ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਦੀ ਪੰਜਾਬ ਦੇ ਖੇਤੀ ਵਿਕਾਸ 'ਚ ਅਹਿਮ ਭੂਮਿਕਾ ਹੈ। ਪਿਛਲੀ ਅੱਧੀ ਸਦੀ ਤੋਂ ਕਿਸਾਨ ਇਨ੍ਹਾਂ ਮੇਲਿਆਂ 'ਚ ਸ਼ਾਮਲ ਹੋਣ ਲਈ ਹੁੰਮ ਹੁਮਾ ਕੇ ਪਹੁੰਚਦੇ ਹਨ।।ਪੰਜਾਬ ਦੀ ਖੇਤੀ 'ਚ ਆ ਰਹੀਆਂ ਤਬਦੀਲੀਆਂ ਤੇ ਚੁਣੌਤੀਆਂ ਨੂੰ ਨਜਿੱਠਣ ਲਈ ਖੇਤੀ ਵਿਗਿਆਨੀ ਇਨ੍ਹਾਂ ਮੇਲਿਆਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਯਤਨ ਕਰਦੇ ਹਨ।

ਜ਼ਮੀਨਦੋਜ਼ ਪਾਣੀ ਤੇ ਪ੍ਰਦੂਸ਼ਣ ਦੀ ਸਮੱਸਿਆ

ਪੰਜਾਬ ਦੇ ਕੁਝ ਅਖੌਤੀ ਵਿਦਵਾਨਾਂ ਨੂੰ ਪੰਜਾਬ 'ਚ ਹੋਇਆ ਖੇਤੀ ਵਿਕਾਸ ਰਾਸ ਨਹੀਂ ਆਇਆ। ਉਹ ਚਾਹੁੰਦੇ ਹਨ ਕਿ ਪੰਜਾਬ ਦੇ ਕਿਸਾਨ ਮੁੜ ਉਸੇ ਤਰ੍ਹਾਂ ਦੀ ਖੇਤੀ ਸ਼ੁਰੂ ਕਰ ਲੈਣ ਜਿਵੇਂ 50 ਸਾਲ ਪਹਿਲਾਂ ਖੇਤੀ ਕਰਦੇ ਹਨ। ਉਹ ਚਾਹੁੰਦੇ ਹਨ ਕਿ ਕਿਸਾਨ ਮੁੜ ਕੱਚੇ ਕੋਠਿਆਂ 'ਚ, ਕੱਚੀਆਂ ਗਲੀਆਂ 'ਚ ਬਲਦਾਂ ਦੀ ਪੂਛਾਂ ਮਰੋੜਦੇ ਹੋਏ ਮਸਾਂ ਘਰ ਦੀ ਲੋੜ ਜੋਗੇ ਹੀ ਦਾਣੇ ਪੈਦਾ ਕਰਨ। ਉਹ ਸਮਝਦੇ ਹਨ ਕਿ ਪੰਜਾਬ ਦੀਆਂ ਸਾਰੀਆਂ ਮੁਸੀਬਤਾਂ ਦੀ ਜੜ੍ਹ ਖੇਤੀ ਵਿਕਾਸ ਹੀ ਹੈ। ਜ਼ਮੀਨਦੋਜ਼ ਪਾਣੀ ਦੇ ਪੱਧਰ 'ਚ ਗਿਰਾਵਟ ਤੇ ਜਲ ਪ੍ਰਦੂਸ਼ਣ ਲਈ ਉਨ੍ਹਾਂ ਦੀ ਨਜ਼ਰ 'ਚ ਕਿਸਾਨ ਹੀ ਜ਼ਿੰਮੇਵਾਰ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਜ਼ਮੀਨਦੋਜ਼ ਪਾਣੀ 'ਚ ਤਾਂ ਵਾਧਾ ਨਹੀਂ ਹੋਇਆ ਪਰ ਆਬਾਦੀ 'ਚ ਵਾਧਾ ਹੋ ਰਿਹਾ ਹੈ। ਦੋ ਘੜਿਆਂ ਨਾਲ ਦਿਨ ਪੂਰਾ ਕਰਨ ਵਾਲੇ ਘਰ ਹੁਣ ਸੈਂਕੜੇ ਘੜੇ ਪਾਣੀ ਬਰਬਾਦ ਕਰਦੇ ਹਨ। ਲੁਧਿਆਣੇ ਦੇ 'ਬੁੱਢੇ ਦਰਿਆ' ਨੂੰ 'ਗੰਦਾ ਨਾਲਾ' ਕਿਸਾਨਾਂ ਨੇ ਨਹੀਂ ਸਗੋਂ ਸਨਅਤਾਂ ਤੇ ਲੁਧਿਆਣੇ ਵਾਲਿਆਂ ਨੇ ਬਣਾਇਆ ਹੈ।ਜਿਸ ਵਿਚ ਕੋਈ ਜੀਵ ਜੰਤੂ ਸਾਹ ਨਹੀਂ ਲੈ ਸਕਦਾ। ਪਿਛਲੇ ਦਿਨੀਂ ਇਸ ਦਾ ਪਾਣੀ ਖੇਤਾਂ ਵਿਚ ਵੜ ਗਿਆ ਤੇ ਸਾਰਾ ਝੋਨਾ ਸੜ ਗਿਆ। ਇਹੋ ਪਾਣੀ ਨਹਿਰਾਂ ਰਾਹੀਂ ਮਾਲਵੇ ਤੇ ਰਾਜਸਥਾਨ ਵਿਚ ਜਾਂਦਾ ਹੈ ਤੇ ਕੈਂਸਰ ਦਾ ਕਾਰਨ ਬਣਦਾ ਹੈ। ਕਿਸਾਨ ਤਾਂ ਪਾਣੀ ਦੀ ਵਰਤੋਂ ਫ਼ਸਲਾਂ ਪੈਦਾ ਕਰਨ ਲਈ ਕਰਦੇ ਹਨ ਜਦਕਿ ਨਿੱਜੀ ਖੇਤਰ ਵਿਚ ਬੁਰੀ ਤਰ੍ਹਾਂ ਪਾਣੀ ਬਰਬਾਦ ਕੀਤਾ ਜਾਂਦਾ ਹੈ। ਕਿਸਾਨਾਂ ਦੇ ਕੇਵਲ 14 ਲੱਖ ਟਿਊਬਵੈੱਲ ਹਨ, ਜਿਹੜੇ ਲੋੜ ਪੈਣ 'ਤੇ ਹੀ ਚੱਲਦੇ ਹਨ ਪਰ ਗ਼ੈਰ ਕਿਸਾਨੀ ਖੇਤਰ ਵਿਚ 25 ਲੱਖ ਟਿਊਬਵੈੱਲ ਹਨ, ਜਿਹੜੇ ਦਿਨ-ਰਾਤ ਚੱਲਦੇ ਹਨ।

ਖਾਦਾਂ 'ਤੇ ਨਿਰਭਰਤਾ ਘੱਟਾਉਣਾ

ਕਿਸਾਨ ਮੇਲਿਆਂ ਰਾਹੀਂ ਸਮਾਜਿਕ ਤੇ ਖੇਤੀ ਸੱਚਾਈਆਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਪਾਣੀ ਦੀ ਸੰਜਮ ਨਾਲ ਵਰਤੋਂ ਦੇ ਢੰਗ ਤਰੀਕੇ ਦੱਸਣੇ ਚਾਹੀਦੇ ਹਨ। ਕਿਸਾਨਾਂ ਦੀ ਆਮਦਨ 'ਚ ਵਾਧੇ ਲਈ ਨਵੇਂ ਪੈਕੇਜ ਤਿਆਰ ਕਰਨ ਦੀ ਲੋੜ ਹੈ, ਜਿਸ ਵਿਚ ਫ਼ਸਲਾਂ ਦੇ ਨਾਲ ਪਸ਼ੂ ਪਾਲਣ ਤੇ ਸਬਜ਼ੀਆਂ ਦੀ ਕਾਸ਼ਤ ਵੀ ਸ਼ਾਮਲ ਹੋਵੇ। ਪੰਜਾਬ ਦੇ ਪਿੰਡਾਂ 'ਚ ਡੰਗਰਾਂ ਦੀ ਗਿਣਤੀ ਬਹੁਤ ਘਟ ਗਈ ਹੈ ਜਦਕਿ ਸਰਕਾਰ ਚਾਹੁੰਦੀ ਹੈ ਕਿ ਖੇਤੀ ਵਿਚ ਰਸਾਇਣਿਕ ਖਾਦਾਂ, ਵਿਸ਼ੇਸ਼ ਕਰਕੇ ਯੂਰੀਏ ਦੀ ਵਰਤੋਂ ਬੰਦ ਕੀਤੀ ਜਾਵੇ। ਜਦੋਂ ਰਸਾਇਣਿਕ ਖਾਦਾਂ ਨਹੀਂ ਸਨ, ਉਦੋਂ ਰੂੜੀ ਦੀ ਵਰਤੋਂ ਕੀਤੀ ਜਾਂਦੀ ਸੀ। ਬਿਨਾਂ ਖਾਦ ਦੇ ਖੇਤੀ ਤਾਂ ਮੁਸ਼ਕਿਲ ਹੀ ਹੈ।।ਪਿਛਲੇ ਸਾਲ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਹਰੇਕ ਕਿਸਾਨ ਦੇ ਖੇਤਾਂ ਦਾ 'ਸਿਹਤ ਕਾਰਡ' ਬਣੇਗਾ ਤੇ ਕਿਸਾਨ ਨੂੰ ਨੀਮ ਕੋਟਿਡ ਯੂਰੀਆ ਦਿੱਤਾ ਜਾਵੇਗਾ ਪਰ ਇਸ ਵਾਰ ਸਥਿਤੀ ਬਿਲਕੁਲ ਬਦਲ ਗਈ ਹੈ। ਕੇਂਦਰੀ ਵਿੱਤ ਮੰਤਰੀ ਨੇ ਜੀਰੋ ਬਜ਼ਟ ਦੀ ਸਲਾਹ ਦਿੱਤੀ ਸੀ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਲਾਲ ਕਿਲੇ ਤੋਂ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਆਖਣਾ ਸੀ ਕਿ ਇਸ ਨਾਲ ਅਸੀਂ ਧਰਤੀ ਦੀ ਕੁੱਖ ਵਿਚ ਜ਼ਹਿਰ ਪਾ ਰਹੇ ਹਾਂ ਪਰ ਇਸ ਦੇ ਨਾਲ ਇਕ ਹੋਰ ਵੀ ਸੱਚਾਈ ਹੈ ਕਿ ਰਸਾਇਣਿਕ ਖਾਦਾਂ ਉੱਤੇ ਸਰਕਾਰ ਵੱਲੋਂ ਰਿਆਇਤ ਦਿੱਤੀ ਜਾਂਦੀ ਹੈ ਤੇ ਖਾਦਾਂ ਦੀ ਵਰਤੋਂ ਬੰਦ ਹੋਣ ਨਾਲ ਸਰਕਾਰ ਨੂੰ ਚੋਖੀ ਬਚਤ ਹੋਵੇਗੀ।

ਕਿਹੋ ਜਿਹਾ ਹੋਵੇ ਮੇਲੇ ਦਾ ਸਰੂਪ?

ਖੇਤੀ ਵਿਗਿਆਨੀਆਂ ਲਈ ਵੱਡੀ ਚੁਣੌਤੀ ਹੈ।ਕਿ ਉਨ੍ਹਾਂ ਨੂੰ ਰਸਾਇਣਕ ਖਾਦਾਂ ਦਾ ਬਦਲ ਲੱਭਣਾ ਪਵੇਗਾ। ਇਸ ਵਾਰ ਕਿਸਾਨ ਮੇਲੇ ਵਿਚ ਇਹ ਦਰਸਾਉਣ ਦਾ ਯਤਨ ਕੀਤਾ ਜਾਵੇ ਕਿ ਯੂਨੀਵਰਸਿਟੀ ਵੱਲੋਂ ਕੁਦਰਤੀ ਖੇਤੀ ਸਬੰਧੀ ਕਿਹੜੀ ਖੋਜ ਕੀਤੀ ਜਾ ਰਹੀ ਹੈ। ਬਿਨਾਂ ਰਸਾਇਣਾਂ ਦੀ ਵਰਤੋਂ ਤਿਆਰ ਕੀਤੀ ਫ਼ਸਲ ਕਿਸਾਨਾਂ ਨੂੰ ਵਿਖਾਈ ਜਾਵੇ ਤੇ ਇਸ ਲਈ ਖੇਤੀ ਸਿਫ਼ਾਰਸਾਂ ਦਾ ਪ੍ਰਦਰਸ਼ਨ ਕੀਤਾ ਜਾਵੇ। ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਜੈਵਿਕ ਖਾਦਾਂ ਤੇ ਇਸ ਪਾਸੇ ਹੋ ਰਹੀ ਖੋਜ ਦਾ ਇਕ ਵੱਖਰਾ ਸਟਾਲ ਲਗਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਇਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ।।ਅਜਿਹੇ ਫ਼ਸਲੀ ਚੱਕਰਾਂ ਬਾਰੇ ਵੀ ਦੱਸਿਆ ਜਾਵੇ ਜਿਨ੍ਹਾਂ ਨਾਲ ਧਰਤੀ ਦੀ ਸਿਹਤ ਬਰਕਰਾਰ ਰੱਖੀ ਜਾ ਸਕਦੀ ਹੈ।।ਫ਼ਸਲਾਂ ਵਿਚ ਕੀੜੇ ਤੇ ਬਿਮਾਰੀਆਂ ਨੂੰ ਕਾਬੂ ਕਰਨ ਲਈ ਰਸਾਇਣਾਂ ਦੀ ਵਰਤੋਂ ਬਗ਼ੈਰ ਦੂਜੇ ਢੰਗ ਤਰੀਕਿਆਂ ਬਾਰੇ ਵੀ ਪ੍ਰਮੁੱਖ ਤੌਰ 'ਤੇ ਜਾਣਕਾਰੀ ਦੇਣ ਦੀ ਲੋੜ ਹੈ। ਕੀੜੇ ਤੇ ਬਿਮਾਰੀਆਂ ਉੱਤੇ ਕਾਬੂ ਪਾਉਣ ਲਈ ਜੈਵਿਕ ਢੰਗਾਂ ਸਬੰਧੀ ਹੋ ਰਹੀ ਖੋਜ ਦਾ ਪ੍ਰਦਰਸ਼ਨ ਵੀ ਜਰੂਰੀ ਹੈ।।ਇਹ ਜਾਣਕਾਰੀਆਂ ਮੇਲੇ ਦਾ ਮੁੱਖ ਆਕਰਸ਼ਣ ਹੋਣੀਆਂ ਚਾਹੀਦੀਆਂ ਹਨ।।ਰਵਾਇਤੀ ਨੁਮਾਇਸ਼ਾਂ ਦੀ ਥਾਂ ਇਨ੍ਹਾਂ ਨਵੇਂ ਢੰਗ ਤਰੀਕਿਆਂ ਨੂੰ ਪ੍ਰਦਰਸ਼ਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਇਨ੍ਹਾਂ ਨੂੰ ਇਸ ਢੰਗ ਨਾਲ ਪ੍ਰਦਰਸ਼ਿਤ ਕੀਤਾ ਜਾਵੇ ਕਿ ਕਿਸਾਨ ਇਨ੍ਹਾਂ ਨੂੰ ਵੇਖਣ ਲਈ ਆਕਰਸ਼ਿਤ ਹੋਣ। ਸਮੇਂ ਦੇ ਨਾਲ ਤੇ ਮੌਕੇ ਦੀਆਂ ਲੋੜਾਂ ਅਨੁਸਾਰ ਕਿਸਾਨ ਮੇਲੇ 'ਚ ਤਬਦੀਲੀਆਂ ਦੀ ਲੋੜ ਹੈ।।ਪੰਜਾਬ ਦੀ ਖੇਤੀ ਨੂੰ ਨਵੀਂ ਸੇਧ ਕੇਵਲ ਯੂਨੀਵਰਸਿਟੀ ਦੇ ਵਿਗਿਆਨੀ ਹੀ ਦੇ ਸਕਦੇ ਹਨ ਤੇ ਉਹ ਇਸ ਪਾਸੇ ਯਤਨ ਵੀ ਕਰ ਰਹੇ ਹਨ। ਕਿਸਾਨ ਮੇਲੇ ਅਜੇਹਾ ਵਸੀਲਾ ਹਨ, ਜਿੱਥੇ ਨਵੇਂ ਗਿਆਨ ਨੂੰ ਕਿਸਾਨਾਂ ਤਕ ਵਧੀਆ ਢੰਗ ਨਾਲ ਪਹੁੰਚਾਇਆ ਜਾ ਸਕਦਾ ਹੈ। ਰਵਾਇਤੀ ਪ੍ਰੋਗਰਾਮ ਜਰੂਰ ਹੋਣ ਪਰ ਇਕ ਵੱਖਰਾ ਹਿੱਸਾ ਨਵੀਆਂ ਖੋਜਾਂ ਦੇ ਪ੍ਰਦਰਸ਼ਨ ਲਈ ਜਰੂਰ ਰਾਖਵਾਂ ਰੱਖਿਆ ਜਾਵੇ।

ਪੀਏਯੂ ਦਾ ਕਿਸਾਨ ਮੇਲਾ 21 ਨੂੰ

ਇਸ ਵਰ੍ਹੇ ਪੀਏਯੂ ਲੁਧਿਆਣਾ ਦਾ ਮੁੱਖ ਮੇਲਾ 21-22 ਸਤੰਬਰ ਨੂੰ, ਰੌਣੀ ਵਿਖੇ 13 ਸਤੰਬਰ, ਗੁਰਦਾਸਪੁਰ ਤੇ ਫ਼ਰੀਦਕੋਟ 17 ਸਤੰਬਰ, ਬਠਿੰਡੇ 26 ਸਤੰਬਰ ਅਤੇ ਬੁੱਲੋਵਾਲ ਸੌਂਖੜੀ ਤੇ ਜਹਾਂਗੀਰ ਨਾਗਕਲਾਂ ਦਾ ਮੇਲਾ 10 ਸਤੰਬਰ ਨੂੰ ਹੋਵੇਗਾ।।ਪੰਜਾਬ ਦਾ ਸ਼ਾਇਦ ਹੀ ਕੋਈ ਕਿਸਾਨ ਹੋਵੇ ਜਿਹੜਾ ਇਨ੍ਹਾਂ ਮੇਲਿਆਂ 'ਚ ਨਾ ਆਇਆ ਹੋਵੇ। ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੇ ਬੀਜ ਸਾਰੇ ਕਿਸਾਨਾਂ ਨੇ ਇਸੇ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੇ ਹਨ। ਕਿਸਾਨ ਮੇਲੇ ਵਿਚ ਉਹ ਨਵੇਂ ਬੀਜ ਹੀ ਨਹੀਂ ਖ਼ਰੀਦਦੇ ਸਗੋਂ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਕਿਤਾਬਾਂ ਵੀ ਖ਼ਰੀਦਦੇ ਤੇ ਪੜ੍ਹਦੇ ਹਨ।।ਪਹਿਲੇ ਕਿਸਾਨ ਮੇਲੇ ਵਿਚ ਡਾ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਆਪਣੀਆਂ ਕਿਤਾਬਾਂ ਦਾ ਸਟਾਲ ਲਗਾਉਣ ਲਈ ਉਚੇਚੇ ਤੌਰ 'ਤੇ ਬੁਲਾਇਆ ਗਿਆ ਸੀ। ਲੁਧਿਆਣੇ ਦੇ ਹਾੜੀ ਸਾਉਣੀ ਦੇ ਮੇਲਿਆਂ ਵਿਚ ਲਗਪਗ ਦੋ ਲੱਖ ਕਿਸਾਨ ਆਉਂਦੇ ਹਨ। ਜੇ ਸਾਰੇ ਮੇਲਿਆਂ ਤੇ ਖੇਤ ਦਿਵਸਾਂ ਦੇ ਅੰਕੜਿਆਂ ਨੂੰ ਜੋੜਿਆ ਜਾਵੇ ਤਾਂ ਘੱਟੋ ਘੱਟ ਹਰ ਵਰ੍ਹੇ ਦਸ ਲੱਖ ਕਿਸਾਨ ਯੂਨੀਵਰਸਿਟੀ ਦੇ ਸੰਪਰਕ 'ਚ ਆਉਂਦੇ ਹਨ। ਸੰਸਾਰ 'ਚ ਸ਼ਾਇਦ ਹੀ ਕੋਈ ਹੋਰ ਸੰਸਥਾ ਹੋਵੇਜਿਸ ਦੇ ਕਿਸਾਨਾਂ ਨਾਲ ਇੰਨੇ ਨੇੜਲੇ ਸਬੰਧ ਹੋਣ। ਇਸ ਕਰਕੇ ਇਸ ਯੂਨੀਵਰਸਿਟੀ ਨੂੰ ਦੇਸ਼ ਦੀ ਸਭ ਤੋਂ ਉੱਤਮ ਖੇਤੀ ਯੂਨੀਵਰਸਿਟੀ ਮੰਨਿਆ ਜਾਂਦਾ ਹੈ। ਯੂਨੀਵਰਸਿਟੀ ਨੇ ਨਵੇਂ ਗਿਆਨ ਦੀ ਕੇਵਲ ਸਿਰਜਣਾ ਹੀ ਨਹੀਂ ਕੀਤੀ ਸਗੋਂ ਇਹ ਪ੍ਰਪੱਕ ਕੀਤਾ ਕਿ ਇਸ ਨੂੰ ਸਬੰਧਤ ਵਿਅਕਤੀਆਂ (ਕਿਸਾਨਾਂ) ਤਕ ਪਹੁੰਚਾਇਆ ਜਾਵੇ ਤੇ ਉਨ੍ਹਾਂ ਨੂੰ ਵਿਗਿਆਨਕ ਲੀਹਾਂ ਨੂੰ ਅਪਨਾਉਣ ਲਈ ਉਤਸਾਹਿਤ ਕੀਤਾ ਜਾਵੇ।

ਖੇਤੀ ਆਮਦਨ 'ਚ ਵਾਧੇ ਦੀ ਲੋੜ

ਕਿਸਾਨਾਂ ਨੂੰ ਚਾਹੀਦਾ ਹੈ ਕਿ ਮੇਲਿਆਂ ਵਿਚ ਉਹ ਸਿਰਫ਼ ਬੀਜ ਖ਼ਰੀਦ ਕੇ ਹੀ ਵਾਪਸੀ ਨਾ ਕਰਨ ਸਗੋਂ ਸਾਰੀਆਂ ਪ੍ਰਦਰਸ਼ਨੀਆਂ ਨੂੰ ਗਹੁ ਨਾਲ ਵੇਖਣ। ਉਹ ਆਪਣੀਆਂ ਸਮੱਸਿਆਵਾਂ ਨੂੰ ਲਿਖ ਕੇ ਲਿਆਉਣ ਤੇ ਮਾਹਿਰ ਨਾਲ ਖੁਲ੍ਹ ਕੇ ਵਿਚਾਰ ਵਟਾਂਦਰਾ ਕਰਨ।।ਮੇਲੇ ਵਿਚ ਕਿੱਥੇ ਕੀ ਹੈ, ਇਹ ਦਰਸਾਉਂਦੇ ਚਾਰਟ ਮੁੱਖ ਥਾਵਾਂ 'ਤੇ ਲਗਾਏ ਜਾਣ। ਹੁਣ ਤਕ ਸਾਡਾ ਸਾਰਾ ਜ਼ੋਰ ਉਪਜ ਵਿਚ ਵਾਧੇ ਵੱਲ ਸੀ ਪਰ ਹੁਣ ਮੌਕਾ ਆ ਗਿਆ ਹੈ ਕਿ ਸਾਡਾ ਮੁੱਖ ਮੰਤਵ ਕਿਸਾਨਾਂ ਦੀ ਆਮਦਨ 'ਚ ਵਾਧਾ ਕਰਨਾ ਤੇ ਰਸਾਇਣਾਂ ਦੀ ਵਰਤੋਂ ਨੂੰ ਘੱਟ ਕਰਨਾ ਹੈ। ਬਹੁਗਿਣਤੀ ਕਿਸਾਨ ਕਰਜ਼ੇ ਦੀ ਦਲਦਲ 'ਚ ਫਸੇ ਹੋਏ ਹਨ। ਅਜਿਹੇ ਪੈਕੇਜ਼ ਤਿਆਰ ਕੀਤੇ ਜਾਣ ਦੀ ਲੋੜ ਹੈ, ਜਿਨ੍ਹਾਂ ਨੂੰ ਅਪਣਾ ਕੇ ਛੋਟੇ ਤੇ ਸੀਮਾਂਤੀ ਕਿਸਾਨ ਆਪਣੀ ਆਮਦਨ 'ਚ ਵਾਧਾ ਕਰ ਸਕਣ। ਯੂਨੀਵਰਸਿਟੀ ਵਲੋਂ ਇਸ ਮੇਲੇ ਦੌਰਾਨ ਕਿਸਾਨਾਂ ਦੀ ਝੋਲੀ 'ਚ ਨਵਾਂ ਗਿਆਨ ਪਾਉਣ ਦਾ ਪੂਰਾ ਯਤਨ ਕੀਤਾ ਜਾਵੇਗਾ। ਯੂਨੀਵਰਸਿਟੀ ਵੱਲੋਂ ਇਕ ਨਵੀਂ ਪੁਸਤਕ 'ਖੇਤੀ ਵਿਕਾਸ ਦੇ ਸਿਰਜਕ' ਛਾਪੀ ਗਈ ਹੈ,।ਇਸ ਵਿਚ 31 ਖੇਤੀ ਵਿਗਿਆਨੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਹੜੇ ਸਧਾਰਣ ਕਿਸਾਨ ਪਰਿਵਾਰਾਂ ਵਿਚੋਂ ਸਨ ਤੇ ਪਿੰਡਾਂ ਦੇ ਸਕੂਲਾਂ ਵਿਚ ਹੀ ਪੜ੍ਹੇ ਸਨ।

- ਡਾ. ਰਣਜੀਤ ਸਿੰਘ

94170-87328

Posted By: Harjinder Sodhi