ਮੈਂ ਕਾਫ਼ੀ ਸਮੇਂ ਤੋਂ ਵੇਖਦਾ ਆ ਰਿਹਾਂ ਕਿ ਨਵੇਂ ਬਾਗ਼ ਬਹੁਤ ਘੱਟ ਬੀਜੇ ਜਾ ਰਹੇ ਹਨ। ਪੁਰਾਣੇ ਬਾਗ਼ਾਂ ਨੂੰ ਕਿਸਾਨ ਖ਼ਤਮ ਕਰ ਕੇ ਖੇਤੀਬਾੜੀ ਲਈ ਜ਼ਮੀਨ ਤਿਆਰ ਕਰ ਰਹੇ ਹਨ ਜਾਂ ਫਿਰ ਕਾਲੋਨੀਆਂ ਬਣਾਈਆਂ ਜਾ ਰਹੀਆਂ ਹਨ। ਬਟਾਲਾ ਸ਼ਹਿਰ ਦੇ ਚਾਰ-ਚੁਫ਼ੇਰੇ ਅਮਰੂਦਾਂ ਦੇ ਬਹੁਤ ਸਾਰੇ ਬਾਗ਼ ਸਨ, ਜਿਨ੍ਹਾਂ ਨੂੰ ਕਿਸਾਨਾਂ ਨੇ ਖ਼ਤਮ ਕਰ ਕੇ ਖੇਤੀਬਾੜੀ ਲਈ ਜ਼ਮੀਨ ਬਣਾ ਲਈ ਹੈ ਜਾਂ ਫਿਰ ਕਾਲੋਨੀਆਂ ਕੱਟ ਦਿੱਤੀਆਂ ਹਨ। ਹੁਣ ਬਟਾਲੇ ਬਹੁਤ ਘੱਟ ਅਮਰੂਦਾਂ ਦੇ ਬਾਗ਼ ਮਿਲਦੇ ਹਨ ਤੇ ਨਵੇਂ ਬਹੁਤ ਘੱਟ ਬੀਜੇ ਗਏ ਹਨ।

ਇਸੇ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਅੰਬਾਂ ਦੇ ਬਹੁਤ ਸਾਰੇ ਬਾਗ਼ ਹੁੰਦੇ ਸਨ ਕਿਉਂਕਿ ਜ਼ਿਲ੍ਹਾ ਹੁਸ਼ਿਆਰਪੁਰ ਅੰਬਾਂ ਲਈ ਮਸ਼ਹੂਰ ਜ਼ਿਲ੍ਹਾ ਹੁੰਦਾ ਸੀ। ਹੁਣ ਉਹ ਬਾਗ਼ ਅੰਬਾਂ ਦੇ ਹੁਸ਼ਿਆਰਪੁਰ ਵਿਚ ਨਹੀਂ ਮਿਲਦੇ। ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਵਿਚ ਵੀ ਅੰਬਾਂ ਤੇ ਲੀਚੀ ਦੇ ਬਾਗ਼ ਬਹੁਤ ਹੁੰਦੇ ਸਨ। ਲੀਚੀ ਦਾ ਫਲ ਗਰਮੀਆਂ ਲਈ ਚੰਗਾ ਹੁੰਦਾ ਹੈ। ਇਥੇ ਵੀ ਕੁਝ ਥਾਵਾਂ 'ਤੇ ਲੀਚੀ ਦੇ ਬਾਗ਼ ਖ਼ਤਮ ਕਰ ਕੇ ਵਾਹੀ-ਖੇਤੀ ਕਰਨ ਲਈ ਜ਼ਮੀਨ ਤਿਆਰ ਕਰ ਲਈ ਗਈ ਹੈ ਅਤੇ ਸ਼ਹਿਰ ਦੇ ਨੇੜਲੇ ਇਲਾਕਿਆਂ ਵਿਚ ਬਾਗ਼ਾਂ ਦੀ ਹੋਂਦ ਖ਼ਤਮ ਕਰ ਕੇ ਕਾਲੋਨੀਆਂ ਕੱਟ ਦਿੱਤੀਆਂ ਗਈਆਂ ਹਨ।

ਸਰਕਾਰ ਦੀ ਬੇਰੁਖ਼ੀ

ਜਦੋਂ ਇਨ੍ਹਾਂ ਬਾਗ਼ਾਂ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਗਈ ਕਿ ਲੀਚੀ ਦੇ ਬਾਗ਼ ਖ਼ਤਮ ਕਿਉਂ ਕਰ ਰਹੇ ਹੋ? ਤਾਂ ਉਨ੍ਹਾਂ ਦਾ ਇਕੋ ਉੱਤਰ ਸੀ ਕਿ ਪੰਜਾਬ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖ਼ੀ ਹੈ। ਲੀਚੀ ਦੀ ਫ਼ਸਲ ਕਿਉਂਕਿ ਸਾਲ ਵਿਚ ਇਕੋ ਵਾਰ ਹੁੰਦੀ ਹੈ ਇਸ ਲਈ ਇਹ ਵਧੇਰੇ ਮੁਨਾਫ਼ੇ ਵਾਲਾ ਸੌਦਾ ਨਹੀਂ ਰਿਹਾ। ਇਸ ਤੋਂ ਇਲਾਵਾ ਫ਼ਸਲ ਦੇ ਸੀਜ਼ਨ ਦੌਰਾਨ ਜੇ ਕੋਈ ਕੁਦਰਤੀ ਆਫ਼ਤ ਆ ਜਾਵੇ ਤਾਂ ਸਰਕਾਰ ਕਿਸਾਨਾਂ ਦੀ ਕੋਈ ਵਿੱਤੀ ਮਦਦ ਨਹੀਂ ਕਰਦੀ। ਸਰਕਾਰ ਜਾਂ ਬਾਗ਼ਬਾਨੀ ਵਿਭਾਗ ਅਖ਼ਬਾਰਾਂ ਵਿਚ ਭਾਵੇਂ ਕਿਸਾਨਾਂ ਤੇ ਬਾਗ਼ਬਾਨਾਂ ਨੂੰ ਲੀਚੀ ਦੇ ਬਾਗ਼ ਲਗਾਉਣ ਲਈ ਸਬਸਿਡੀ ਦਿੱਤੇ ਜਾਣ ਦਾ ਜਿੰਨਾ ਮਰਜ਼ੀ ਰੌਲਾ ਪਾਈ ਜਾਵੇ ਪਰ ਉਹ ਸਾਰੀ ਸਬਸਿਡੀ ਅਖ਼ਬਾਰੀ ਬਿਆਨਾਂ, ਫਾਈਲ ਅਤੇ ਭਾਸ਼ਣਾਂ ਤਕ ਹੀ ਰਹਿੰਦੀ ਹੈ।

ਅਫ਼ਵਾਹ ਕਾਰਨ ਲੀਚੀ ਉਤਪਾਦਕਾਂ ਦਾ ਨੁਕਸਾਨ

ਇਸ ਵਾਰ ਗਰਮੀ ਵੱਧ ਪੈਣ ਕਰਕੇ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਵਿਚ ਜਿਨ੍ਹਾਂ ਕਿਸਾਨਾਂ ਦੇ ਲੀਚੀ ਦੇ ਬਾਗ਼ ਸਨ, ਉਨ੍ਹਾਂ ਦੀ ਲੀਚੀ ਦੀ ਫ਼ਸਲ ਬਹੁਤ ਮਾੜੀ ਹੋਈ ਹੈ। ਜਿਹੜੇ ਵਪਾਰੀਆਂ ਨੇ ਬਾਗ਼ ਠੇਕੇ 'ਤੇ ਲਏ ਸਨ, ਉਹ ਸਾਰੇ ਔਖੇ ਹਨ। ਰਹਿੰਦੀ ਕਸਰ ਸੋਸ਼ਲ ਮੀਡੀਆ ਨੇ ਪੂਰੀ ਕਰ ਦਿੱਤਾ ਕਿ ਬਿਹਾਰ ਵਿਚ ਬੱਚਿਆਂ ਨੂੰ ਜੋ ਚਮਚੀ ਬੁਖ਼ਾਰ ਹੋਇਆ ਹੈ, ਉਹ ਲੀਚੀ ਖਾਣ ਨਾਲ ਹੋਇਆ ਹੈ। ਜਿਹੜੀ ਲੀਚੀ ਪਠਾਨਕੋਟ ਤੇ ਗੁਰਦਾਸਪੁਰ ਵਿਚ 150-200 ਰੁਪਏ ਕਿੱਲੋ ਵਿਕਦੀ ਸੀ, ਉਸ ਨੂੰ ਕੋਈ 50 ਰੁਪਏ ਵਿਚ ਲੈ ਕੇ ਵੀ ਖ਼ੁਸ਼ ਨਹੀਂ ਸੀ। ਇਸ ਖ਼ਬਰ ਨੇ ਲੀਚੀ ਉਤਪਾਦਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਇਨ੍ਹਾਂ ਕਿਸਾਨਾਂ ਦੀ ਮਾੜੀ ਹਾਲਤ ਵੱਲ ਕਿਸੇ ਅਫਸਰ, ਐੱਮਐੱਲਏ ਜਾਂ ਵਜ਼ੀਰ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਨਾ ਹੀ ਲੀਚੀ ਉਤਪਾਦਕਾਂ ਦੀ ਕਿਸੇ ਨੇ ਸਾਰ ਹੀ ਲਈ। ਇਹ ਹਾਲ ਬਾਗ਼ਾਂ ਵਾਲਿਆਂ ਦਾ ਹੋਇਆ ਹੈ।

ਬਾਗ਼ਬਾਨ ਆਪਣੇ ਹੀ ਬਾਗ਼ਾਂ ਤੋਂ ਤੰਗ ਆ ਗਏ ਹਨ। ਸਾਲ ਵਿਚ ਇਕ ਹੀ ਫ਼ਸਲ ਹੁੰਦੀ ਹੈ। ਕੁਦਰਤ ਦੀ ਕਰੋਪੀ ਆ ਜਾਵੇ ਤਾਂ ਉਹ ਫ਼ਸਲ ਵੀ ਮਾਰੀ ਜਾਂਦੀ ਹੈ।

ਬੂਰ ਪੈਣ ਸਮੇਂ ਹਨੇਰੀ ਆ ਜਾਵੇ, ਗਰਮੀ ਵੱਧ ਪੈ ਜਾਵੇ, ਫ਼ਸਲ ਤਿਆਰ ਹੋਣ ਸਮੇਂ ਹਨੇਰੀਆਂ ਝੁੱਲ ਪੈਣ ਤਾਂ ਇਹ ਸਾਰੇ ਕੁਦਰਤੀ ਵਰਤਾਰੇ ਬਾਗ਼ਾਂ ਦਾ ਭਾਰੀ ਨੁਕਸਾਨ ਕਰਦੇ ਹਨ। ਇਸ ਲਈ ਕਿਸਾਨ ਨਵੇਂ ਬਾਗ਼ ਲਗਾਉਣ ਦੀ ਹਿੰਮਤ ਨਹੀਂ ਕਰ ਰਹੇ। ਸਰਕਾਰ ਕੋਈ ਸਹਾਇਤਾ ਨਹੀਂ ਕਰਦੀ ਤੇ ਇਨ੍ਹਾਂ ਕਾਰਨਾਂ ਕਰਕੇ ਪੰਜਾਬ ਵਿਚ ਬਾਗ਼ਾਂ ਦੀ ਗਿਣਤੀ ਘਟਦੀ ਜਾ ਰਹੀ ਹੈ।

- ਹਰਭਜਨ ਸਿੰਘ ਬਾਜਵਾ

Posted By: Harjinder Sodhi