ਪੰਜਾਬ 'ਚ ਨਿੰਬੂ-ਜਾਤੀ ਦੇ ਫਲਾਂ ਹੇਠ 57,288 ਹੈਕਟੇਅਰ ਰਕਬਾ ਹੈ, ਜਿਸ ਤੋਂ 12,81,632 ਮੀਟਰਕ ਟਨ ਪੈਦਾਵਾਰ ਹੁੰਦੀ ਹੈ। ਨਿੰਬੂ-ਜਾਤੀ ਦੇ ਫਲਾਂ 'ਚੋਂ ਕਿੰਨੂ ਹੇਠ 53,045 ਹੈਕਟੇਅਰ ਰਕਬਾ ਹੈ ਤੇ ਪੈਦਾਵਾਰ 12,46,821 ਮੀਟਰਕ ਟਨ ਹੈ। ਨਿੰਬੂ-ਜਾਤੀ ਦੇ ਬੂਟਿਆਂ ਦੀ ਕਾਸ਼ਤ 'ਚ ਕਈ ਮੁਸ਼ਕਲਾਂ ਆਉਂਦੀਆਂ ਹਨ, ਜਿਨ੍ਹਾਂ ਵਿੱਚੋਂ ਗੂੰਦੀਆਂ ਰੋਗ ਤੇ ਜੜ੍ਹਾਂ ਦਾ ਗਾਲ਼ਾ ਗੰਭੀਰ ਸਮੱਸਿਆ ਹੈ। ਬਿਮਾਰੀ ਨਾਲ ਬੂਟਿਆਂ ਦੀ ਉਮਰ ਘਟ ਜਾਂਦੀ ਹੈ ਅਤੇ ਫਲਾਂ ਦੀ ਗੁਣਵੱਤਾ ਤੇ ਪੈਦਾਵਾਰ 'ਤੇ ਵੀ ਮਾੜਾ ਅਸਰ ਪੈਂਦਾ ਹੈ।

ਬਿਮਾਰੀ ਲਈ ਢੁੱਕਵੇਂ ਹਾਲਾਤ

ਗੂੰਦੀਆ ਤੇ ਜੜ੍ਹਾਂ ਦੇ ਗਾਲ਼ੇ ਦਾ ਰੋਗ ਭਾਰੀਆਂ ਤੇ ਸੇਮ ਵਾਲੀਆਂ ਜ਼ਮੀਨਾਂ 'ਚ ਜ਼ਿਆਦਾ ਨੁਕਸਾਨ ਕਰਦਾ ਹੈ। ਪਿਉਂਦੀ ਅੱਖ ਜ਼ਮੀਨ 'ਚ ਡੂੰਘੀ ਦੱਬੀ ਹੋਵੇ, ਬਿਮਾਰੀ ਵਾਲੇ ਬੂਟੇ ਬਾਗ਼ 'ਚ ਲਗਾਏ ਹੋਣ, ਵਧੇਰੇ ਸਿੰਜਾਈ, ਗੋਡੀ ਕਰਦਿਆਂ ਮੁੱਢ ਤੇ ਜੜ੍ਹਾਂ ਦਾ ਜ਼ਖ਼ਮੀ ਹੋਣਾ, ਬੂਟੇ ਦੇ ਤਣੇ ਦੇ ਨੇੜੇ ਰੂੜੀ ਦਾ ਢੇਰ ਲਗਾਉਣਾ, ਬੂਟੇ ਹੇਠ ਨਦੀਨ ਹੋਣੇ ਜਾਂ ਤਣੇ ਦੁਆਲੇ ਜ਼ਿਆਦਾ ਮਿੱਟੀ ਚੜ੍ਹਾਉਣਾ ਆਦਿ ਹਾਲਾਤ ਬਿਮਾਰੀ ਦੇ ਵਾਧੇ ਲਈ ਅਨੁਕੂਲ ਹੁੰਦੇ ਹਨ। 25-28 ਡਿਗਰੀ ਸੈਂਟੀਗਰੇਡ ਤਾਪਮਾਨ 'ਤੇ ਬਿਮਾਰੀ ਵਧੇਰੇ ਫ਼ੈਲਦੀ ਹੈ। ਜੁਲਾਈ-ਅਕਤੂਬਰ ਦੌਰਾਨ ਬਰਸਾਤਾਂ ਕਾਰਨ ਵਾਤਾਵਰਨ 'ਚ ਸਿੱਲ੍ਹ ਵੱਧ ਜਾਂਦੀ ਹੈ। ਅਜਿਹੇ ਹਾਲਾਤ ਵਿਚ ਬੂਟਿਆਂ 'ਤੇ ਬਿਮਾਰੀ ਦਾ ਹਮਲਾ ਤੇਜ਼ੀ ਨਾਲ ਵੱਧਦਾ ਹੈ।

ਬੂਟਿਆਂ 'ਤੇ ਗੂੰਦੀਆ ਰੋਗ ਤੇ ਜੜ੍ਹਾਂ ਦੇ ਗਾਲ਼ੇ ਦੀਆਂ ਨਿਸ਼ਾਨੀਆਂ ਦਾ ਪਤਾ ਹੋਣ 'ਤੇ ਹੀ ਸਮੇਂ ਸਿਰ ਇਲਾਜ ਕਰ ਕੇ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਗੂੰਦੀਆ ਰੋਗ : ਇਹ ਬਿਮਾਰੀ ਉੱਲੀ ਦੇ ਹਮਲੇ ਕਾਰਨ ਹੁੰਦੀ ਹੈ। ਤਣੇ ਦੇ ਪਿਉਂਦ ਵਾਲੇ ਹਿੱਸੇ ਨੇੜਿਉਂ ਗੂੰਦ ਨਿਕਲਣਾ ਇਸ ਬਿਮਾਰੀ ਦੀ ਪਹਿਲੀ ਨਿਸ਼ਾਨੀ ਹੈ। ਇਸੇ ਲਈ ਇਸ ਨੂੰ ਗੂੰਦੀਆ ਰੋਗ ਆਖਦੇ ਹਨ। ਬਿਮਾਰੀ ਵਾਲੇ ਹਿੱਸੇ ਅਤੇ ਨਾਲ ਲਗਦੇ ਤਣੇ ਦੀ ਛਿੱਲ ਭੂਰੀ ਤੋਂ ਕਾਲੀ ਹੋ ਜਾਂਦੀ ਹੈ। ਜਿਵੇਂ-ਜਿਵੇਂ ਜ਼ਖ਼ਮ ਵੱਡੇ ਹੁੰਦੇ ਹਨ, ਛਿੱਲ 'ਚ ਲੰਬੀਆਂ ਤਰੇੜਾਂ ਪੈ ਜਾਂਦੀਆਂ ਹਨ। ਪੱਤੇ ਪੀਲੇ ਪੈ ਜਾਂਦੇ ਹਨ ਤੇ ਉੱਲੀ ਤਣੇ ਦੇ ਚਾਰੇ ਪਾਸੇ ਘੁੰਮ ਜਾਂਦੀ ਹੈ। ਬੂਟੇ ਦਾ ਵਾਧਾ ਰੁਕ ਜਾਂਦਾ ਹੈ ਤੇ ਬੂਟਾ ਮਰਨਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਪ੍ਰਭਾਵਿਤ ਹਿੱਸੇ 'ਚੋਂ ਕਾਲਾ ਤਰਲ ਪਦਾਰਥ ਵੀ ਨਿਕਲਦਾ ਹੈ। ਇਹ ਵੀ ਇਸੇ ਬਿਮਾਰੀ ਦੀ ਮੁੱਖ ਨਿਸ਼ਾਨੀ ਹੈ। ਬਿਮਾਰੀ ਵਾਲੇ ਬੂਟਿਆਂ 'ਤੇ ਬਹੁਤ ਫੁੱਲ ਆਉਂਦੇ ਹਨ, ਜੋ ਫਲ ਬਣਨ ਤੋਂ ਪਹਿਲਾਂ ਹੀ ਝੜ ਜਾਂਦੇ ਹਨ ਤੇ ਬੂਟੇ ਫਲ ਪੱਕਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ।

ਜੜ੍ਹਾਂ ਦਾ ਗਾਲ਼ਾ : ਇਹ ਉੱਲੀ ਬੂਟੇ ਦੀਆਂ ਖ਼ਰਾਕੀ ਜੜ੍ਹਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਤੇ ਬੂਟਿਆਂ ਨੂੰ ਹੌਲੀ-ਹੌਲੀ ਮਾਰਦੀ ਹੈ। ਇਸ ਦੇ ਹਮਲੇ ਨਾਲ ਜੜ੍ਹਾਂ ਦੀ ਬਾਹਰਲੀ ਛਿੱਲ ਨਰਮ ਤੇ ਪਾਣੀ-ਭਿੱਜੀ ਹੋ ਜਾਂਦੀ ਹੈ। ਜੜ੍ਹਾਂ ਦੀ ਛਿੱਲ ਤੇ ਲੱਕੜ ਵਿਚਕਾਰਲੀ ਥਾਂ ਦਾ ਰੰਗ ਬਦਲ ਜਾਂਦਾ ਹੈ। ਛਿੱਲ ਗਲ ਕੇ ਉਤਰ ਜਾਂਦੀ ਹੈ ਤੇ ਜੜ੍ਹਾਂ ਮਰ ਜਾਂਦੀਆਂ ਹਨ। ਇਹ ਨਿਸ਼ਾਨੀਆਂ ਸੋਕੇ ਦੌਰਾਨ ਬੂਟਿਆਂ 'ਤੇ ਸਪਸ਼ਟ ਨਜ਼ਰ ਆਉਂਦੀਆਂ ਹਨ। ਰੋਗੀ ਬੂਟਿਆਂ ਦੇ ਪੱਤਿਆਂ ਦਾ ਪੀਲਾ ਹੋਣਾ ਬਿਮਾਰੀ ਦੀ ਮੁੱਢਲੀ ਨਿਸ਼ਾਨੀ ਹੈ। ਗੰਭੀਰ ਹਾਲਾਤ ਦੌਰਾਨ ਮਰ ਰਹੀਆਂ ਜੜ੍ਹਾਂ ਦੀ ਗਿਣਤੀ ਵੱਧ ਜਾਂਦੀ ਹੈ। ਨਵੀਆਂ ਜੜ੍ਹਾਂ ਖ਼ੁਰਾਕ ਦੀ ਪੂਰਤੀ ਨਹੀਂ ਕਰ ਸਕਦੀਆਂ ਜਿਸ ਕਾਰਨ ਪੱਤਿਆਂ ਦੀ ਗਿਣਤੀ ਘਟ ਜਾਂਦੀ ਹੈ ਤੇ ਟਾਹਣੀਆਂ ਰੋਡੀਆਂ ਹੋ ਜਾਂਦੀਆਂ ਹਨ। ਬੂਟਿਆਂ ਨੂੰ ਭਰਪੂਰ ਫੁੱਲ ਆਉਂਦੇ ਹਨ ਤੇ ਫਲਾਂ ਦੇ ਪੱਕਣ ਤੋਂ ਪਹਿਲਾਂ ਹੀ ਬੂਟੇ ਮਰ ਜਾਂਦੇ ਹਨ।

ਇਲਾਜ

ਬਿਮਾਰੀ ਦੇ ਇਲਾਜ ਲਈ ਜ਼ਰੂਰੀ ਹੈ ਕਿ ਬਿਮਾਰੀ ਵਾਲੇ ਹਿੱਸੇ ਨਾਲ ਥੋੜ੍ਹਾ ਜਿਹਾ ਤੰਦਰੁਸਤ ਹਿੱਸਾ ਵੀ ਖੁਰਚ ਦਿਓ। ਜ਼ਖ਼ਮ ਨੂੰ ਕਿਰਮ ਰਹਿਤ ਘੋਲ ਨਾਲ ਸਾਫ਼ ਕਰੋ। ਉਤਾਰੀ ਗਈ ਰੋਗੀ ਛਿੱਲ ਨੂੰ ਨਸ਼ਟ ਕਰ ਦਿਓ ਤਾਂ ਜੋ ਉੱਲੀ ਜ਼ਮੀਨ 'ਚ ਨਾ ਫੈਲ ਸਕੇ। ਜ਼ਖ਼ਮ 'ਤੇ ਬੋਰਡੋ ਪੇਸਟ ਲਗਾਓ। ਜਦੋਂ ਇਹ ਸੁੱਕ ਜਾਵੇ ਤਾਂ ਬੋਰਡੋ ਪੇਂਟ ਲਗਾਓ। ਇਸ ਤੋਂ ਬਾਅਦ ਬੋਰਡੋ ਮਿਸ਼ਰਣ (2:2:250) ਦਾ ਛਿੜਕਾਅ ਕਰੋ ਜਾਂ ਸਾਫ਼ ਕੀਤੇ ਜ਼ਖ਼ਮਾਂ 'ਤੇ 2 ਗ੍ਰਾਮ ਕਰਜ਼ੈਟ ਐੱਮ-8 ਨੂੰ 100 ਮਿਲੀਲਿਟਰ ਅਲਸੀ ਦੇ ਤੇਲ 'ਚ ਘੋਲ ਕੇ ਸਾਲ 'ਚ ਦੋ ਵਾਰ (ਫਰਵਰੀ-ਮਾਰਚ ਤੇ ਜੁਲਾਈ-ਅਗਸਤ) ਜ਼ਖ਼ਮਾਂ 'ਤੇ ਮਲ ਦਿਓ। ਬਾਅਦ 'ਚ ਇਸੇ ਦਵਾਈ ਦੀ 25 ਗ੍ਰਾਮ ਮਾਤਰਾ ਨੂੰ 10 ਲੀਟਰ ਪਾਣੀ 'ਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਤਣੇ ਦੇ ਚਾਰ ਚੁਫ਼ੇਰੇ ਵਾਲੀ ਮਿੱਟੀ ਨੂੰ ਚੰਗੀ ਤਰ੍ਹਾਂ ਗੜੁੱਚ ਕਰ ਦਿਓ। ਬੂਟਿਆਂ ਦੇ ਮੁੱਢਾਂ ਤੇ ਛਤਰੀ ਹੇਠ ਸੋਡੀਅਮ ਹਾਈਪੋਕਲੋਰਾਈਟ 5 ਫ਼ੀਸਦੀ ਨੂੰ 50 ਮਿਲੀਲੀਟਰ ਪ੍ਰਤੀ ਬੂਟਾ ਦੇ ਹਿਸਾਬ ਨਾਲ 10 ਲੀਟਰ ਪਾਣੀ 'ਚ ਘੋਲ ਕੇ ਫਰਵਰੀ-ਮਾਰਚ ਤੇ ਫਿਰ ਜੁਲਾਈ-ਅਗਸਤ 'ਚ ਚੰਗੀ ਤਰ੍ਹਾਂ ਛਿੜਕਾਅ ਕਰੋ।

ਸਾਵਧਾਨੀਆਂ

ਬਾਗ਼ਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਇਲਾਜ ਤੋਂ ਵਧੀਆ ਢੰਗ ਪਰਹੇਜ਼ ਹੈ। ਬਾਗ਼ ਲਗਾਉਣ ਲਈ ਬੂਟੇ ਰੋਗ ਰਹਿਤ ਤੇ ਪ੍ਰਮਾਣਿਤ ਨਰਸਰੀਆਂ ਤੋਂ ਹੀ ਖ਼ਰੀਦੋ। ਜੇ ਬਾਗ਼ ਦੀ ਜ਼ਮੀਨ ਦਾ ਪੀਐੱਚ ਪੱਧਰ 8 ਤੋਂ ਘੱਟ ਹੋਵੇ ਤਾਂ ਕਿੰਨੂ ਲਈ ਕੈਰੀਜ਼ੋ ਜੜ੍ਹ-ਮੁੱਢ ਵੀ ਵਰਤਿਆ ਜਾ ਸਕਦਾ ਹੈ। ਇਹ ਜੜ੍ਹ-ਮੁੱਢ ਗੂੰਦੀਆ ਰੋਗ ਤੇ ਜੜ੍ਹਾਂ ਦੇ ਗਾਲੇ ਨੂੰ ਰੋਕਣ ਦੇ ਸਮਰੱਥ ਹੈ। ਬੂਟੇ ਲਗਾਉਣ ਸਮੇਂ ਪਿਉਂਦ ਵਾਲੀ ਅੱਖ ਨੂੰ ਜ਼ਮੀਨ ਤੋਂ 9 ਇੰਚ ਉੱਚਾ ਰੱਖੋ। ਬੂਟੇ ਉਸ ਜ਼ਮੀਨ 'ਤੇ ਹੀ ਲਗਾਓ, ਜਿੱਥੇ ਪਾਣੀ ਦੇ ਨਿਕਾਸ ਦਾ ਚੰਗਾ ਪ੍ਰਬੰਧ ਹੋਵੇ। ਜ਼ਮੀਨ ਬਹੁਤੀ ਭਾਰੀ ਨਾ ਹੋਵੇ ਤਾਂ ਚੰਗਾ ਹੈ।

ਬੂਟੇ ਦੀ ਸਿਹਤ ਬਰਕਰਾਰ ਰੱਖੋ। ਖੁੱਲ੍ਹਾ ਪਾਣੀ ਲਗਾਉਣ ਤੋਂ ਗੁਰੇਜ਼ ਕਰੋ ਕਿਉਂਕਿ ਇਹ ਬਿਮਾਰੀ ਪਾਣੀ ਰਾਹੀਂ ਬੜੀ ਤੇਜ਼ ਫੈਲਦੀ ਹੈ। ਸਿੰਜਾਈ ਵਾਲਾ ਪਾਣੀ ਸਿੱਧਾ ਪੌਦੇ ਦੇ ਤਣੇ ਨਾਲ ਨਾ ਲੱਗਣ ਦਿਓ। ਸਿੰਜਾਈ ਸਮੇਂ ਰੋਗੀ ਬੂਟੇ ਨੂੰ ਵੱਟਾਂ ਬਣਾ ਕੇ ਪਾਣੀ ਦੇਣਾ ਜ਼ਿਆਦਾ ਲਾਹੇਵੰਦ ਹੈ ਤਾਂ ਕਿ ਪਾਣੀ ਰਾਹੀਂ ਬਿਮਾਰੀ ਇਸ ਤੋਂ ਅੱਗੇ ਨਾ ਫੈਲ ਸਕੇ। ਡਰਿੱਪ ਸਿੰਜਾਈ ਤਰੀਕੇ ਨਾਲ ਪਾਣੀ ਦੀ ਢੁੱਕਵੀਂ ਵਰਤੋਂ ਕਰ ਕੇ ਵੀ ਇਨ੍ਹਾਂ ਬਿਮਾਰੀਆਂ ਦੇ ਹਮਲੇ ਨੂੰ ਘਟਾਇਆ ਜਾ ਸਕਦਾ ਹੈ। ਬਾਗ਼ 'ਚ ਸਾਫ਼-ਸਫ਼ਾਈ ਰੱਖੋ। ਬੂਟੇ ਦੇ ਘੇਰੇ ਹੇਠ ਨਦੀਨ ਨਹੀਂ ਹੋਣੇ ਚਾਹੀਦੇ। ਡੂੰਘੀ ਵਹਾਈ ਨਾ ਕਰੋ। ਬਾਗ਼ 'ਚ ਕੰਮ ਕਰਦੇ ਸਮੇਂ ਤਣੇ ਤੇ ਜੜ੍ਹਾਂ ਨੂੰ ਜ਼ਖ਼ਮੀ ਹੋਣ ਤੋਂ ਬਚਾਉ। ਤਣੇ ਦੇ ਦੁਆਲੇ ਮਿੱਟੀ ਨਾ ਚੜ੍ਹਾਉ। ਰੋਗੀ ਬੂਟਿਆਂ ਨੂੰ ਜੜ੍ਹੋਂ ਪੁੱਟ ਕੇ ਸਾੜ ਦਿਓ ਤਾਂ ਕਿ ਬਿਮਾਰੀ ਦੇ ਫੈਲਾਅ ਨੂੰ ਘਟਾਇਆ ਜਾ ਸਕੇ। ਜਿਸ ਵੇਲੇ ਬੂਟਿਆਂ ਨੂੰ ਫਲ ਲਗਦਾ ਹੋਵੇ ਉਸ ਸਮੇਂ ਬਾਗ ਵਿਚ ਹੋਰ ਫ਼ਸਲਾਂ ਦੀ ਕਾਸ਼ਤ ਨਾ ਕਰੋ। ਜੇਕਰ ਬੂਟੇ ਛੋਟੇ ਹੋਣ ਤੇ ਫਲ ਲੱਗਣਾ ਸ਼ੁਰੂ ਨਾ ਹੋਇਆ ਹੋਵੇ ਤਾਂ ਫਲੀਦਾਰ ਫ਼ਸਲਾਂ, ਜਿਵੇਂ ਮਟਰ, ਛੋਲੇ, ਮਾਂਹ, ਗੁਆਰਾ ਤੇ ਮੂੰਗੀ ਆਦਿ ਬੀਜੀਆਂ ਜਾ ਸਕਦੀਆਂ ਹਨ। ਵੱਧ ਪਾਣੀ ਲੈਣ ਵਾਲੀਆਂ ਫ਼ਸਲਾਂ, ਜਿਵੇਂ ਬਰਸੀਮ, ਆਲੂ ਤੇ ਵੇਲਾਂ ਵਾਲੀਆਂ ਸਬਜ਼ੀਆਂ ਬਾਗ਼ ਵਿਚ ਨਹੀਂ ਬੀਜਣੀਆਂ ਚਾਹੀਦੀਆਂ ਕਿਉਂਕਿ ਪਾਣੀ ਉੱਲੀ ਦੇ ਫੈਲਾਅ ਲਈ ਸਹਾਈ ਹੁੰਦਾ ਹੈ।

ਬਿਮਾਰੀ ਦੀ ਸਹੀ ਪਛਾਣ

ਸਰਵੇਖਣ ਦੌਰਾਨ ਇਹ ਪਾਇਆ ਗਿਆ ਕਿ ਇਹ ਬਿਮਾਰੀ ਹੁਸ਼ਿਆਰਪੁਰ, ਫ਼ਰੀਦਕੋਟ, ਫਾਜ਼ਿਲਕਾ, ਬਠਿੰਡਾ ਤੇ ਮੁਕਤਸਰ ਜਿਲ੍ਹਿਆਂ ਵਿਚ ਨਿੰਬੂ ਜਾਤੀ ਦੇ ਬਾਗ਼ਾਂ 'ਚ ਆਮ ਵੇਖਣ ਨੂੰ ਮਿਲਦੀ ਹੈ। ਇਸ ਉੱਲੀ ਦੇ ਕਣ ਜ਼ਮੀਨ 'ਚ ਪਾਏ ਜਾਂਦੇ ਹਨ, ਜਿਸ ਕਾਰਨ ਇਹ ਉੱਲੀ ਜ਼ਮੀਨ ਦੇ ਅੰਦਰ-ਅੰਦਰ ਹੀ ਬੂਟੇ ਦੀਆਂ ਜੜ੍ਹਾਂ ਨੂੰ ਖ਼ਤਮ ਕਰ ਦਿੰਦੀ ਹੈ। ਇਸ ਲੁਕੇ ਹੋਏ ਹਮਲੇ ਨਾਲ ਬੂਟੇ ਸਮੇਂ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਸਿੱਟੇ ਵਜੋਂ ਬਾਗ਼ਬਾਨਾਂ ਦਾ ਭਾਰੀ ਮਾਲੀ ਨੁਕਸਾਨ ਹੁੰਦਾ ਹੈ। ਇਹ ਬਿਮਾਰੀ ਪੰਜਾਬ ਵਿਚ ਨਿੰਬੂ-ਜਾਤੀ ਦੀਆਂ ਸਾਰੀਆਂ ਕਿਸਮਾਂ 'ਤੇ ਹਮਲਾ ਕਰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਬਿਮਾਰੀ ਦੀ ਸਹੀ ਪਛਾਣ ਕਰ ਕੇ ਸਮੇਂ ਸਿਰ ਰੋਕਥਾਮ ਕੀਤੀ ਜਾਵੇ ਤਾਂ ਜੋ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ।

- ਅਨੀਤਾ ਅਰੋੜਾ

95010-30274

Posted By: Harjinder Sodhi