਦ ਕੈਪਚਾ ਕੋਡ ਦਰਜ ਕਰੋ।

-- ਡਿਟੇਲ ਪਹਿਲਾਂ ਤੋਂ ਦਰਜ ਨਹੀਂ ਸੀ, ਇਸ ਲਈ Record Not Found ਲਿਖਿਆ ਆਵੇਗਾ। ਹੇਠਾਂ New Farmers Registration ਦਾ ਬਦਲ ਹੋਵੇਗਾ, ਉਸ 'ਤੇ ਕਲਿੱਕ ਕਰੋ।

- ਰਜਿਸਟ੍ਰੇਸ਼ਨ ਫਾਰਮ ਆਉਣ ਤੋਂ ਬਾਅਦ ਉਸ ਵਿਚ ਆਪਣੇ ਸੂਬੇ, ਜ਼ਿਲ੍ਹੇ, ਬਲਾਕ, ਪਿੰਡ ਦਾ ਨਾਂ, ਵਰਗ, ਖੇਤੀ ਰਕਬਾ, ਬੈਂਕ ਸਮੇਤ ਸਾਰੀ ਜ਼ਰੂਰੀ ਜਾਣਕਾਰੀ ਭਰੋ।

- ਪੂਰਾ ਫਾਰਮ ਭਰਨ ਤੋਂ ਬਾਅਦ ਇਸ ਦੀ ਪੁਸ਼ਟੀ ਕਰਨ ਲਈ ਜਾਣਕਾਰੀ ਦੁਬਾਰਾ ਚੈੱਕ ਕਰੋ ਤੇ ਫਿਰ ਸੇਵ ਦੇ ਬਟਨ 'ਤੇ ਕਲਿੱਕ ਕਰੋ।

- ਇਹ ਕੰਮ ਪੂਰਾ ਕਰਨ 'ਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਹੋ ਜਾਵੇਗੀ। ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਠੀਕ ਪਾਈ ਗਈ ਤਾਂ ਮੈਸੇਜ ਜ਼ਰੀਏ ਇਸ ਦੀ ਪੁਸ਼ਟੀ ਹੋਵੇਗੀ।

ਯੋਜਨਾ 'ਚ ਆਪਣਾ ਸਟੇਟਸ ਕਰੋ ਚੈੱਕ

ਪੀਐੱਮ ਕਿਸਾਨ ਯੋਜਨਾ ਤਹਿਤ ਅਪਲਾਈ ਕਰਨ ਤੋਂ ਬਾਅਦ ਰਜਿਸਟ੍ਰੇਸ਼ਨ ਹੋਈ ਜਾਂ ਨਹੀਂ, ਇਸ ਤੋਂ ਇਲਾਵਾ ਬੈਂਕ ਖਾਤੇ 'ਚ ਪੈਸਾ ਆਇਆ ਜਾਂ ਨਹੀਂ ਇਹ ਜਾਣਨਾ ਕਾਫ਼ੀ ਆਸਾਨ ਹੈ। ਇਸ ਦੇ ਲਈ ਪੀਐੱਮ ਕਿਸਾਨ ਪੋਰਟਲ 'ਤੇ ਜਾ ਕੇ ਆਪਣਾ ਆਧਾਰ ਨੰਬਰ ਮੋਬਾਈਲ ਤੇ ਬੈਂਕ ਖਾਤਾ ਨੰਬਰ ਦਰਜ ਕਰ ਕੇ ਇਸ ਦੇ ਸਟੇਟਸ ਦੀ ਜਾਣਕਾਰੀ ਲਈ ਜਾ ਸਕਦੀ ਹੈ।

Posted By: Rajnish Kaur