ਅਸੀਂ ਅਣਸੁਖਾਵੇਂ ਸਮੇਂ 'ਚੋਂ ਲੰਘ ਰਹੇ ਹਾਂ। ਕੋਵਿਡ ਮਹਾਮਾਰੀ ਨੇ ਖੇਤੀਬਾੜੀ ਦੇ ਵੱਖ-ਵੱਖ ਪਹਿਲੂਆਂ 'ਤੇ ਅਸਰ ਪਾਇਆ ਹੈ। ਦੂਜੇ ਪਾਸੇ, ਮੌਸਮੀ ਤਬਦੀਲੀ ਦੇ ਪ੍ਰਭਾਵ ਕਾਰਨ ਟਿੱਡੀ ਦਲ ਦਾ ਖ਼ਤਰਾ ਲਗਾਤਾਰ ਮੰਡਰਾ ਰਿਹਾ ਹੈ। ਮੰਡੀਕਰਨ ਬਾਰੇ ਜਾਰੀ ਆਰਡੀਨੈਂਸ ਸੂਬੇ ਦੇ ਖੇਤੀ ਪ੍ਰਬੰਧਾਂ ਲਈ ਨਵੀਂ ਚੁਣੌਤੀ ਬਣ ਕੇ ਆਏ ਹਨ। ਅਜਿਹੇ ਹਾਲਾਤ ਵਿਚ ਸਮੇਂ ਦੀ ਨਬਜ਼ ਪਛਾਣ ਕੇ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨੀ ਪਵੇਗੀ। ਲਾਕਡਾਊਨ ਦੌਰਾਨ ਪੰਜਾਬ 'ਚ ਕਣਕ ਦੀ ਵਾਢੀ ਤੇ ਵਿਕਰੀ ਨੇ ਕਿਸਾਨਾਂ, ਮਜ਼ਦੂਰਾਂ ਤੇ ਸਰਕਾਰੀ ਏਜੰਸੀਆਂ ਵਿਚਕਾਰ ਮਿਸਾਲੀ ਸਹਿਯੋਗ ਤੇ ਵਿਸ਼ਵਾਸ਼ ਦੀ ਉਦਾਹਰਣ ਪੇਸ਼ ਕੀਤੀ। ਵਾਢੀ ਤੇ ਵਿਕਰੀ ਲਈ ਬਣੇ ਨਿਯਮਾਂ ਵਿਚ ਪੀਏਯੂ ਦਾ ਯੋਗਦਾਨ ਵੀ ਅਹਿਮ ਸੀ।

ਪਰਾਲੀ ਦੀ ਸੰਭਾਲ

ਪਰਾਲੀ ਦੀ ਸੰਭਾਲ ਬੇਹੱਦ ਗੰਭਰ ਤੇ ਲਾਜ਼ਮੀ ਮੁੱਦਾ ਹੈ। ਇਹ ਸਮੱਸਿਆ ਹੋਰ ਵੀ ਵੱਡੀ ਲੱਗਦੀ ਹੈ ਜਦੋਂ ਅਸੀਂ ਕੋਵਿਡ-19 ਕਾਰਨ ਪੈਦਾ ਹੋਏ ਘੁੱਟਵੇਂ ਮਾਹੌਲ 'ਚ ਸਾਹ ਦੀਆਂ ਸਮੱਸਿਆਵਾਂ ਨਾਲ ਪਰਾਲੀ ਸਾੜਨ ਨੂੰ ਜੋੜ ਕੇ ਦੇਖਦੇ ਹਾਂ। ਪਰਾਲੀ ਦੀ ਸੰਭਾਲ ਲਈ ਬਹੁਤ ਸਾਰੀਆਂ ਸੋਧਾਂ ਹੋਈਆਂ, ਨਵੀਂ ਤਕਨਾਲੋਜੀ ਪ੍ਰਵਾਨ ਹੋਈ ਤੇ ਸਬੰਧਤ ਧਿਰਾਂ ਦਾ ਭਰੋਸਾ ਵੀ ਵਧਿਆ ਹੈ। ਇਸ ਨਾਲ ਨਿੱਜੀ ਖੇਤਰ ਵੀ 'ਸੁਪਰ ਸੀਡਰ' ਵਰਗੀਆਂ ਮਸ਼ੀਨਾਂ ਬਣਾਉਣ ਲਈ ਉਤਸ਼ਾਹਿਤ ਹੋਇਆ ਹੈ। ਸੁਪਰ ਸੀਡਰ ਇੱਕੋ ਵੇਲੇ ਪਰਾਲੀ ਨੂੰ ਜ਼ਮੀਨ 'ਚ ਵਾਹ ਕੇ ਬੀਜ ਪੋਰਦਾ ਹੈ ਜਦਕਿ 'ਹੈਪੀਸੀਡਰ' ਪਰਾਲੀ ਨੂੰ ਜ਼ਮੀਨ 'ਤੇ ਮਲਚ ਵਾਂਗ ਵਿਛਾਉਂਦਾ ਹੈ। ਸੁਪਰ ਸੀਡਰ ਨਾਲ ਬੀਜੇ ਮਲਚ ਰਹਿਤ ਖੇਤਾਂ 'ਚ ਖਾਦ ਪੁਰਾਣੇ ਢੰਗ ਨਾਲ ਪਾਈ ਜਾ ਸਕਦੀ ਹੈ। ਇਸ ਦੀ ਵਰਤੋਂ ਕਸਟਮ ਹਾਇਰਿੰਗ 'ਚ ਜ਼ਿਆਦਾ ਕਾਰਗਰ ਹੋਵੇਗੀ। ਪਰਾਲੀ ਨੂੰ ਖੇਤ 'ਚ ਮਿਲਾਉਣ ਦੇ ਤਜਰਬਿਆਂ ਤੋਂ ਖਾਦ ਦੀ ਵਰਤੋਂ ਸਬੰਧੀ ਪੀਏਯੂ ਨੇ ਨਵੀਂ ਸਿਫ਼ਾਰਸ਼ ਜਾਰੀ ਕੀਤੀ ਹੈ। ਇਸ ਤਹਿਤ ਜਿੱਥੇ ਪਿਛਲੇ ਤਿੰਨ ਸਾਲਾਂ ਤੋਂ ਪਰਾਲੀ ਖੇਤ 'ਚ ਮਿਲਾਈ ਜਾ ਰਹੀ ਸੀ ਉੱਥੇ ਕਣਕ-ਝੋਨੇ ਲਈ ਨਾਈਟ੍ਰੋਜਨ ਦੀ ਵਰਤੋਂ 10 ਕਿੱਲੋ ਪ੍ਰਤੀ ਏਕੜ

ਤਕ ਘਟਾਈ ਜਾ ਸਕਦੀ ਹੈ।

ਨਵੀਆਂ ਸਿਫ਼ਾਰਸ਼ਾਂ

ਕੋਰੋਨਾ ਮਹਾਮਾਰੀ ਦੌਰਾਨ ਵੀ ਪੀਏਯੂ ਦੇ ਵਿਗਿਆਨੀ ਖੋਜ ਕਾਰਜਾਂ ਨਾਲ ਜੁੜੇ ਰਹੇ। ਨਤੀਜੇ ਵਜੋਂ ਆਉਂਦੇ ਫ਼ਸਲੀ ਸੀਜ਼ਨ ਲਈ ਨਵੀਆਂ ਸਿਫ਼ਾਰਸ਼ਾਂ ਜਾਰੀ ਹੋਈਆਂ। ਨਵੀਆਂ ਕਿਸਮਾਂ ਵਿਚ ਕਨੋਲਾ ਗੋਭੀ ਸਰ੍ਹੋਂ ਦੀ ਹਾਈਬ੍ਰਿਡ ਕਿਸਮ ਪੀਜੀਐੱਸਐੱਫ-1707 ਹੈ, ਜੋ ਪ੍ਰਚਲਿਤ ਕਿਸਮ ਜੀਐੱਸਸੀ-7 ਅਤੇ ਨਿੱਜੀ ਖੇਤਰ ਦੀ ਹਾਈਬ੍ਰਿਡ ਕਿਸਮ ਪੀਏਸੀ-405 ਨਾਲੋਂ ਬਿਹਤਰ ਹੈ। ਰਾਇਆ ਸਰ੍ਹੋਂ ਦੀਆਂ ਦੋ ਹਾਈਬ੍ਰਿਡ ਕਿਸਮਾਂ ਜਾਰੀ ਹੋਈਆਂ, ਇਕ ਕਨੋਲਾ ਟਾਈਪ ਆਰਸੀਐੱਫ-1 ਤੇ ਦੂਜੀ ਰਵਾਇਤੀ ਤੇਲ ਵਾਲੀ ਪੀਆਰਐੱਫ-1 ਹੈ। ਸਰ੍ਹੋਂ ਦੀਆਂ ਇਹ ਕਿਸਮਾਂ ਭਾਰਤ 'ਚ ਪਹਿਲੀ ਵਾਰ ਤਿਆਰ ਕੀਤੀਆਂ ਗਈਆਂ। ਇਹ ਲੰਬੀ ਤੇ ਵਿਕਸਿਤ ਖੋਜ ਦਾ ਨਤੀਜਾ ਹਨ। ਸੂਰਜਮੁਖੀ ਦੀ ਵੱਧ ਝਾੜ ਤੇ ਘੱਟ ਮਿਆਦ ਵਾਲੀ ਕਿਸਮ ਪੀਐੱਸਐੱਚ-2080, ਜਿਸ ਵਿਚ ਤੇਲ ਦੀ ਮਾਤਰਾ 43.7 ਫ਼ੀਸਦੀ ਹੈ, ਦੀ ਵੀ ਸਿਫ਼ਾਰਸ਼ ਕੀਤੀ ਗਈ। ਛੋਲਿਆਂ ਦੀ ਕਿਸਮ ਪੀਬੀਜੀ-8 ਜੰਗਲੀ ਕਿਸਮਾਂ ਦੇ ਸੁਮੇਲ ਤੋਂ ਵਿਕਸਿਤ ਕੀਤੀ ਗਈ ਹੈ, ਜੋ ਭੂਰੇ ਸਾੜੇ ਤੇ ਫਲ-ਛੇਦਕ ਸੁੰਡੀ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ। ਮਸਰਾਂ ਦੀ ਕੁੰਗੀ ਮੁਕਤ ਕਿਸਮ ਐੱਲਐੱਲ-1373 ਜਾਰੀ ਕੀਤੀ ਗਈ। ਇਨ੍ਹਾਂ ਕਿਸਮਾਂ ਰਾਹੀਂ ਦਾਲਾਂ ਦੇ ਖੇਤਰਾਂ ਦਾ ਵਿਕਾਸ ਹੋਵੇਗਾ। ਜਵੀ ਦੀਆਂ ਦੋ ਕਿਸਮਾਂ 'ਚ ਇਕ ਲੌਅ ਵਾਲੀ ਕਿਸਮ ਓਐੱਲ-13 ਤੇ ਦੋ ਲੌਆਂ ਵਾਲੀ ਕਿਸਮ ਓਐੱਲ-14 ਜਾਰੀ ਕੀਤੀਆਂ ਗਈਆਂ। ਇਹ ਕਿਸਮਾਂ ਵਧੇਰੇ ਝਾੜ ਵਾਲੀਆਂ ਹਨ। ਚਾਰਿਆਂ 'ਚ ਰਾਈ ਘਾਹ-2 ਵਿਕਸਿਤ ਕੀਤੀ ਗਈ ਹੈ।

ਸਬਜ਼ੀਆਂ ਦੀਆਂ ਕਿਸਮਾਂ

ਪਿਛਲੇ ਛੇ ਮਹੀਨਿਆਂ ਦੌਰਾਨ ਸਬਜ਼ੀਆਂ ਦੀਆਂ ਜਾਰੀ ਕੀਤੀਆਂ ਕਿਸਮਾਂ 'ਚ ਪਿਆਜ਼ ਦੀ ਕਿਸਮ ਪੀਓਐੱਚ-1 ਹੈ, ਜੋ ਪੀਏਯੂ ਵੱਲੋਂ ਹਾਈਬ੍ਰਿਡ ਪਿਆਜ਼ ਦੀ ਤਿਆਰ ਕੀਤੀ ਪਹਿਲੀ ਕਿਸਮ ਹੈ। ਇਹ ਪਿਆਜ਼ ਦੀ ਫ਼ਸਲ ਦੇ ਸਮੇਂ ਤੋਂ ਪਹਿਲਾਂ ਨਿਸਰਨ ਪ੍ਰਤੀ ਰੋਧਿਕਤਾ ਰੱਖਦੀ ਹੈ। ਇਸ ਨੂੰ ਲੰਬੇ ਸਮੇਂ ਤਕ ਭੰਡਾਰ ਕੀਤਾ ਜਾ ਸਕਦਾ ਹੈ ਤੇ ਝਾੜ ਵੀ ਵੱਧ ਹੈ। 'ਪੰਜਾਬ ਭਰਪੂਰ' ਬੈਂਗਣ ਦੀ ਲੁਭਾਵਣੀ ਤੇ ਵਿਲਟ ਦਾ ਟਾਕਰਾ ਕਰਨ ਵਾਲੀ ਕਿਸਮ ਹੈ, ਜਿਸ ਨੂੰ ਫਲ ਗੁੱਛਿਆਂ 'ਚ ਲੱਗਦੇ ਹਨ। ਰਾਮ ਤੋਰੀ 'ਪੰਜਾਬ ਨਿਖਾਰ' ਸਬਜ਼ੀਆਂ ਵਿਚ ਸਿਫ਼ਾਰਸ਼ ਕੀਤੀਆਂ ਕਿਸਮਾਂ 'ਚੋਂ ਇਕ ਹੈ। ਪੀਏਯੂ ਵੱਲੋਂ 'ਕਿੰਗ ਓਇਸਟਰ ਖੁੰਭ' ਦੀ ਪੀ-135 ਕਿਸਮ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।

ਉਤਪਾਦਨ ਸੁਰੱਖਿਆ

ਉਤਪਾਦਨ ਤੇ ਸੁਰੱਖਿਆ ਤਕਨੀਕਾਂ ਫ਼ਸਲਾਂ ਲਈ ਹੀ ਮਹੱਤਤਾ ਨਹੀਂ ਰੱਖਦੀਆਂ ਬਲਕਿ ਵਾਤਾਵਰਨ ਤੇ ਕੁਦਰਤੀ ਸਰੋਤਾਂ ਦੀ ਸੰਭਾਲ 'ਚ ਵੀ ਇਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੈ। ਪੀਏਯੂ ਵੱਲੋਂ ਨਰਮੇ-ਕਣਕ ਦੇ ਫ਼ਸਲੀ ਚੱਕਰ ਲਈ ਜ਼ਮੀਨਦੋਜ਼ ਤੁਪਕਾ ਸਿੰਚਾਈ, ਜਿਸ ਨਾਲ ਪਾਣੀ (40 ਫ਼ੀਸਦੀ) ਤੇ ਖਾਦਾਂ (20 ਫ਼ੀਸਦੀ) ਦੀ ਬੱਚਤ ਹੁੰਦੀ ਹੈ ਅਤੇ 21 ਫ਼ੀਸਦੀ ਵੱਧ ਝਾੜ ਮਿਲਦਾ ਹੈ, ਦੀ ਸਿਫ਼ਾਰਸ਼ ਕੀਤੀ ਗਈ। ਗੋਭੀ ਸਰ੍ਹੋਂ ਦੀ ਜੈਵਿਕ ਕਾਸ਼ਤ ਲਈ ਪੈਕੇਜ ਆਫ ਪ੍ਰੈਕਟਿਸ ਤਿਆਰ ਕੀਤੀ ਗਈ। ਚਾਰ ਫੁੱਟ ਚੌੜੇ ਅੰਤਰ-ਕਤਾਰੀ ਰਕਬੇ ਦਾ ਪੂਰਾ ਲਾਹਾ ਲੈਣ ਲਈ ਪਤਝੜੀ ਕਮਾਦ 'ਚ ਹਾੜ੍ਹੀ ਦੇ ਪਿਆਜ਼ ਤੇ ਟਮਾਟਰ ਨੂੰ ਅੰਤਰ-ਫ਼ਸਲ ਵਜੋਂ ਕਾਸ਼ਤ ਕਰਨ ਦੀ ਵਿਧੀ ਦੀ ਸਿਫ਼ਾਰਸ਼ ਕੀਤੀ ਗਈ ਹੈ।

ਬਾਗ਼ਬਾਨੀ ਫ਼ਸਲਾਂ

ਬਾਗ਼ਬਾਨੀ ਫ਼ਸਲਾਂ 'ਚ ਅਮਰੂਦ ਦੇ ਬਾਗ਼ਾਂ ਲਈ ਤੁਪਕਾ ਸਿੰਚਾਈ ਨਾਲ 30 ਫ਼ੀਸਦੀ ਤਕ ਪਾਣੀ ਦੀ ਬੱਚਤ ਹੁੰਦੀ ਹੈ, ਫਲ, ਝਾੜ ਤੇ ਗੁਣਵੱਤਾ ਵਧਦੀ ਹੈ। ਨਾਸ਼ਪਾਤੀ, ਆੜੂ ਤੇ ਆਲੂ ਬੁਖ਼ਾਰੇ 'ਚ ਫਲ ਪੈਣ 'ਤੇ ਅਜੈਵਿਕ ਖਾਦਾਂ ਦੀ ਦੂਜੀ ਖ਼ੁਰਾਕ ਤੋਂ ਬਾਅਦ ਪਰਾਲੀ ਦੀ ਮਲਚ (5.5 ਟਨ/ਏਕੜ) ਦੀ 10 ਸੈਂਟੀਮੀਟਰ ਮੋਟੀ ਤਹਿ ਵਿਛਾਉਣ ਨਾਲ ਨਦੀਨਾਂ ਦੀ ਰੋਕਥਾਮ ਤੇ ਝਾੜ ਵੱਧਾ ਮਿਲਦਾ ਹੈ। ਬਰਸਾਤ ਰੁੱਤ ਵਿਚ ਅਮਰੂਦ ਦੇ ਫਲ ਦੇ ਰੰਗ ਬਦਲਣ ਤੋਂ ਪਹਿਲਾਂ ਬਿਨਾਂ ਬੁਣੇ ਬੈਗਾਂ 'ਚ ਲਪੇਟਣ ਨਾਲ ਫਲ ਦੀ ਮੱਖੀ ਤੋਂ ਪੂਰੀ ਰੋਕਥਾਮ ਹੁੰਦੀ ਹੈ। ਬੇਰਾਂ ਦੀ ਛੰਗਾਈ ਉਪਰੰਤ ਮੂੰਗਫਲੀ ਦੀ ਅੰਤਰ ਫ਼ਸਲ ਪੂਰਾ ਝਾੜ ਦਿੰਦੀ ਹੈ। ਹਲਕੀਆਂ ਜ਼ਮੀਨਾਂ 'ਚ ਆਲੂ ਦੀ ਕਾਸ਼ਤ ਲਈ ਨਹਿਰੀ ਪਾਣੀ ਤੇ ਖਾਦ ਨੂੰ ਰਲਾ ਕੇ ਤੁਪਕਾ ਸਿੰਚਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ।

ਫ਼ਸਲੀ ਸੁਰੱਖਿਆ

ਖੇਤ ਤੇ ਬਾਗ਼ਬਾਨੀ ਫ਼ਸਲਾਂ ਦੀਆਂ ਸੁਰੱਖਿਆ ਤਕਨੀਕਾਂ ਵਿਚ ਵਧੇਰੇ ਜ਼ੋਰ ਆਈਪੀਐੱਮ (ਸਰਬਪੱਖੀ ਕੀਟ ਪ੍ਰਬੰਧਨ) 'ਤੇ ਦਿੱਤਾ ਗਿਆ। ਕਣਕ ਦੇ ਚੇਪੇ ਤੇ ਅਰਹਰ ਦੀਆਂ ਫ਼ਲੀਆਂ ਦਾ ਰਸ ਚੂਸਣ ਵਾਲੇ ਕੀਟਾਂ ਦੀ ਰੋਕਥਾਮ ਲਈ ਘਰ 'ਚ ਤਿਆਰ ਕੀਤਾ ਨਿੰਮ ਦਾ ਸਤ ਵਰਤਣ ਦੀ ਸਿਫ਼ਾਰਸ਼ ਕੀਤੀ ਗਈ। ਨਿੰਮ ਆਧਾਰਿਤ ਇਨ੍ਹਾਂ ਨੁਸਖਿਆਂ ਨੂੰ ਨਰਮੇ ਦੀ ਚਿੱਟੀ ਮੱਖੀ ਤੇ ਸ਼ਿਮਲਾ ਮਿਰਚ ਦੀ ਜੂੰ ਦੀ ਰੋਕਥਾਮ ਲਈ ਵੀ ਸਿਫ਼ਾਰਸ਼ ਕੀਤਾ ਗਿਆ। ਖੀਰੇ ਦੇ ਨੀਮਾਟੋਡ ਦੀ ਰੋਕਥਾਮ ਲਈ ਮਿੱਟੀ ਦੀ ਜੈਵਿਕ ਸੋਧ ਕਰਨ ਦੀ ਸਿਫ਼ਾਰਸ਼ ਕੀਤੀ ਗਈ।

ਨਿੰਬੂ ਜਾਤੀ ਦੀ ਨਰਸਰੀ 'ਚ ਘੋਗਿਆਂ ਦੀ ਰੋਕਥਾਮ ਲਈ ਸਰਬਪੱਖੀ ਪ੍ਰਬੰਧਨ ਅਤੇ ਛੋਲਿਆਂ ਦੀ ਸੁੰਡੀ ਲਈ ਈਟੀਐੱਲ ਪ੍ਰਮਾਣਤ ਕਰਨ ਨਾਲ ਇਨ੍ਹਾਂ ਫ਼ਸਲਾਂ ਦੇ ਸਰਬਪੱਖੀ ਕੀਟ ਪ੍ਰਬੰਧਨ 'ਚ ਮਦਦ ਮਿਲੇਗੀ। ਕਣਕ ਦੀ ਪੀਲੀ ਕੁੰਗੀ ਤੇ ਨਰਮੇ ਦੀ ਚਿੱਟੀ ਮੱਖੀ, ਜੂੰ ਤੇ ਤੇਲੇ ਦੀ ਰੋਕਥਾਮ ਲਈ ਨਵੇਂ ਕੀਟਨਾਸ਼ਕ ਸਿਫ਼ਾਰਸ਼ ਕੀਤੇ ਗਏ।

ਭੋਜਨ ਪਦਾਰਥਾਂ ਲਈ ਤਕਨੀਕਾਂ

ਕਿਸਾਨਾਂ ਦੇ ਆਪਣੇ ਪੱਧਰ 'ਤੇ ਅਪਨਾਉਣਯੋਗ ਮੁੱਲ ਵਾਧੇ ਵਾਲੀਆਂ ਕਈ ਤਕਨੀਕਾਂ ਸਿਫ਼ਾਰਸ਼ ਕੀਤੀਆਂ ਗਈਆਂ ਹਨ, ਜੋ ਫ਼ਸਲ ਤੋਂ ਮਿਲਣ ਵਾਲੀ ਆਮਦਨ 'ਚ ਵਾਧਾ ਕਰ ਸਕਦੀਆਂ ਹਨ। ਸਾਉਣੀ ਦੇ ਪਿਆਜ਼ ਨੂੰ ਸੂਰਜੀ ਊਰਜਾ ਨਾਲ ਸੋਧਣ 'ਤੇ ਇਸ ਦੀ ਭੰਡਾਰਨਯੋਗ ਮਿਆਦ ਨੂੰ ਤਿੰਨ ਮਹੀਨਿਆਂ ਤਕ ਵਧਾਇਆ ਜਾ ਸਕਦਾ ਹੈ, ਜਿਸ ਨਾਲ ਤੰਗੀ ਦੇ ਸਮੇਂ ਵੀ ਪਿਆਜ਼ ਉਪਲਬਧ ਹੋ ਸਕੇਗਾ। ਹਲਦੀ ਅਤੇ ਆਂਵਲੇ ਤੋਂ ਅਚਾਰ ਤੇ ਖਮੀਰੇ ਪੀਣਯੋਗ ਪਦਾਰਥ ਤਿਆਰ ਕਰਨ ਲਈ ਸਟ੍ਰਾਟਰ ਕਲਚਰ ਜਾਂ ਜਾਗ ਵਜੋਂ ਦਸ ਲੈਕਟਿਕ ਐਸਿਡ ਬੈਕਟੀਰੀਆ ਦਾ ਮਿਸ਼ਰਣ ਵਿਕਸਿਤ ਕੀਤਾ ਗਿਆ। ਵ੍ਹੀਟ-ਗਰਾਸ ਪਾਊਡਰ ਤਿਆਰ ਕਰਨ ਲਈ 6ree੍ਰe 4rying ਜਾਂ ਛਾਵੇਂ ਸੁਕਾਉਣ ਵਾਲੀ ਤਕਨੀਕ ਵਿਕਸਿਤ ਕੀਤੀ ਗਈ ਹੈ ਜੋ ਵਧੇਰੇ ਵਰਤੋਂ ਵਿਚ ਆਉਣ ਵਾਲੇ ਭੋਜਨ ਪਦਾਰਥਾਂ ਜਿਵੇਂ ਕਿ ਡਬਲਰੋਟੀ, ਬਿਸਕੁਟਾਂ ਆਦਿ 'ਚ ਇਸਤੇਮਾਲ ਕੀਤੀ ਜਾ ਸਕਦੀ ਹੈ। ਕਰੌਂਦਾ ਤੇ ਸ਼ਹਿਤੂਤ ਵਰਗੇ ਰਵਾਇਤੀ ਫ਼ਲਾਂ ਦੀ ਪੌਸ਼ਟਿਕਤਾ ਦਾ ਲਾਹਾ ਲੈਣ ਲਈ ਫੂਡ ਪ੍ਰੋਸੈਸਿੰਗ ਦੀਆਂ ਨਵੀਆਂ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ। ਪੰਜੀਰੀ, ਮੱਠੀ ਤੇ ਬਿਸਕੁਟਾਂ ਵਿਚ ਪੇਠੇ ਦੇ ਕੱਚੇ ਜਾਂ ਭੁੰਨੇ ਹੋਏ ਬੀਜਾਂ ਦਾ ਆਟਾ ਰਲਾਉਣ ਨਾਲ ਪੌਸ਼ਟਿਕ ਤੱਤਾਂ ਦੀ ਵਰਤੋਂ ਜਿਵੇਂ ਕਿ ਪ੍ਰੋਟੀਨ, ਰੇਸ਼ੇ, ਲੋਹਾ, ਜ਼ਿੰਕ ਆਦਿ ਵਿਚ ਮਹੱਤਵਪੂਰਨ ਵਾਧਾ ਵੇਖਣ ਨੂੰ ਮਿਲਿਆ।

ਕੁਝ ਹੋਰ ਨਵੀਆਂ ਤਕਨੀਕਾਂ

ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਹੋਰ ਲਾਹੇਵੰਦ ਤਕਨੀਕਾਂ ਵਿਚ ਖੇਤ ਕਾਮਿਆਂ ਲਈ ਬੁਣਤੀ ਕੀਤੇ ਕੱਪੜੇ ਤੋਂ ਪੂਰੀ ਬਾਂਹ ਦੇ ਦਸਤਾਨੇ ਤਿਆਰ ਕਰਨਾ ਸ਼ਾਮਲ ਹੈ, ਜਿਨ੍ਹਾਂ ਦੀ ਵਰਤੋਂ ਭਿੰਡੀਆਂ ਤੋੜਣ ਵੇਲੇ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਸਫ਼ੈਦੇ ਦੇ ਤੇਲ ਨਾਲ ਸੋਧਿਆ ਹੋਇਆ ਕੱਪੜਾ ਤਿਆਰ ਕਰਨ ਦੀ ਤਕਨੀਕ ਵੀ ਵਿਕਸਿਤ ਕੀਤੀ ਗਈ ਹੈ ਜੋ ਮੱਛਰਾਂ ਤੋਂ ਬਚਾਅ ਲਈ ਕਾਰਗਰ ਹੈ। ਨਵੀਆਂ ਵਿਕਸਿਤ ਕੀਤੀਆਂ ਖੇਤ ਮਸ਼ੀਨਾਂ ਵਿਚ ਟਰੈਕਟਰ ਨਾਲ ਚੱਲਣ ਵਾਲਾ ਟ੍ਰਾਂਸਪਲਾਂਟਰ ਹੈ, ਜਿਸ ਨੂੰ ਟਮਾਟਰ, ਬੈਂਗਣ, ਮਿਰਚ ਆਦਿ ਦੀ ਨਰਸਰੀ ਦੀ ਬਿਜਾਈ ਲਈ ਸਿਫ਼ਾਰਸ਼ ਕੀਤਾ ਗਿਆ ਹੈ। ਪੰਜਾਬ ਲਈ ਨਵੀਆਂ ਫ਼ਸਲਾਂ ਦੀ ਕਾਸ਼ਤ ਵਜੋਂ ਸਟ੍ਰਰਾਅਬੇਰੀ ਨੂੰ ਖੇਤ ਹਾਲਤਾਂ ਵਿਚ ਅਤੇ ਵੈਨੀਲਾ ਨੂੰ ਹਾਈਟੈੱਕ ਪੌਲੀਹਾਊਸ ਅਧੀਨ ਕਾਸ਼ਤ ਕਰਨ ਲਈ ਪੈਕੇਜ ਤਿਆਰ ਕੀਤੇ ਗਏ ਹਨ।

- ਬਲਦੇਵ ਸਿੰਘ ਢਿੱਲੋਂ, ਨਵਤੇਜ ਸਿੰਘ ਬੈਂਸ

(ਲੇਖਕ ਪੀਏਯੂ ਦੇ ਵਾਈਸ ਚਾਂਸਲਰ ਤੇ ਨਿਰਦੇਸ਼ਕ ਖੋਜ ਹਨ)

Posted By: Harjinder Sodhi